ਟਰਾਂਸਪੋਰਟ ਮੰਤਰੀ ਦੇ ਡੰਡੇ ਦਾ ਡਰ: ਅਧਿਕਾਰੀਆਂ ਨੇ ਛੁੱਟੀ ਵਾਲੇ ਦਿਨ ਬੱਸ ਅੱਡੇ ’ਚ ਚਲਾਈ ਸਫ਼ਾਈ ਮੁਹਿੰਮ

10/04/2021 4:44:00 PM

ਜਲੰਧਰ (ਪੁਨੀਤ)- ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਚਾਰਜ ਸੰਭਾਲਣ ਤੋਂ ਬਾਅਦ ਇਕ ਦਿਨ ਵੀ ਆਰਾਮ ਨਾਲ ਨਹੀਂ ਬੈਠੇ। ਉਹ ਰੋਜ਼ਾਨਾ ਅਚਾਨਕ ਚੈਕਿੰਗ ਕਰਦੇ ਹੋਏ ਰਸਤੇ ਵਿਚ ਆਪਣੀ ਗੱਡੀ ਰੁਕਵਾ ਕੇ ਬੱਸ ਵਿਚ ਸਵਾਰ ਹੋ ਜਾਂਦੇ ਹਨ ਅਤੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਬਾਰੇ ਪੁੱਛਦੇ ਹਨ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿੰਦੇ ਹਨ। ਬੱਸ ਅੱਡਿਆਂ ਵਿਚ ਚੈਕਿੰਗ ਕਰਕੇ ਉਹ ਅਧਿਕਾਰੀਆਂ ਦੀ ਕਲਾਸ ਲਾਉਂਦੇ ਨਜ਼ਰ ਆ ਰਹੇ ਹਨ, ਜਿਸ ਕਾਰਨ ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਅਧਿਕਾਰੀਆਂ ਨੂੰ ਟਰਾਂਸਪੋਰਟ ਮੰਤਰੀ ਦੇ ਡੰਡੇ ਦਾ ਡਰ ਸਤਾਉਣ ਲੱਗਾ ਹੈ। ਇਸੇ ਲੜੀ ਵਿਚ ਐਤਵਾਰ ਛੁੱਟੀ ਵਾਲੇ ਦਿਨ ਰੋਡਵੇਜ਼ ਦੇ ਅਧਿਕਾਰੀ ਬੱਸ ਅੱਡੇ ਪਹੁੰਚੇ ਅਤੇ ਸਫ਼ਾਈ ਮੁਹਿੰਮ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਜਲੰਧਰ: 8 ਮਹੀਨਿਆਂ ਦੇ ਬੱਚੇ ਦੀ ਮੌਤ ਤੋਂ ਬਾਅਦ ਭਿੜੇ ਦਾਦਕੇ ਤੇ ਨਾਨਕੇ, ਮੁਰਦਾ ਘਰ ’ਚ ਕੀਤਾ ਹੰਗਾਮਾ

ਰੋਡਵੇਜ਼ ਦੇ ਜੀ. ਐੱਮ. ਪਰਮਵੀਰ ਦੀ ਅਗਵਾਈ ਵਿਚ ਏ. ਐੱਮ. ਈ. ਗੁਰਿੰਦਰ ਸਿੰਘ, ਡਬਲਿਊ. ਐੱਮ. ਗੁਰਪ੍ਰੀਤ ਸਿੰਘ, ਏ. ਸੀ. ਐੱਫ. ਕੇ. ਆਰ. ਸਿੰਘ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀਆਂ ਨੇ ਬੱਸ ਅੱਡੇ ਵਿਚ ਸਫਾਈ ਕਰਦੇ ਹੋਏ ਬੱਸ ਅੱਡੇ ਦਾ ਸੰਚਾਲਨ ਕਰਨ ਵਾਲਿਆਂ ਨੂੰ ਸਫਾਈ ਵਿਵਸਥਾ ’ਤੇ ਪੂਰਾ ਧਿਆਨ ਦੇਣ ਦੇ ਹੁਕਮ ਦਿੱਤੇ। ਜੀ. ਐੱਮ. ਪਰਮਵੀਰ ਸਿੰਘ ਨੇ ਡਿਪੂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਰੋਜ਼ਾਨਾ ਵਿਚ ਬੱਸਾਂ ਵਿਚ ਚੈਕਿੰਗ ਕਰਨ ਅਤੇ ਜੇਕਰ ਕੋਈ ਖਾਮੀਆਂ ਨਜ਼ਰ ਆਉਂਦੀਆਂ ਹਨ ਤਾਂ ਉਨ੍ਹਾਂ ਬਾਰੇ ਉਨ੍ਹਾਂ ਨੂੰ ਦੱਸਿਆ ਜਾਵੇ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ। ਜਿਸ ਤਰ੍ਹਾਂ ਟਰਾਂਸਪੋਰਟ ਮੰਤਰੀ ਰੋਜ਼ਾਨਾ ਕਿਸੇ ਨਾ ਕਿਸੇ ਬੱਸ ਅੱਡੇ ਵਿਚ ਪਹੁੰਚ ਰਹੇ ਹਨ, ਉਸ ਨਾਲ ਅਧਿਕਾਰੀਆਂ ਨੂੰ ਜਲੰਧਰ ਵਿਚ ਵੀ ਅਚਾਨਕ ਚੈਕਿੰਗ ਦਾ ਡਰ ਸਤਾ ਰਿਹਾ ਹੈ। ਇਸੇ ਕਾਰਨ ਅਧਿਕਾਰੀ ਚੌਕੰਨੇ ਹੋ ਚੁੱਕੇ ਹਨ ਅਤੇ ਛੁੱਟੀ ਵਾਲੇ ਦਿਨ ਵੀ ਕੰਮਕਾਰ ਕਰਦੇ ਨਜ਼ਰ ਆਏ।

PunjabKesari

ਦੂਜੇ ਪਾਸੇ ਅਧਿਕਾਰੀਆਂ ਵੱਲੋਂ ਯਾਤਰੀਆਂ ਦੀ ਸਹੂਲਤ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਇਸੇ ਲੜੀ ਵਿਚ ਬੀਤੇ ਦਿਨੀਂ ਜੀ. ਐੱਮ. ਵੱਲੋਂ ਬੱਸ ਅੱਡੇ ਵਿਚ ਚੈਕਿੰਗ ਕਰ ਕੇ ਕਈ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਨਿਯਮਾਂ ਦੀ ਪਾਲਣਾ ਕਰਨ ਲਈ ਹਦਾਇਤਾਂ ਜਾਰੀ ਕਰ ਕੇ ਚਿਤਾਵਨੀ ਵੀ ਦਿੱਤੀ ਸੀ। ਅਧਿਕਾਰੀਆਂ ਵੱਲੋਂ ਦੇਰ ਰਾਤ ਸੜਕਾਂ ’ਤੇ ਸਪੈਸ਼ਲ ਨਾਕਾਬੰਦੀ ਕਰ ਕੇ ਨਾਜਾਇਜ਼ ਰੂਪ ਨਾਲ ਚੱਲਣ ਵਾਲੀਆਂ ਬੱਸਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਮਾਮਲਾ: ਵਿਰੋਧ ’ਚ ਆਏ ਕਿਸਾਨਾਂ ਨੇ ਜਲੰਧਰ ਦੇ ਡੀ. ਸੀ. ਦਫ਼ਤਰ ਮੂਹਰੇ ਦਿੱਤਾ ਧਰਨਾ

ਸਫ਼ਾਈ ਤੋਂ ਬਾਅਦ ਕਈ ਥਾਵਾਂ ’ਤੇ ਨਜ਼ਰ ਆਇਆ ਕੂੜਾ-ਕਰਕਟ
ਵੇਖਣ ਵਿਚ ਆਇਆ ਕਿ ਅਧਿਕਾਰੀ ਜਦੋਂ ਸਫ਼ਾਈ ਕਰਕੇ ਚਲੇ ਗਏ, ਉਸ ਤੋਂ ਬਾਅਦ ਵੀ ਕਈ ਥਾਵਾਂ ’ਤੇ ਕੂੜਾ-ਕਰਕਟ ਆਦਿ ਖਿੱਲਰਿਆ ਹੋਇਆ ਸੀ, ਖ਼ਾਸ ਕਰਕੇ ਬੱਸਾਂ ਦੇ ਕਾਊਂਟਰਾਂ ਨੇੜੇ ਚਾਹ ਵਾਲੇ ਖ਼ਾਲੀ ਕੱਪ, ਬਿਸਕੁਟ ਅਤੇ ਚਿਪਸ ਦੇ ਰੈਪਰ ਵਧੇਰੇ ਗਿਣਤੀ ਵਿਚ ਵੇਖਣ ਨੂੰ ਮਿਲੇ। ਦੱਸਿਆ ਜਾਂਦਾ ਹੈ ਕਿ ਚਾਹ ਪੀਣ ਵਾਲੇ ਲੋਕ ਖ਼ਾਲੀ ਕੱਪ ਕੂੜੇਦਾਨ ਵਿਚ ਸੁੱਟਣ ਦੀ ਥਾਂ ’ਤੇ ਉਨ੍ਹਾਂ ਨੂੰ ਆਲੇ-ਦੁਆਲੇ ਹੀ ਸੁੱਟ ਦਿੰਦੇ ਹਨ। ਲੋੜ ਹੈ ਕਿ ਲੋਕ ਖ਼ੁਦ ਵੀ ਇਸ ਪ੍ਰਤੀ ਧਿਆਨ ਦੇਣ ਕਿਉਂਕਿ ਆਪਣੇ ਆਲੇ-ਦੁਆਲੇ ਸਫਾਈ ਰੱਖਣਾ ਸਾਡਾ ਸਭ ਦਾ ਫਰਜ਼ ਬਣਦਾ ਹੈ।

ਇਹ ਵੀ ਪੜ੍ਹੋ : ਸਿੱਧੂ ਦੀ ਨਾਰਾਜ਼ਗੀ ਬਰਕਰਾਰ, AG ਤੇ DGP ਦੀ ਨਿਯੁਕਤੀ ਨੂੰ ਲੈ ਕੇ ਮੁੜ ਕੀਤਾ ਧਮਾਕੇਦਾਰ ਟਵੀਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News