ਟਰੈਵਲ ਏਜੰਟ ਨੇ ਇੰਗਲੈਂਡ ਭੇਜਣ ਦੇ ਨਾਂ ''ਤੇ ਮਾਰੀ ਲੱਖਾਂ ਦੀ ਠੱਗੀ, ਗੁੱਸੇ ''ਚ ਆਏ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ
Sunday, Jul 28, 2024 - 04:52 AM (IST)
ਸੁਲਤਾਨਪੁਰ ਲੋਧੀ (ਧੀਰ)- ਅੰਮ੍ਰਿਤਸਰ ਦੇ ਇਕ ਕਥਿਤ ਟਰੈਵਲ ਏਜੰਟ ਵਲੋਂ ਵਿਦੇਸ਼ ਭੇਜਣ ਦੇ ਨਾਂ ’ਤੇ ਕੀਤੀ 13 ਲੱਖ ਰੁਪਏ ਦੀ ਠੱਗੀ ਤੋਂ ਪੀੜਤ ਨੌਜਵਾਨ ਆਕਾਸ਼ ਗਿੱਲ ਪੁੱਤਰ ਰਣਜੀਤ ਸਿੰਘ ਵਾਸੀ ਬਿਧੀਪੁਰ ਵੱਲੋਂ ਖ਼ੌਫ਼ਨਾਕ ਕਦਮ ਚੁੱਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਕਰ ਲਏ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ ਹੈ ਤੇ ਉਹ ਇਸ ਸਮੇਂ ਜ਼ੇਰੇ ਇਲਾਜ ਹੈ।
ਸਥਾਨਕ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਆਕਾਸ਼ ਨੇ ਦੱਸਿਆ ਕਿ ਇਸੇ ਵਰ੍ਹੇ ਜਨਵਰੀ ਵਿਚ ਉਹ ਅੰਮ੍ਰਿਤਸਰ ਦੇ ਇਕ ਕਥਿਤ ਟਰੈਵਲ ਏਜੰਟ ਦੇ ਸੰਪਰਕ ਵਿੱਚ ਆਇਆ ਜਿਸ ਨੇ ਪੰਜ ਸਾਲ ਦੇ ਵਰਕ ਪਰਮਿਟ ਸਮੇਤ ਇੰਗਲੈਂਡ ਭੇਜਣ ਲਈ ਉਸ ਨਾਲ 27 ਲੱਖ ਰੁਪਏ ਵਿਚ ਗੱਲਬਾਤ ਤੈਅ ਕੀਤੀ। ਆਕਾਸ਼ ਨੇ ਦੱਸਿਆ ਕਿ ਉਹ ਅਪ੍ਰੈਲ ਤੱਕ ਉਕਤ ਏਜੰਟ ਨੂੰ 13 ਲੱਖ ਰੁਪਏ ਦੇ ਚੁੱਕਾ ਹੈ, ਜਿਸ ਵਿਚੋਂ ਲਗਭਗ ਅੱਧੇ ਪੈਸੇ ਨਕਦ ਅਤੇ ਅੱਧੇ ਉਸ ਦੇ ਖਾਤੇ ਵਿੱਚ ਪਾਏ ਹਨ।
ਉਸ ਨੇ ਅੱਗੇ ਦੱਸਿਆ ਕਿ ਏਜੰਟ ਨੇ ਉਸ ਦਾ ਮੈਡੀਕਲ ਟੈਸਟ ਵੀ ਕਰਵਾਇਆ ਅਤੇ ਅਪ੍ਰੈਲ 2024 ਵਿੱਚ ਉਸ ਨੂੰ ਦਿੱਲੀ ਫਿੰਗਰ ਸਕੈਨ ਕਰਵਾਉਣ ਲਈ ਸੱਦਿਆ, ਜਿੱਥੇ ਉਸ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਅੱਜ ਤੇਰੀ ਅਪੁਆਇੰਟਮੈਂਟ ਕੈਂਸਲ ਹੋ ਗਈ ਹੈ। ਆਕਾਸ਼ ਨੇ ਦੱਸਿਆ ਕਿ ਉਪਰੰਤ ਉਹ ਅੰਮ੍ਰਿਤਸਰ ਟਰੈਵਲ ਏਜੰਟ ਕੋਲ ਗਿਆ ਅਤੇ ਵਿਦੇਸ਼ ਜਾਣ ਤੋਂ ਇਨਕਾਰੀ ਕਰਦੇ ਹੋਏ ਆਪਣੇ ਪੈਸੇ ਵਾਪਸ ਮੰਗੇ ਜਿਸ ’ਤੇ ਏਜੰਟ ਕਹਿਣ ਲੱਗਾ ਕਿ ਪੈਸੇ ਵਾਪਸ ਨਹੀਂ ਮਿਲਣਗੇ, ਮੈਂ ਤੈਨੂੰ ਇੰਗਲੈਂਡ ਹੀ ਭੇਜਾਂਗਾ। ਇਸ ਲਈ ਮੈਨੂੰ 10-15 ਦਿਨ ਦਾ ਸਮਾਂ ਦਿਓ। ਪਰ ਇਸ ਗੱਲ ਨੂੰ ਵੀ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਟਰੈਵਲ ਏਜੰਟ ਨੇ ਨਾ ਤਾਂ ਉਸ ਦੇ ਪੈਸੇ ਵਾਪਸ ਕੀਤੇ ਹਨ ਅਤੇ ਨਾ ਹੀ ਉਸ ਦਾ ਵੀਜ਼ਾ ਲਗਵਾ ਕੇ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ ਪ੍ਰਸ਼ਾਸਨ 'ਚ ਵੱਡਾ ਫੇਰਬਦਲ, ਪੁਰੋਹਿਤ ਦੇ ਅਸਤੀਫ਼ੇ ਤੋਂ ਬਾਅਦ ਹੁਣ ਇਹ ਹੋਣਗੇ ਪੰਜਾਬ ਦੇ ਨਵੇਂ ਰਾਜਪਾਲ
ਆਪਣੇ ਪੈਸੇ ਵਾਪਸ ਲੈਣ ਲਈ ਉਸ ਨੇ ਕਰੀਬ ਡੇਢ ਮਹੀਨਾ ਟਰੈਵਲ ਏਜੰਟ ਦੇ ਅੰਮ੍ਰਿਤਸਰ ਰਣਜੀਤ ਐਵਨਿਊ ਵਿਖੇ ਸਥਿਤ ਦਫਤਰ ਵਿਖੇ ਗੇੜੇ ਮਾਰੇ ਹਨ ਜਿੱਥੇ ਉਹ ਸਾਰਾ ਸਾਰਾ ਦਿਨ ਬਹਿ ਕੇ ਵਾਪਸ ਆ ਜਾਂਦਾ ਸੀ ਪਰ ਉਸ ਦੇ ਪੈਸੇ ਉਕਤ ਟਰੈਵਲ ਏਜੰਟ ਵੱਲੋਂ ਨਹੀਂ ਮੋੜੇ ਗਏ। ਉਸ ਨੇ ਦੋਸ਼ ਲਾਇਆ ਕਿ ਇਕ ਦਿਨ ਟਰੈਵਲ ਏਜੰਟ ਨੇ ਫੋਨ ਕਰ ਕੇ ਉਸ ਦੀ ਮਾਤਾ ਨਾਲ ਵੀ ਮਾੜੀ ਸ਼ਬਦਾਵਲੀ ਵਰਤੀ। ਆਕਾਸ਼ ਨੇ ਦੱਸਿਆ ਕਿ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਕਰ ਲਿਆ। ਆਕਾਸ਼ ਨੇ ਦੱਸਿਆ ਕਿ ਉਸ ਨੇ ਅੰਮ੍ਰਿਤਸਰ ਪੁਲਸ ਨੂੰ ਕਈ ਦਰਖਾਸਤਾਂ ਦਿੱਤੀਆਂ ਅਤੇ ਉਕਤ ਪੁਲਸ ਥਾਣੇ ਦੇ ਕਈ ਚੱਕਰ ਵੀ ਕੱਢੇ ਪਰ ਪੁਲਸ ਨੇ ਉਥੇ ਉਸ ਨੂੰ ਕੋਈ ਨਿਆਂ ਨਹੀਂ ਦਿੱਤਾ।
ਅੰਤ ਵਿਚ ਉਸ ਨੇ ਮੁੱਖ ਮੰਤਰੀ ਪੰਜਾਬ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਉਸ ਦੇ ਪੈਸੇ ਉਸਨੂੰ ਵਾਪਸ ਦਿਵਾਏ ਜਾਣ ਅਤੇ ਕਥਿਤ ਟਰੈਵਲ ਏਜੰਟ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਆਕਾਸ਼ ਦੀ ਮਾਤਾ ਸੁਖਵਿੰਦਰ ਕੌਰ, ਸਰਪੰਚ ਰੇਸ਼ਮ ਸਿੰਘ ਬਿਧੀਪੁਰ, ਸਾਬਕਾ ਸਰਪੰਚ ਰਣਜੀਤ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਆਕਾਸ਼ ਨੂੰ ਨਿਆਂ ਦਿਵਾਇਆ ਜਾਵੇ ਤੇ ਉਸ ਦੇ ਪੈਸੇ ਵਾਪਸ ਦਿਵਾਏ ਜਾਣ ਤਾਂ ਜੋ ਕੋਈ ਵੀ ਭਵਿੱਖ ਵਿਚ ਅਜਿਹੀ ਹਰਕਤ ਨਾ ਕਰੇ। ਇਸ ਸੰਬੰਧ ਵਿਚ ਉਕਤ ਟਰੈਵਲ ਏਜੰਟ ਨਾਲ ਮੋਬਾਇਲ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਫੋਨ ਹੀ ਨਹੀਂ ਚੁੱਕਿਆ।
ਇਹ ਵੀ ਪੜ੍ਹੋ- ਮੁੰਡੇ ਨੂੰ 'ਲਵ ਮੈਰਿਜ' ਕਰਵਾਉਣੀ ਪਈ ਮਹਿੰਗੀ, ਕੁੜੀ ਦੇ ਪਰਿਵਾਰ ਵਾਲਿਆਂ ਨੇ ਪੈਟਰੋਲ ਪਾ ਕੇ ਫੂਕ'ਤਾ ਘਰ ਦਾ ਸਾਮਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e