ਜਲੰਧਰ ''ਚ ਪ੍ਰਵਾਸੀ ਲੜਕੀ ਨੇ ਕੀਤੀ ਖ਼ੁਦਕੁਸ਼ੀ, ਫੈਕਟਰੀ ਮਾਲਕ ਦੀ ਕੋਠੀ ਦੇ ਸਰਵੈਂਟ ਰੂਮ ’ਚੋਂ ਮਿਲੀ ਲਾਸ਼
Friday, Nov 14, 2025 - 07:07 PM (IST)
ਜਲੰਧਰ (ਮਹੇਸ਼)–ਕਮਿਸ਼ਨਰੇਟ ਪੁਲਸ ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਅਧੀਨ ਪੈਂਦੀ ਗਰੋਵਰ ਕਾਲੋਨੀ ਵਿਚ 21 ਸਾਲਾ ਇਕ ਪ੍ਰਵਾਸੀ ਲੜਕੀ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ। ਮ੍ਰਿਤਕਾ ਦੀ ਪਛਾਣ ਰਾਣੋ ਦੇ ਰੂਪ ਵਿਚ ਹੋਈ ਹੈ, ਜੋਕਿ ਇਕ ਫੈਕਟਰੀ ਮਾਲਕ ਦੇ ਘਰ ਵਿਚ ਕੰਮ ਕਰਦੀ ਸੀ ਅਤੇ ਉਥੇ ਹੀ ਬਣੇ ਸਰਵੈਂਟ ਰੂਮ ਵਿਚੋਂ ਪੁਲਸ ਨੇ ਉਸ ਦੀ ਲਾਸ਼ ਫਾਹੇ ਨਾਲ ਲਟਕਦੀ ਬਰਾਮਦ ਕੀਤੀ ਹੈ।
ਇਕ ਸੀ. ਸੀ. ਟੀ. ਵੀ. ਫੁਟੇਜ ਵੀ ਪੁਲਸ ਦੇ ਹੱਥ ਲੱਗੀ ਹੈ, ਜਿਸ ਵਿਚ ਮ੍ਰਿਤਕਾ ਰਾਣੋ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਪੌੜੀ ਚੁੱਕ ਕੇ ਲਿਜਾਂਦੀ ਵਿਖਾਈ ਦੇ ਰਹੀ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਫੈਕਟਰੀ ਮਾਲਕ ਉਨ੍ਹਾਂ ਦੀ ਬੇਟੀ ਰਾਣੋ ਨੂੰ ਪ੍ਰੇਸ਼ਾਨ ਕਰਦਾ ਸੀ ਅਤੇ ਉਸ ਨੇ ਉਸ ਨੂੰ ਜਬਰੀ ਆਪਣੇ ਘਰ ਵਿਚ ਕੈਦ ਕਰਕੇ ਰੱਖਿਆ ਹੋਇਆ ਸੀ। ਇਸੇ ਪ੍ਰੇਸ਼ਾਨੀ ਕਾਰਨ ਰਾਣੋ ਨੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਰਾਣੋ ਕੋਠੀ ਦੇ ਸਰਵੈਂਟ ਰੂਮ ਵਿਚ ਰਹਿੰਦੀ ਸੀ। ਉਹ ਕੋਠੀ ਵਿਚ ਨੌਕਰਾਣੀ ਵਜੋਂ ਪਿਛਲੇ ਡੇਢ ਸਾਲ ਤੋਂ ਕੰਮ ਕਰ ਰਹੀ ਸੀ।
ਇਹ ਵੀ ਪੜ੍ਹੋ: ਤਰਨਤਾਰਨ ਜ਼ਿਮਨੀ ਚੋਣ 'ਚ 'ਆਪ' ਦੀ ਵੱਡੀ ਜਿੱਤ 'ਤੇ ਧਾਲੀਵਾਲ ਦਾ ਬਿਆਨ, ਵੜਿੰਗ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ

ਮ੍ਰਿਤਕਾ ਰਾਣੋ ਦੀ ਮਾਂ ਮੁਤਾਬਕ ਉਸ ਨੇ ਹੀ ਉਸ ਨੂੰ ਕੰਮ ’ਤੇ ਲੁਆਇਆ ਸੀ। ਕੁਝ ਦਿਨ ਪਹਿਲਾਂ ਉਸ ਦੀ ਬੇਟੀ ਨੇ ਉਸ ਨੂੰ ਦੱਸਿਆ ਸੀ ਕਿ ਫੈਕਟਰੀ ਮਾਲਕ ਦੀ ਕੋਠੀ ਸੁਰੱਖਿਅਤ ਨਹੀਂ ਹੈ। ਉਸ ਨੇ ਦੱਸਿਆ ਕਿ ਇਕ ਫੈਕਟਰੀ ਵਿਚ ਕੰਮ ਕਰਨ ਵਾਲਾ ਲੜਕਾ ਵੀ ਇਕ ਰਾਤ 3 ਵਜੇ ਸਰਵੈਂਟ ਰੂਮ ਵਿਚ ਦਾਖ਼ਲ ਹੋ ਗਿਆ ਸੀ। ਉਸ ਨੇ ਰਾਣੋ ਨਾਲ ਛੇੜਛਾੜ ਵੀ ਕੀਤੀ। ਇਸ ਸਬੰਧੀ ਕੋਠੀ ਦੇ ਮਾਲਕ ਨੇ ਇਸ ’ਤੇ ਕੋਈ ਇਤਰਾਜ਼ ਨਹੀਂ ਜਤਾਇਆ ਅਤੇ ਨਾ ਹੀ ਰਾਣੋ ਨੂੰ ਕੋਠੀ ਵਿਚੋਂ ਬਾਹਰ ਜਾਣ ਦਿੱਤਾ। ਪੀੜਤਾ ਦੀ ਮਾਂ ਨੇ ਦੱਸਿਆ ਕਿ ਬੁੱਧਵਾਰ ਉਸ ਦੀ ਦੂਜੀ ਬੇਟੀ ਦਾ ਜਨਮ ਦਿਨ ਸੀ ਅਤੇ ਰਾਣੋ ਨੇ ਕਿਹਾ ਸੀ ਕਿ ਉਹ ਉਸ ਦੇ ਲਈ ਕੇਕ ਲੈ ਕੇ ਆਵੇਗੀ। ਮਾਂ ਨੇ ਕਿਹਾ ਕਿ ਬੁੱਧਵਾਰ ਸ਼ਾਮੀਂ 6 ਵਜੇ ਉਸ ਦੀ ਗੱਲ ਰਾਣੋ ਨਾਲ ਹੋਈ ਸੀ। ਉਸ ਦੇ ਕੁਝ ਘੰਟੇ ਬਾਅਦ ਹੀ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਬੇਟੀ ਨੇ ਖ਼ੁਦਕੁਸ਼ੀ ਕਰ ਲਈ ਹੈ। ਕੋਠੀ ਦੇ ਮਾਲਕ ਦਾ ਇਸ ਸਬੰਧੀ ਕਹਿਣਾ ਹੈ ਕਿ ਮ੍ਰਿਤਕਾ ਰਾਣੋ ਦਾ ਕਿਸੇ ਲੜਕੇ ਨਾਲ ਚੱਕਰ ਸੀ। ਬੁੱਧਵਾਰ ਨੂੰ ਵੀ ਦੋਵਾਂ ਵਿਚਕਾਰ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਰਾਣੋ ਨੇ ਆਪਣੇ ਮੋਬਾਇਲ ਫੋਨ ਦਾ ਸਿਮ ਵੀ ਕੱਢ ਕੇ ਤੋੜ ਦਿੱਤਾ ਸੀ।

ਇਹ ਵੀ ਪੜ੍ਹੋ: ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਨੇ ਕੀਤਾ ਹੈਰਾਨ, ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ
ਥਾਣਾ ਬਸਤੀ ਬਾਵਾ ਖੇਲ ਰੋਡ ’ਤੇ ਪ੍ਰਵਾਸੀਆਂ ਨੇ ਲਾਇਆ ਧਰਨਾ, ਐਕਟਿਵਾ ਸਵਾਰ ਪੰਜਾਬੀ ਲੜਕੀ ਨੇ ਰੋਡ ਜਾਮ ਕਰਨ ਦਾ ਕੀਤਾ ਵਿਰੋਧ
ਗਰੋਵਰ ਕਾਲੋਨੀ ਵਿਚ ਖੁਦਕੁਸ਼ੀ ਕਰਨ ਵਾਲੀ ਲੜਕੀ ਰਾਣੋ ਦੀ ਮਾਂ ਨੇ ਆਪਣੇ ਬੇਟੀ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਹੋਰਨਾਂ ਪ੍ਰਵਾਸੀਆਂ ਨੂੰ ਨਾਲ ਲੈ ਕੇ ਥਾਣਾ ਬਸਤੀ ਬਾਵਾ ਖੇਲ ਰੋਡ ’ਤੇ ਧਰਨਾ ਲਾ ਦਿੱਤਾ ਅਤੇ ਫੈਕਟਰੀ ਦੇ ਮਾਲਕ ’ਤੇ ਦੋਸ਼ ਲਾਇਆ ਕਿ ਉਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਦੀ ਬੇਟੀ ਨੇ ਆਪਣੀ ਜੀਵਨ-ਲੀਲਾ ਸਮਾਪਤ ਕੀਤੀ ਹੈ। ਉਸ ਨੇ ਕਿਹਾ ਕਿ ਫੈਕਟਰੀ ਦੇ ਮਾਲਕ ’ਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਸ ਦੇ ਬਾਅਦ ਹੀ ਉਹ ਆਪਣੀ ਬੇਟੀ ਦਾ ਪੋਸਟਮਾਰਟਮ ਹੋਣ ਦੇਣਗੇ। ਪ੍ਰਵਾਸੀਆਂ ਵੱਲੋਂ ਲਾਏ ਗਏ ਇਸ ਧਰਨੇ ਦੌਰਾਨ ਕੁਝ ਸਮੇਂ ਲਈ ਉਥੇ ਜਾਮ ਵੀ ਲੱਗਾ ਰਿਹਾ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ। ਇਸ ਦੌਰਾਨ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਸੀ। ਕਾਫੀ ਸਮੇਂ ਤਕ ਇਹ ਧਰਨਾ ਜਾਰੀ ਰਿਹਾ ਅਤੇ ਪ੍ਰਵਾਸੀ ਇਨਸਾਫ ਲਈ ਪ੍ਰਦਰਸ਼ਨ ਕਰਦੇ ਰਹੇ। ਰੋਡ ਜਾਮ ਕੀਤੇ ਜਾਣ ਦਾ ਉਥੋਂ ਲੰਘ ਰਹੀ ਐਕਟਿਵਾ ਸਵਾਰ ਇਕ ਪੰਜਾਬੀ ਲੜਕੀ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਇਸ ਦੌਰਾਨ ਪੰਜਾਬੀ ਲੜਕੀ ਅਤੇ ਪ੍ਰਵਾਸੀਆਂ ਵਿਚਕਾਰ ਕਾਫੀ ਬਹਿਸਬਾਜ਼ੀ ਵੀ ਹੋਈ ਅਤੇ ਮਾਹੌਲ ਜ਼ਿਆਦਾ ਖ਼ਰਾਬ ਹੋਣ ਦੀ ਵੀ ਨੌਬਤ ਆ ਗਈ ਸੀ ਪਰ ਕੁਝ ਲੋਕਾਂ ਅਤੇ ਪੁਲਸ ਨੇ ਵਿਚਾਲੇ ਪੈ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ।

ਇਹ ਵੀ ਪੜ੍ਹੋ: ਜਲੰਧਰ ਦੇ ਜਿਊਲਰੀ ਸ਼ਾਪ ਡਕੈਤੀ ਮਾਮਲੇ 'ਚ ਖੁੱਲ੍ਹੇ ਹੋਰ ਵੱਡੇ ਰਾਜ਼! ਮੋਬਾਇਲ ਦੁਕਾਨ ਮਾਲਕ ਦਾ ਨਾਂ ਆਇਆ ਸਾਹਮਣੇ
ਰਾਣੋ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਜੈਇੰਦਰ ਸਿੰਘ ਨੇ ਕਿਹਾ ਕਿ ਮ੍ਰਿਤਕਾ ਰਾਣੋ ਦੀ ਲਾਸ਼ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਗਈ ਹੈ ਅਤੇ ਸ਼ੁੱਕਰਵਾਰ ਨੂੰ ਬਣਦੀ ਕਾਰਵਾਈ ਕਰਦੇ ਹੋਏ ਉਸ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਐੱਸ. ਐੱਚ. ਓ. ਜੈਇੰਦਰ ਸਿੰਘ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿ ਦੋਵਾਂ ਧਿਰਾਂ ਵਿਚਕਾਰ ਰਾਜ਼ੀਨਾਮਾ ਹੋ ਗਿਆ, ਜਿਸ ਕਾਰਨ ਉਨ੍ਹਾਂ ਕੋਈ ਵੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਨਾਂਹ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੁਲਸ ਨੇ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਸਨ।
ਇਹ ਵੀ ਪੜ੍ਹੋ: ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜੇ: 9 ਉਮੀਦਵਾਰਾਂ ਤੋਂ ਜਿੱਤ ਗਿਆ 'ਨੋਟਾ', ਜਾਣੋ ਕਿੰਨੀਆਂ ਪਈਆਂ ਵੋਟਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
