ਜਲੰਧਰ ''ਚ ਬਾਇਓ-ਮਾਈਨਿੰਗ ਪਲਾਂਟ ਦਾ ਮੰਤਰੀ ਬਲਕਾਰ ਸਿੰਘ ਜਲਦ ਕਰਨਗੇ ਉਦਘਾਟਨ

Thursday, Sep 05, 2024 - 11:58 AM (IST)

ਜਲੰਧਰ (ਖੁਰਾਣਾ)–ਸ਼ਹਿਰ ਦੇ ਮੇਨ ਡੰਪ ਵਰਿਆਣਾ ਵਿਚ ਪਏ 8 ਲੱਖ ਟਨ ਪੁਰਾਣੇ ਕੂੜੇ ਨੂੰ ਖ਼ਤਮ ਕਰਨ ਲਈ ਬਾਇਓ-ਮਾਈਨਿੰਗ ਪਲਾਂਟ ਸਮਾਰਟ ਸਿਟੀ ਦੇ ਫੰਡ ਵਿਚੋਂ ਲਗਾਇਆ ਜਾ ਰਿਹਾ ਹੈ, ਜਿਸ ਦਾ ਵਿਧੀਵਤ ਉਦਘਾਟਨ 1-2 ਦਿਨ ਬਾਅਦ ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ ਕਰਨਗੇ।
ਖ਼ਾਸ ਗੱਲ ਇਹ ਹੈ ਕਿ ਇਸ ਬਾਇਓ-ਮਾਈਨਿੰਗ ਪਲਾਂਟ ਤਕ ਆਉਣ-ਜਾਣ ਦਾ ਰਸਤਾ ਫਿਲਹਾਲ ਪਿੰਡ ਵਰਿਆਣਾ ਵੱਲੋਂ ਹੋ ਕੇ ਜਾਂਦਾ ਹੈ। ਇਹ ਰਸਤਾ ਠੀਕ ਹਾਲਤ ਵਿਚ ਨਹੀਂ ਹੈ ਅਤੇ ਘੱਟ ਚੌੜਾ ਹੈ, ਜਿਸ ਕਾਰਨ ਨਗਰ ਨਿਗਮ ਦੀਆਂ ਵੱਡੀਆਂ-ਵੱਡੀਆਂ ਗੱਡੀਆਂ ਨੂੰ ਆਉਣ-ਜਾਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਨਾਲ ਉਥੇ ਰਹਿੰਦੀ ਰਿਹਾਇਸ਼ੀ ਆਬਾਦੀ ਨੂੰ ਵੀ ਦਿੱਕਤਾਂ ਆ ਸਕਦੀਆਂ ਸਨ। ਇਸ ਨੂੰ ਲੈ ਕੇ ਫਿਲਹਾਲ ਪਿੰਡ ਵਰਿਆਣਾ ਦੇ ਲੋਕ ਵਿਰੋਧ ’ਤੇ ਉਤਰ ਆਏ ਹਨ ਅਤੇ ਬੀਤੇ ਦਿਨ ਉਨ੍ਹਾਂ ਨੇ ਸਬੰਧਤ ਨਿਗਮ ਅਧਿਕਾਰੀਆਂ ਨੂੰ ਆਪਣੇ ਰੋਸ ਤੋਂ ਜਾਣੂੰ ਕਰਵਾ ਦਿੱਤਾ। ਪਿੰਡ ਵਾਸੀਆਂ ਦਾ ਸਾਫ਼ ਕਹਿਣਾ ਹੈ ਕਿ ਬਾਇਓ-ਮਾਈਨਿੰਗ ਪਲਾਂਟ ਤਕ ਆਉਣ-ਜਾਣ ਵਾਲੀਆਂ ਗੱਡੀਆਂ ਨੂੰ ਪਿੰਡ ਦੇ ਰਸਤੇ ਤੋਂ ਆਉਣ-ਜਾਣ ਨਹੀਂ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਸਰਕਾਰ ਨੇ ਚੁੱਕਿਆ ਅਹਿਮ ਕਦਮ

ਖ਼ਾਸ ਗੱਲ ਇਹ ਹੈ ਕਿ ਅੱਜ ਤੋਂ 3-4 ਸਾਲ ਪਹਿਲਾਂ ਜਦੋਂ ਨਗਰ ਨਿਗਮ ਦੇ ਕਮਿਸ਼ਨਰ ਕਰਣੇਸ਼ ਸ਼ਰਮਾ ਸਨ ਤਾਂ ਉਦੋਂ ਵੀ 72 ਕਰੋੜ ਰੁਪਏ ਦੀ ਲਾਗਤ ਨਾਲ ਵਰਿਆਣਾ ਡੰਪ ’ਤੇ ਬਾਇਓ-ਮਾਈਨਿੰਗ ਪਲਾਂਟ ਲਗਾਉਣ ਦਾ ਪ੍ਰਾਜੈਕਟ ਤਿਆਰ ਹੋਇਆ ਸੀ। ਉਦੋਂ ਉਸ ਸਮੇਂ ਦੇ ਅਧਿਕਾਰੀਆਂ ਨੇ ਫ਼ੈਸਲਾ ਲਿਆ ਸੀ ਕਿ ਬਾਇਓ-ਮਾਈਨਿੰਗ ਪਲਾਂਟ ਤਕ ਆਉਣ-ਜਾਣ ਵਾਲੀਆਂ ਵੱਡੀਆਂ ਗੱਡੀਆਂ ਲਈ ਜਲੰਧਰ ਕੁੰਜ, ਜਲੰਧਰ ਵਿਹਾਰ ਵਰਗੀਆਂ ਕਾਲੋਨੀਆਂ ਦੇ ਰਸਤਿਆਂ ਨੂੰ ਵਰਤੋਂ ਵਿਚ ਲਿਆਂਦਾ ਜਾਵੇਗਾ। ਇਸ ਗੱਲ ਦੀ ਭਿਣਕ ਲੱਗਦੇ ਹੀ ਜਲੰਧਰ ਕੁੰਜ ਅਤੇ ਜਲੰਧਰ ਵਿਹਾਰ ਵਰਗੀਆਂ ਕਾਲੋਨੀਆਂ ਦੇ ਸੈਂਕੜੇ ਵਾਸੀ ਵੀ ਵਿਰੋਧ ’ਤੇ ਉਤਰ ਆਏ ਸਨ। ਉਦੋਂ ਲੋਕਾਂ ਦੇ ਭਾਰੀ ਵਿਰੋਧ ਨੂੰ ਦੇਖਦਿਆਂ ਨਗਰ ਨਿਗਮ ਨੇ ਆਪਣੇ ਪੈਰ ਵਾਪਸ ਖਿੱਚ ਲਏ ਸਨ ਅਤੇ ਕਈ ਹੋਰ ਕਾਰਨਾਂ ਕਾਰਨ ਉਹ ਪ੍ਰਾਜੈਕਟ ਹੀ ਰੱਦ ਹੋ ਗਿਆ ਸੀ।

ਹੁਣ ਜਿਵੇਂ ਹੀ ਪਿੰਡ ਵਾਸੀਆਂ ਅਤੇ ਕਾਲੋਨੀ ਦੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਇਥੇ ਬਾਇਓ-ਮਾਈਨਿੰਗ ਪ੍ਰਾਜੈਕਟ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਰੋਸ ਪ੍ਰਦਰਸ਼ਨਾਂ ਦੀ ਰੂਪ-ਰੇਖਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਮੰਤਰੀ ਸਾਹਿਬ ਦੇ ਉਦਘਾਟਨ ਦੇ ਸਮੇਂ ਹੀ ਲੋਕ ਆਪਣੀ ਗੱਲ ਰੱਖਣ ਲਈ ਉਥੇ ਪਹੁੰਚ ਸਕਦੇ ਹਨ, ਜਿਸ ਲਈ ਨਗਰ ਨਿਗਮ ਵੀ ਪੁਖ਼ਤਾ ਪ੍ਰਬੰਧ ਕਰਨ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਪੁਲਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਰਾਹੀਂ ਉਥੇ ਡਿਊਟੀ ਮੈਜਿਸਟਰੇਟ ਦੀ ਮੌਜੂਦਗੀ ਯਕੀਨੀ ਬਣਾਈ ਜਾ ਰਹੀ ਹੈ ਅਤੇ ਵਾਧੂ ਸੁਰੱਖਿਆ ਵਿਵਸਥਾ ਕਰਨ ਦੇ ਨਾਲ-ਨਾਲ ਮਹਿਲਾ ਪੁਲਸ ਵੀ ਬੁਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ- ਭੈਣ ਨੂੰ ਮਿਲਣ ਜਾ ਰਿਹਾ ਭਰਾ ਕਾਰ ਸਣੇ ਨਦੀ ਦੇ ਤੇਜ਼ ਵਹਾਅ 'ਚ ਰੁੜ੍ਹਿਆ, ਮਿਲੀ ਦਰਦਨਾਕ ਮੌਤ

ਪਹਿਲਾਂ ਹੀ ਨਰਕ ਭਰਿਆ ਜੀਵਨ ਜੀਅ ਰਹੇ ਹਨ ਡੰਪ ਦੇ ਆਸ-ਪਾਸ ਰਹਿਣ ਵਾਲੇ ਹਜ਼ਾਰਾਂ ਲੋਕ
ਵਰਿਆਣਾ ਡੰਪ ਨੂੰ ਬਣੇ ਲਗਭਗ 25 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ। ਅਜਿਹੇ ਵਿਚ ਉਥੇ ਲੱਗਭਗ 15 ਲੱਖ ਟਨ ਕੂੜਾ ਜਮ੍ਹਾ ਹੋਣ ਦੇ ਆਸਾਰ ਹਨ। ਇਸ ਕੂੜੇ ਤੋਂ ਉੱਠਦੀ ਬਦਬੂ ਅਤੇ ਵਾਰ-ਵਾਰ ਉਥੇ ਅੱਗ ਲੱਗਣ ਕਾਰਨ ਉਥੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਨੇ ਆਸ-ਪਾਸ ਦੇ ਇਲਾਕੇ ਨੂੰ ਪ੍ਰਭਾਵਿਤ ਕੀਤਾ ਹੈ। ਕੂੜੇ ਦਾ ਡੰਪ ਹੋਣ ਕਾਰਨ ਪੂਰੇ ਇਲਾਕੇ ਵਿਚ ਮੱਖੀਆਂ-ਮੱਛਰਾਂ ਦੀ ਵੀ ਭਰਮਾਰ ਰਹਿੰਦੀ ਹੈ। ਜਿਸ ਪਾਸੇ ਹਵਾ ਦਾ ਰੁਖ਼ ਰਹਿੰਦਾ ਹੈ, ਉਧਰ ਦੇ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ। ਡੰਪ ਤੋਂ ਉੱਠਦੀ ਬਦਬੂ ਕਾਰਨ ਪਿੰਡ ਵਰਿਆਣਾ ਦੇ ਨਾਲ-ਨਾਲ ਚੋਪੜਾ ਟਾਊਨਸ਼ਿਪ ਤਹਿਤ ਵਸੀਆਂ ਕਾਲੋਨੀਆਂ ਦੇ ਲੋਕ ਵੀ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਜੇਕਰ ਬਾਇਓ-ਮਾਈਨਿੰਗ ਪਲਾਂਟ ਤਕ ਆਉਣ-ਜਾਣ ਲਈ ਉਨ੍ਹਾਂ ਦੀ ਕਾਲੋਨੀ ਜਾਂ ਉਨ੍ਹਾਂ ਦੇ ਪਿੰਡ ਵਿਚੋਂ ਰਸਤੇ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਵਿਚ ਹੋਰ ਵਾਧਾ ਹੋਵੇਗਾ, ਇਸ ਲਈ ਨਿਗਮ ਦੂਜਾ ਰਸਤਾ ਚੁਣੇ।
ਇਹ ਵੀ ਪੜ੍ਹੋ- ਪੰਜਾਬ 'ਚ ਛਿੰਞ ਮੇਲੇ ਦੌਰਾਨ ਵੱਡਾ ਹਾਦਸਾ, ਉੱਡੇ ਵਾਹਨ ਦੇ ਪਰੱਖਚੇ, ਇਕ ਦੀ ਦਰਦਨਾਕ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


 


shivani attri

Content Editor

Related News