ਜਲੰਧਰ ਤੋਂ ਅਫ਼ਸੋਸ ਕਰਨ ਜਾ ਰਹੇ ਲੋਕਾਂ ਨਾਲ ਭਰਿਆ ਛੋਟਾ ਹਾਥੀ ਪਲਟਣ ਕਾਰਨ ਕਈ ਜ਼ਖ਼ਮੀ
Wednesday, Apr 14, 2021 - 02:53 PM (IST)
ਭੋਗਪੁਰ (ਰਾਜੇਸ਼ ਸੂਰੀ) : ਥਾਣਾ ਭੋਗਪੁਰ ਦੀ ਪੁਲਸ ਚੌਂਕੀ ਪਚਰੰਗਾ ਹੇਠ ਪੈਂਦੇ ਪਿੰਡ ਕਾਲਾ ਬੱਕਰਾ ਦੇ ਅੱਡੇ ਨੇੜੇ ਜਲੰਧਰ ਵੱਲੋਂ ਸਵਾਰੀਆਂ ਨਾਲ ਭਰਿਆ ਛੋਟਾ ਹਾਥੀ ਟੈਂਪੂ ਅਚਾਨਕ ਬੇਕਾਬੂ ਹੋ ਕੇ ਪਲਟਣ ਕਾਰਨ ਕਈ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ ਅਨੁਸਾਰ ਜਲੰਧਰ ਦੇ ਖੋਜੇਵਾਲ ਨੇੜਲੇ ਪਿੰਡ ਖਹਿਰਾ ਮਜ਼ਾ ਤੋਂ ਇਕ ਪਰਿਵਾਰ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਟਾਂਡਾ ਨੇੜੇ ਇਕ ਪਿੰਡ ਵਿੱਚ ਇੱਕ ਰਿਸ਼ਤੇਦਾਰ ਦੀ ਮੌਤ ਤੋਂ ਬਾਅਦ ਅਫ਼ਸੋਸ ਕਰਨ ਲਈ ਇਕ ਛੋਟੇ ਹਾਥੀ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਭਾਰ ਢੋਣ ਵਾਲੇ ਛੋਟੇ ਹਾਥੀ ਵਿੱਚ 16 ਦੇ ਕਰੀਬ ਲੋਕ ਸਵਾਰ ਸਨ ਜਦੋਂ ਇਹ ਛੋਟਾ ਹਾਥੀ ਟੈਂਪੂ ਕਾਲਾ ਬੱਕਰਾ ਨੇੜੇ ਪੁੱਜਾ ਤਾਂ ਅਚਾਨਕ ਬੇਕਾਬੂ ਹੋ ਗਿਆ ਅਤੇ ਸੜਕ ਵਿਚਕਾਰ ਹੀ ਪਲਟ ਗਿਆ।
ਇਹ ਵੀ ਪੜ੍ਹੋ : ਬਿਆਸ ਦਰਿਆ ’ਚ ਨਹਾਉਂਦੇ ਸਮੇਂ ਨੌਜਵਾਨ ਦੀ ਮੌਤ
ਇਸ ਟੈਂਪੂ ’ਚ ਸਵਾਰ ਔਰਤਾਂ ਅਤੇ ਆਦਮੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਪੁਲਸ ਚੌਂਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਅਤੇ ਹਾਈਵੇਅ ਪੈਟਰੋਲਿੰਗ ਗੱਡੀ ਨੰਬਰ 16 ਦੇ ਇੰਚਾਰਜ ਥਾਣੇਦਾਰ ਜੈਰਾਮ ਪੁਲਸ ਪਾਰਟੀ ਨਾਲ ਘਟਨਾ ਵਾਲੀ ਥਾਂ ’ਤੇ ਪੁੱਜੇ ਅਤੇ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸੇ ਘਟਨਾ ’ਚ ਜ਼ਖ਼ਮੀ ਟੈਂਪੂ ਡਰਾਈਵਰ ਸਰਵਣ ਸਿੰਘ, ਗੁਰਦਿਆਲ ਸਿੰਘ ਪੁੱਤਰ ਪੂਰਨ ਸਿੰਘ , ਪਵਨ ਕੁਮਾਰ ਪੁੱਤਰ ਨਿਰਮਲ ਸਿੰਘ ਗਿਆਨ ਕੌਰ ਪਤਨੀ ਇੰਦਰਜੀਤ ਨਿਰਮਲ ਕੌਰ ਪਤਨੀ ਬਲਵੀਰ ਸਿੰਘ ਦੇ ਸੱਟਾਂ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਜਲੰਧਰ ਦੇ ਇਕ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਇਸ ਹਾਦਸੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਮੰਡੀ ’ਚ ਨਹੀ ਪਹੁੰਚੀ ਇੱਕ ਵੀ ਬੋਰੀ ਤੇ ਨਾ ਪੁੱਜੇ ਅਧਿਕਾਰੀ , ਸਰਕਾਰ ਦੇ ਕਣਕ ਖ਼ਰੀਦ ਦੇ ਦਾਅਵੇ ਹੋਏ ਖੋਖਲੇ ਸਾਬਤ
ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ