ਸੱਤਾ ਕਤਲ ਮਾਮਲੇ ''ਚ ਪੁਲਸ ਨੇ ਮੁਲਜ਼ਮਾਂ ਤੋਂ ਵਾਰਦਾਤ ’ਚ ਵਰਤੇ 2 ਬੇਸਬੈਟ, ਇਕ ਲੋਹੇ ਦੀ ਰਾਡ ਕੀਤੀ ਬਰਾਮਦ
Wednesday, Feb 15, 2023 - 11:31 AM (IST)

ਜਲੰਧਰ (ਸੁਧੀਰ)–ਮਕਸੂਦਾਂ ਮੰਡੀ ਵਿਚ ਚੌਂਕੀਦਾਰ ਨੂੰ ਗੰਨ ਪੁਆਇੰਟ ’ਤੇ ਬੰਦੀ ਬਣਾ ਕੇ ਬਰਲਟਨ ਪਾਰਕ ਵਿਚ ਠੇਕੇਦਾਰ ਦਾ ਕਤਲ ਕਰਨ ਦੇ ਮਾਮਲੇ ਵਿਚ ਕਮਿਸ਼ਨਰੇਟ ਪੁਲਸ ਨੇ 3 ਮੁਲਜ਼ਮਾਂ ਨੂੰ ਹਰਿਦੁਆਰ ਜ਼ਿਲ੍ਹੇ ਦੇ ਜਵਾਲਾਪੁਰ (ਉੱਤਰਾਖੰਡ) ਤੋਂ ਕਾਬੂ ਕੀਤਾ ਹੈ। ਪੁਲਸ ਕਮਿਸ਼ਨਰ (ਸੀ. ਪੀ.) ਕੁਲਦੀਪ ਸਿੰਘ ਚਾਹਲ ਅਤੇ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਕਾਬੂ ਮੁਲਜ਼ਮਾਂ ਦੀ ਪਛਾਣ ਨਿਤਿਸ਼ ਉਰਫ਼ ਗੁੱਲੀ (20) ਪੁੱਤਰ ਸੁਨੀਲ ਕੁਮਾਰ ਨਿਵਾਸੀ ਨਿਊ ਅਮਨ ਨਗਰ, ਹਿਮਾਂਸ਼ੂ ਰਾਜਦੇਵ (22) ਪੁੱਤਰ ਪਵਨ ਕੁਮਾਰ ਨਿਵਾਸੀ ਬਸਤੀ ਸ਼ੇਖ, ਰਾਹੁਲ ਸੱਭਰਵਾਲ (26) ਪੁੱਤਰ ਰਾਕੇਸ਼ ਸੱਭਰਵਾਲ ਨਿਵਾਸੀ ਆਰੀਆ ਨਗਰ ਅਤੇ ਇਕ ਜੁਵੇਨਾਈਲ (16) ਸਾਲ ਦੇ ਰੂਪ ਵਿਚ ਹੋਈ ਹੈ। ਸੀ. ਪੀ. ਚਾਹਲ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਕੋਲੋਂ ਪੁਲਸ ਨੇ ਵਾਰਦਾਤ ਵਿਚ ਵਰਤੇ 2 ਬੇਸਬੈਟ, ਇਕ ਲੋਹੇ ਦੀ ਰਾਡ, 2 ਮੋਟਰਸਾਈਕਲ ਅਤੇ ਮ੍ਰਿਤਕ ਸਵਤੰਤਰਜੀਤ ਸਿੰਘ ਦਾ ਮੋਬਾਇਲ ਫੋਨ ਬਰਾਮਦ ਕੀਤਾ ਹੈ।
ਪ੍ਰੈੱਸ ਕਾਨਫ਼ਰੰਸ ਦੌਰਾਨ ਪੁਲਸ ਕਮਿਸ਼ਨਰ ਚਾਹਲ ਅਤੇ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ 11 ਫਰਵਰੀ ਦੀ ਰਾਤ ਨੂੰ ਪੁਲਸ ਕੰਟਰੋਲ ਰੂਮ ਵਿਚ ਇਕ ਨੌਜਵਾਨ ਦੀ ਖ਼ੂਨ ਵਿਚ ਲਥਪਥ ਲਾਸ਼ ਅਤੇ ਉਸ ਕੋਲੋਂ ਐਕਟਿਵਾ ਡਿੱਗਿਆ ਹੋਣ ਸਬੰਧੀ ਪੁਲਸ ਨੂੰ ਸੂਚਨਾ ਮਿਲੀ ਸੀ। ਮ੍ਰਿਤਕ ਨੌਜਵਾਨ ਦੇ ਸਿਰ ’ਤੇ ਕਈ ਜ਼ਖ਼ਮ ਸਨ। ਪੁਲਸ ਪਾਰਟੀ ਮੌਕੇ ’ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਭੇਜ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਜਿਮਖਾਨਾ ਕਲੱਬ ਦੀ ਮੈਨੇਜਮੈਂਟ ’ਤੇ ਕੇਸ ਦਰਜ ਕਰਨ ਵਾਲੀ ਜਲੰਧਰ ਪੁਲਸ ਨੇ ਕੁਝ ਹੀ ਘੰਟਿਆਂ ’ਚ ਲਿਆ ਯੂ-ਟਰਨ
ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਸਵਤੰਤਰਜੀਤ ਸਿੰਘ ਉਰਫ਼ ਸੱਤਾ (35) ਵਜੋਂ ਹੋਈ। ਮ੍ਰਿਤਕ ਦੇ ਪਿਤਾ ਮੋਹਨ ਸਿੰਘ (ਰਿਟਾਇਰਡ) ਕੈਪਟਨ ਪੁੱਤਰ ਸਵ. ਦਲੀਪ ਸਿੰਘ ਨਿਵਾਸੀ ਬੈਂਕ ਐਨਕਲੇਵ ਬੈਕਸਾਈਡ ਵੇਰਕਾ ਮਿਲਕ ਪਲਾਂਟ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦਾ ਬੇਟਾ ਸਵਤੰਤਰਜੀਤ ਸਿੰਘ ਮਕਸੂਦਾਂ ਮੰਡੀ ਵਿਚ ਪਾਰਕਿੰਗ ਦਾ ਠੇਕੇਦਾਰ ਸੀ। ਉਨ੍ਹਾਂ ਦੇ ਬੇਟੇ ਨੇ ਮੰਡੀ ਵਿਚ ਹੀ ਰੇਹੜੀਆਂ ਅਤੇ ਫੜ੍ਹੀਆਂ ਦੀ ਰਖਵਾਲੀ ਕਰਨ ਲਈ ਕੁਝ ਚੌਕੀਦਾਰ ਵੀ ਰੱਖੇ ਹੋਏ ਸਨ। ਉਨ੍ਹਾਂ ਦੱਸਿਆ ਕਿ ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਨਿਤਿਸ਼ ਉਰਫ਼ ਗੁੱਲੀ ਦਾ ਉਨ੍ਹਾਂ ਦੇ ਬੇਟੇ ਨਾਲ ਕੁਝ ਸਮਾਂ ਪਹਿਲਾਂ ਕਿਸੇ ਨਿੱਜੀ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਉਨ੍ਹਾਂ ਨੂੰ ਅੱਜ ਪਤਾ ਲੱਗਾ ਕਿ ਨਿਤਿਸ਼ ਨੇ ਆਪਣੇ ਸਾਥੀ ਰਾਹੁਲ ਸੱਭਰਵਾਲ ਅਤੇ ਇਨ੍ਹਾਂ ਦੇ 2 ਅਣਪਛਾਤੇ ਸਾਥੀਆਂ ਨੇ ਕੁੱਟਮਾਰ ਕਰਕੇ ਉਨ੍ਹਾਂ ਦੇ ਬੇਟੇ ਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਥਾਣਾ ਨੰਬਰ 1 ਵਿਚ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸਪੈਸ਼ਲ ਟੀਮਾਂ ਦਾ ਕੀਤਾ ਸੀ ਗਠਨ
ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਇਸ ਹੱਤਿਆਕਾਂਡ ਦੀ ਸੂਚਨਾ ਮਿਲਦੇ ਹੀ ਕਮਿਸ਼ਨਰੇਟ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਉਨ੍ਹਾਂ ਡੀ. ਸੀ. ਪੀ. (ਇਨਵੈਸਟੀਗੇਸ਼ਨ) ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ਵਿਚ ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਕੰਵਲਪ੍ਰੀਤ ਸਿੰਘ, ਏ. ਸੀ. ਪੀ. ਡੀ. ਪਰਮਜੀਤ ਸਿੰਘ, ਏ. ਸੀ. ਪੀ. ਨਾਰਥ ਦਮਨਵੀਰ ਸਿੰਘ ਅਤੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਇੰਦਰਜੀਤ ਸਿੰਘ ’ਤੇ ਆਧਾਰਿਤ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਹਰਿਦੁਆਰ ਜ਼ਿਲੇ ਦੇ ਜਵਾਲਾਪੁਰ (ਉੱਤਰਾਖੰਡ) ਵਿਚ ਲੁਕੇ ਹੋਏ ਹਨ। ਸੂਚਨਾ ਮਿਲਦੇ ਹੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸਪੈਸ਼ਲ ਟੀਮਾਂ ਨੂੰ ਉੱਤਰਾਖੰਡ ਰਵਾਨਾ ਕੀਤਾ ਗਿਆ, ਜਿਥੋਂ ਮੁਲਜ਼ਮਾਂ ਨੂੰ ਕਾਬੂ ਕਰ ਕੇ ਲਿਆਂਦਾ ਗਿਆ।
ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਦਰਜ ਹਨ ਕਈ ਮਾਮਲੇ
ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਪੁਲਸ ਜਾਂਚ ਦੌਰਾਨ ਪਤਾ ਲੱਗਾ ਕਿ ਕਾਬੂ ਮੁਲਜ਼ਮਾਂ ਵਿਚੋਂ 3 ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਫਿਲਹਾਲ ਕਮਿਸ਼ਨਰੇਟ ਪੁਲਸ ਕਾਬੂ ਕੀਤੇ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਨੌਜਵਾਨ ਕਰ ਰਿਹਾ ਸੀ ਵਿਦੇਸ਼ ਜਾਣ ਦੀ ਤਿਆਰੀ, ਕੋਰੀਅਰ ਕੰਪਨੀ ਦੀ ਇਕ ਗ਼ਲਤੀ ਨੇ ਤੋੜ ਦਿੱਤੇ ਸੁਫ਼ਨੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।