ਸਿੱਖਿਆ ਮੰਤਰੀ ਵਲੋਂ ਮਾਣ ਭੱਤਾ ਦੇਣ ਦਾ ਵਾਅਦਾ ਵਫਾ ਨਾ ਹੋਣ 'ਤੇ ਭੇਜਿਆ ਯਾਦ ਪੱਤਰ

Monday, Jun 08, 2020 - 04:22 PM (IST)

ਸਿੱਖਿਆ ਮੰਤਰੀ ਵਲੋਂ ਮਾਣ ਭੱਤਾ ਦੇਣ ਦਾ ਵਾਅਦਾ ਵਫਾ ਨਾ ਹੋਣ 'ਤੇ ਭੇਜਿਆ ਯਾਦ ਪੱਤਰ

ਗੁਰਾਇਆ( ਮੁਨੀਸ਼ ਬਾਵਾ) - ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੇ ਕੁਮਾਰ ਸਿੰਗਲਾ ਨੇ ਆਪਣੇ ਦਫ਼ਤਰ ਚੰਡੀਗੜ੍ਹ ਵਿਖੇ ਮਿੱਡ ਡੇ-ਮੀਲ ਵਰਕਰਜ਼ ਯੂਨੀਅਨ ਦੇ ਆਗੂਆਂ ਨਾਲ਼ ਮੰਗਾਂ ਸਬੰਧੀ ਮੀਟਿੰਗ ਕਰਦਿਆਂ ਪੁਰਜੋਰ ਵਾਅਦਾ ਕੀਤਾ ਸੀ ਕਿ ਅਪ੍ਰੈਲ 2020 ਤੋਂ ਮਾਣ ਭੱਤਾ ਹਰ ਹਾਲ ਵਿਚ 3000/ ਰੁਪਏ ਮਹੀਨਾ ਦਿੱਤਾ ਜਾਵੇਗਾ। ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਵਾਅਦਾ ਜੂਨ ਤੱਕ ਵੀ ਵਫਾ ਨਹੀਂ ਹੋਇਆ। ਸਿੱਖਿਆ ਮੰਤਰੀ ਪੰਜਾਬ ਵਲੋਂ ਕੀਤਾ ਵਾਅਦਾ ਵਫ਼ਾ ਨਾ ਹੋਣ ਦਾ ਗੰਭੀਰਤਾ ਨਾਲ ਨੋਟਿਸ ਲੈਂਦਿਆਂ ਮਿੱਡ ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਪੰਜਾਬ ਨੂੰ ਕੀਤਾ ਵਾਅਦਾ ਯਾਦ ਕਰਵਾਉਣ ਲਈ  01 ਜੂਨ ਤੋਂ  15 ਜੂਨ ਤੱਕ ਰੋਸ ਪੰਦਰਵਾੜਾ ਮਨਾਉਂਦੇ ਹੋਏ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮੰਗਾਂ ਸਬੰਧੀ ਯਾਦ ਪੱਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਭੇਜ ਕੇ ਸੰਘਰਸ਼ ਨੂੰ ਦਬਾਰਾ ਸ਼ੁਰੂ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ਅਨੁਸਾਰ ਅੱਜ ਸਿੱਖਿਆ ਬਲਾਕ ਗੁਰਾਇਆ 1ਅਤੇ 2 ਦੀਆਂ ਮਿੱਡ ਡੇ-ਮੀਲ ਵਰਕਰਾਂ ਨੇ ਕੁਲਦੀਪ ਕੌਰ ਰੁੜਕਾ ਅਤੇ ਸੁਖਵਿੰਦਰ ਕੌਰ ਸਰਹਾਲ ਮੁੰਡੀ ਦੀ ਅਗਵਾਈ ਵਿੱਚ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਾਇਆ ਵਿਖੇ ਇਕੱਠੇ ਹੋ ਕੇ ਜੋਰਦਾਰ ਢੰਗ ਨਾਲ਼ ਨਾਅਰੇ ਬਾਜ਼ੀ ਕਰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਾਇਆ ਰਾਹੀਂ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੇ ਕੁਮਾਰ ਸਿੰਗਲਾ ਦੇ ਨਾਂ ਤੇ ਮੰਗਾਂ ਸਬੰਧੀ ਯਾਦ ਪੱਤਰ ਭੇਜ ਕੇ ਮੰਨੀਆ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ।

ਇਸ ਸਮੇਂ ਮਿੱਡ ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਮੁੱਖ ਸਲਾਹਕਾਰ ਅਤੇ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਲੰਬੇ ਸਮੇਂ ਦੇ ਸੰਘਰਸ਼ ਤੋਂ ਬਾਅਦ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੇ ਕੁਮਾਰ ਸਿੰਗਲਾ ਨੇ 07 ਜਨਵਰੀ 2020 ਨੂੰ ਆਪਣੇ ਦਫ਼ਤਰ ਚੰਡੀਗੜ੍ਹ ਵਿਖੇ ਮਿੱਡ ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀਆਂ  ਆਗੂਆਂ ਨਾਲ਼ ਮੀਟਿੰਗ ਕਰਦਿਆਂ ਵਾਅਦਾ ਕੀਤਾ ਸੀ ਕਿ ਅਪ੍ਰੈਲ 2020 ਤੋਂ ਹਰ ਹਾਲ ਵਿਚ ਮਿੱਡ ਡੇ-ਮੀਲ ਵਰਕਰਾਂ ਨੂੰ 3000/--ਰੁਪਏ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ ਕਿਉਂਕਿ ਮੁੱਖ ਮੰਤਰੀ ਪੰਜਾਬ ਵਲੋਂ ਸਹਿਮਤੀ ਦੇਣ ਉਪਰੰਤ ਫਾਈਲ ਵਿੱਤ ਵਿਭਾਗ ਪੰਜਾਬ ਨੂੰ ਭੇਜੀ ਜਾ ਚੁੱਕੀ ਹੈ। ਜੂਨ ਤੱਕ ਵੀ 3000/--ਰੁਪਏ ਮਾਣ ਭੱਤਾ ਦੇਣ ਦਾ ਪੱਤਰ ਜਾਰੀ ਨਾ ਹੋਣ ਦਾ ਗੰਭੀਰਤਾ ਨਾਲ ਨੋਟਿਸ ਲੈਂਦਿਆਂ ਮਿੱਡ ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ  ਨੂੰ ਦੋਬਾਰਾ ਹੇਠਲੇ ਪੱਧਰ ਤੋਂ ਸੰਘਰਸ਼ ਸ਼ੁਰੂ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ,ਜਿਸ ਦੀ ਸਮੁੱਚੀ ਜਿੰਮੇਵਾਰੀ ਸਿਰਫ ਤੇ ਸਿਰਫ ਸਿੱਖਿਆ ਮੰਤਰੀ ਪੰਜਾਬ ਦੇ ਸਿਰ ਆਉਂਦੀ ਹੈ ਕਿਉਂਕਿ ਉਹਨਾਂ ਨੇ ਮਾਣ ਭੱਤੇ ਵਿਚ ਵਾਧਾ ਕਰਨ ਦਾ ਪੱਤਰ ਜਾਰੀ ਕਰਕੇ ਆਪਣਾ ਕੀਤਾ ਵਾਅਦਾ ਨਹੀਂ ਨਿਭਾਇਆ। 

ਸਾਥੀ ਬਾਸੀ ਨੇ ਮਿੱਡ ਡੇ-ਮੀਲ ਵਰਕਰਾਂ ਨੂੰ ਭਵਿੱਖ ਵਿਚ ਹੋਰ ਤਿੱਖੇ ਸੰਘਰਸ਼ਾਂ ਲਈ ਤਿਆਰ-ਬਰ ਤਿਆਰ ਰਹਿਣ ਦੀ ਪੁਰਜੋਰ ਅਪੀਲ ਕੀਤੀ ਤਾਂ ਜੋ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੱਗੇ ਵਧਿਆ ਜਾ ਸਕੇ। ਵੱਖ -ਵੱਖ ਆਗੂਆਂ ਨੇ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮੰਗਾਂ ਸਬੰਧੀ ਭੇਜੇ ਯਾਦ ਪੱਤਰ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਿੱਡ ਡੇ-ਮੀਲ ਵਰਕਰਾਂ ਨੂੰ ਸਕਿੱਲਡ ਵਰਕਰ ਮੰਨਦੇ ਹੋਏ ਘੱਟੋ ਘੱਟ ਉਜਰਤ ਦੇ ਘੇਰੇ ਵਿਚ ਲਿਆਂਦਾ ਜਾਵੇ। ਜਦੋਂ ਤੱਕ ਮੰਗ ਪੱਤਰ ਦੀ ਮੰਗ ਨੰ:-01 ਲਾਗੂ ਨਹੀਂ ਹੁੰਦੀ ਉਸ ਸਮੇਂ ਤੱਕ ਗੁਆਂਢੀ ਸੂਬੇ ਹਰਿਆਣਾ ਵਾਂਗ 3500/--ਰੁਪਏ ਮਾਣ ਭੱਤਾ 12 ਮਹੀਨੇ ਦਿੱਤਾ ਜਾਵੇ ਜਾਂ 07 ਜਨਵਰੀ ਦੀ ਮੀਟਿੰਗ ਦੇ ਕੀਤੇ ਵਾਅਦੇ ਨੂੰ ਪੂਰਾ ਕਰਦੇ ਹੋਏ 3000/--ਰੁਪਏ ਮਾਣ ਭੱਤਾ ਦੇਣ ਦਾ ਪੱਤਰ ਤੁਰੰਤ ਜਾਰੀ ਕੀਤਾ ਜਾਵੇ। ਪੰਜਾਬ ਸਰਕਾਰ ਦੀਆਂ ਇਸਤਰੀ ਮੁਲਾਜ਼ਮਾਂ ਵਾਂਗ ਵਰਕਰਾਂ ਨੂੰ ਅਚਨਚੇਤ, ਮੈਡੀਕਲ, ਪਰਸੂਤਾ ਅਤੇ ਕਮਾਈ ਛੁੱਟੀ ਦਿੱਤੀ ਜਾਵੇ, ਹਰ ਸਕੂਲ ਵਿੱਚ ਘੱਟੋ ਘੱਟ ਦੋ ਵਰਕਰਾਂ ਰੱਖੀਆਂ ਜਾਣ, ਹਰ 15 ਬੱਚਿਆਂ ਪਿੱਛੇ ਇੱਕ ਵਰਕਰ ਰੱਖੀ ਜਾਵੇ। ਬਿਨਾ ਕਿਸੇ ਕਸੂਰ ਤੋਂ ਕੱਢੀਆਂ ਵਰਕਰਾਂ ਨੂੰ ਬਹਾਲ ਕੀਤਾ ਜਾਵੇ, ਹਰੇਕ ਵਰਕਰ ਨੂੰ ਸਾਲ ਦੌਰਾਨ ਠੰਡੀ ਅਤੇ ਗਰਮ ਵਰਦੀਆਂ ਦਿੱਤੀਆਂ ਜਾਣ ਅਤੇ ਪਛਾਣ ਪੱਤਰ ਜਾਰੀ ਕੀਤੇ ਜਾਣ, ਹਰ ਵਰਕਰ ਦਾ 5 ਲੱਖ ਰੁਪਏ ਦਾ ਮੁਫ਼ਤ ਬੀਮਾ ਕੀਤਾ ਜਾਵੇ, ਹਰ ਵਰਕਰ ਦੀ ਸੇਵਾ ਪੱਤਰੀ ਲਗਾਈ ਜਾਵੇ ਅਤੇ ਸੀ.ਪੀ.ਐੱਫ.ਕੱਟਿਆ ਜਾਵੇ,ਮਿੱਡ-ਡੇ-ਮੀਲ ਤੋਂ ਬਿਨਾਂ ਹੋਰ ਜ਼ਬਰੀ ਕੰਮ ਲੈਣੇ ਬੰਦ ਕੀਤੇ ਜਾਣ,ਸਕੂਲ ਵਿਚ ਬੱਚੇ ਘਟਣ ਤੇ ਮਿੱਡ ਡੇ-ਮੀਲ ਵਰਕਰਾਂ ਦੀ ਛਾਂਟੀ ਨਾ ਕੀਤੀ ਜਾਵੇ, ਗੈਸ ਸਿਲੰਡਰ ਗੈਸ ਏਜੰਸੀਆਂ ਵਲੋਂ ਸਿੱਧੇ ਤੌਰ 'ਤੇ ਹਰ ਸਕੂਲ ਵਿਚ ਪੁੱਜਦੇ ਕੀਤੇ ਜਾਣ ਆਦਿ ਮੰਗਾਂ ਨੂੰ ਮੰਨਵਾਉਣ ਅਤੇ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮਿੱਡ ਡੇ-ਮੀਲ ਵਰਕਰਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਕੁਲਦੀਪ ਕੌਰ ਰੁੜਕਾ, ਸੁਖਵਿੰਦਰ ਕੌਰ ਸਰਹਾਲ ਮੁੰਡੀ,ਸਵੀਟੀ, ਨੀਲਮ,ਦਲਵੀਰ ਕੌਰ, ਮਨਜੀਤ ਕੌਰ, ਬੰਸੋ,ਰਣਜੀਤ, ਅਮਰਜੀਤ ਕੌਰ, ਸਿਮਰਨਜੀਤ ਕੌਰ, ਕਸ਼ਮੀਰ ਕੌਰ ਢੇਸੀ,ਦਰਸ਼ਨਾਂ,ਕੁਲਵਿੰਦਰ ਕੌਰ, ਜਸਵੀਰ ਕੌਰ, ਬਲਜਿੰਦਰ ਕੌਰ, ਨਰਿੰਦਰ ਕੁਮਾਰੀ, ਜਸਵੀਰ ਕੌਰ, ਅਨੂ,ਪਰਵੀਨ ਕੌਰ, ਸੱਤਿਆ ,ਜਸਵਿੰਦਰ ਕੌਰ,ਆਸ਼ਾ ਰਾਣੀ, ਕਿਰਨਾ ਦੇਵੀ, ਬਿਮਲਾ ਆਦਿ ਮਿੱਡ ਡੇ-ਮੀਲ ਵਰਕਰਾਂ ਹਾਜ਼ਰ ਹੋਈਆਂ ਅਤੇ ਭਰਾਤਰੀ ਤੌਰ ਤੇ ਸਹਿਯੋਗ ਕਰਨ ਲਈ ਪ.ਸ.ਸ.ਫ.ਜਲੰਧਰ ਦੇ ਕੁਲਦੀਪ ਸਿੰਘ ਕੌੜਾ ਅਤੇ ਨਿਰਮੋਲਕ ਸਿੰਘ ਹੀਰਾ,ਕੁਲਵੰਤ ਰਾਮ ਰੁੜਕਾ, ਬੂਟਾ ਰਾਮ ਅਕਲਪੁਰ, ਰਣਜੀਤ ਸਿੰਘ ਅੱਟਾ,ਰਜਿੰਦਰਜੀਤ,ਹਰੀਪਾਲ  ਆਦਿ ਵੀ ਹਾਜ਼ਰ ਰਹੇ ।


author

Harinder Kaur

Content Editor

Related News