ਸੁਦਾਮਾ ਮਾਰਕੀਟ ਤੇ ਪੁਰਾਣੇ ਐੱਸ. ਐੱਸ. ਪੀ. ਆਫਿਸ ਦਾ ਮਾਮਲਾ ਸ਼ਿਕਾਇਤ ਨਿਵਾਰਣ ਕਮੇਟੀ ''ਚ ਪਹੁੰਚਿਆ

02/01/2020 11:40:47 AM

ਜਲੰਧਰ (ਖੁਰਾਣਾ)— ਸ਼ਹਿਰ ਦੀ ਹਾਲਤ ਸੁਧਾਰਣ ਲਈ ਇਕ ਵਾਰ ਫਿਰ ਮੇਅਰ ਜਗਦੀਸ਼ ਰਾਜਾ ਨੇ ਸ਼ਹਿਰ ਦੇ ਵਿਚਕਾਰ ਪੈਂਦੇ ਓਲਡ ਐੱਸ. ਐੱਸ. ਪੀ. ਆਫਿਸ ਅਤੇ ਸੁਦਾਮਾ ਮਾਰਕੀਟ ਦਾ ਰਾਗ ਅਲਾਪਿਆ ਹੈ। ਉਨ੍ਹਾਂ ਜ਼ਿਲਾ ਪ੍ਰਸ਼ਾਸਨ 'ਚ ਹੋਣ ਵਾਲੀ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ 'ਚ ਦੋਵਾਂ ਥਾਵਾਂ ਦਾ ਏਜੰਡਾ ਆਪਣੇ ਵੱਲੋਂ ਪਾਇਆ ਹੈ। ਇਸ ਏਜੰਡੇ 'ਚ ਮੇਅਰ ਨੇ ਲਿਖਿਆ ਹੈ ਕਿ ਜੀ. ਟੀ. ਰੋਡ 'ਤੇ ਪੈਂਦੇ ਓਲਡ ਐੱਸ. ਐੱਸ. ਪੀ. ਆਫਿਸ ਵਾਲੀ ਥਾਂ 'ਤੇ ਪਾਰਕਿੰਗ ਤੇ ਹੋਰ ਲੋਕ ਸਹੂਲਤਾਂ ਬਣਾਉਣ ਲਈ ਇਹ ਜਗ੍ਹਾ ਨਗਰ ਨਿਗਮ ਨੂੰ ਸੌਂਪੀ ਜਾਵੇ।

ਭਗਵਾਨ ਵਾਲਮੀਕਿ ਚੌਕ ਦੇ ਕੋਲ ਪੈਂਦੀ ਸੁਦਾਮਾ ਮਾਰਕੀਟ ਦੇ ਬਾਰੇ ਮੇਅਰ ਨੇ ਆਪਣੇ ਏਜੰਡੇ ਿਵਚ ਲਿਖਿਆ ਹੈ ਕਿ ਮਾਰਕੀਟ ਦੇ ਦੁਕਾਨਦਾਰਾਂ ਨੂੰ ਅਡਜਸਟ ਕਰਨ ਤੋਂ ਬਾਅਦ ਪਾਰਕਿੰਗ ਅਤੇ ਹੋਰ ਲੋਕ ਸਹੂਲਤਾਂ ਉਪਲਬਧ ਕਰਵਾਉਣ ਲਈ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਦੀ ਇਕ ਕਮੇਟੀ ਦਾ ਗਠਨ ਕੀਤਾ ਜਾਵੇ ਤਾਂ ਜੋ ਇਸ ਸਥਾਨ ਦੀ ਮਾਲਕੀ ਨੂੰ ਸਪੱਸ਼ਟ ਕਰ ਕੇ ਇਹ ਜਗ੍ਹਾ ਨਗਰ ਨਿਗਮ ਨੂੰ ਟਰਾਂਸਫਰ ਕੀਤੀ ਜਾਵੇ। ਮੇਅਰ ਨੇ ਪ੍ਰਸਤਾਵ ਰੱਖਿਆ ਹੈ ਕਿ ਉਕਤ ਦੋਵਾਂ ਥਾਵਾਂ ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਆਧਾਰ 'ਤੇ ਵਿਕਸਿਤ ਕੀਤਾ ਜਾ ਸਕਦਾ ਹੈ ਪਰ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਦੋਵੇਂ ਥਾਵਾਂ ਨਗਰ ਨਿਗਮ ਨੂੰ ਟਰਾਂਸਫਰ ਹੋਣ।

ਦੋ ਸਾਲ ਪਹਿਲਾਂ ਕੀਤਾ ਸੀ ਦੌਰਾ
ਖਾਸ ਗੱਲ ਇਹ ਹੈ ਕਿ ਮੇਅਰ ਜਗਦੀਸ਼ ਰਾਜਾ ਨੇ ਕਰੀਬ ਦੋ ਸਾਲ ਪਹਿਲਾਂ ਵਿਧਾਇਕ ਬੇਰੀ ਤੇ ਨਗਰ ਨਿਗਮ ਕਮਿਸ਼ਨਰ ਨੂੰ ਨਾਲ ਲੈ ਕੇ ਸੁਦਾਮਾ ਮਾਰਕੀਟ ਦਾ ਪੈਦਲ ਦੌਰਾ ਕੀਤਾ ਸੀ ਤੇ ਉਸ ਸਮੇਂ ਉਥੇ ਪ੍ਰਾਜੈਕਟ ਬਣਾਉਣ ਦੀ ਗੱਲ ਚਲਾਈ ਸੀ। ਦੋ ਸਾਲਾਂ ਦੌਰਾਨ ਇਸ ਮਾਮਲੇ ਵਿਚ ਕੋਈ ਤਰੱਕੀ ਨਹੀਂ ਹੋਈ, ਸਗੋਂ ਸੁਦਾਮਾ ਮਾਰਕੀਟ ਦੇ ਪਿੱਛੇ ਇਕ ਕਈ ਨਾਜਾਇਜ਼ ਉਸਾਰੀਆਂ ਹੋ ਗਈਆਂ। ਹੁਣ ਮੇਅਰ ਦਾ ਇਹ ਪ੍ਰਸਤਾਵ ਕਿੰਨਾ ਕੁ ਸਫਲ ਹੁੰਦਾ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ।


shivani attri

Content Editor

Related News