ਲੜਕੀ ਕਾਰਨ ਹੋਏ ਝਗੜੇ ''ਚ ਡਰਾਈਵਰ ਨੇ ਕੀਤਾ ਸੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ

07/20/2020 10:26:34 AM

ਜਲੰਧਰ (ਵਰੁਣ)— ਬੀਤੀ ਦਿਨੀਂ ਨੌਜਵਾਨ ਨੂੰ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਨਿਊ ਜਵਾਲਾ ਨਗਰ 'ਚ ਸੁੱਟਣ ਦਾ ਮਾਮਲਾ ਪੁਲਸ ਨੇ ਸ਼ਨੀਵਾਰ ਦੁਪਹਿਰ ਨੂੰ ਹੀ ਹੱਲ ਕਰ ਲਿਆ। ਦੇਰ ਰਾਤ ਹੀ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਪਛਾਣ ਕਰ ਲਈ ਸੀ, ਜਿਸ ਦੇ ਕੁਝ ਸਮੇਂ ਬਾਅਦ ਹੀ ਪੁਲਸ ਨੇ ਮਾਮਲਾ ਹੱਲ ਕਰਦੇ ਹੋਏ ਮ੍ਰਿਤਕ ਨੌਜਵਾਨ ਦੇ ਨਾਲ ਹੀ ਸਬਜ਼ੀ ਢੋਣ ਦਾ ਕੰਮ ਕਰਨ ਵਾਲੇ ਛੋਟਾ ਹਾਥੀ ਦੇ ਡਰਾਈਵਰ ਧਰਮਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ। ਮਰਨ ਵਾਲੇ ਨੌਜਵਾਨ ਦੀ ਪਛਾਣ ਮੁਨੀਸ਼ (30) ਪੁੱਤਰ ਸੁਭਾਸ਼ ਚੰਦਰ ਨਿਵਾਸੀ ਸ਼ਿਵ ਨਗਰ ਵਜੋਂ ਹੋਈ ਹੈ। ਮ੍ਰਿਤਕ ਕਤਲ ਦੇ ਮਾਮਲੇ 'ਚ ਜੇਲ 'ਚ ਬੰਦ ਸੀ, ਜੋਕਿ 25 ਮਈ ਨੂੰ ਹੀ ਪੈਰੋਲ 'ਤੇ ਆਇਆ ਸੀ ਅਤੇ 25 ਜੁਲਾਈ ਨੂੰ ਉਸ ਨੇ ਵਾਪਸ ਜੇਲ ਜਾਣਾ ਸੀ। ਸੂਤਰਾਂ ਦੀ ਮੰਨੀਏ ਤਾਂ ਉਹ ਧਰਮਿੰਦਰ ਨਾਂ ਦੇ ਪ੍ਰਵਾਸੀ ਨੌਜਵਾਨ ਨਾਲ ਸਬਜ਼ੀ ਦਾ ਕੰਮ ਕਰਦਾ ਸੀ। ਧਰਮਿੰਦਰ ਛੋਟਾ ਹਾਥੀ ਚਲਾਉਂਦਾ ਹੈ। ਕੁਝ ਦਿਨ ਪਹਿਲਾਂ ਮੁਨੀਸ਼ ਅਤੇ ਧਰਮਿੰਦਰ ਵਿਚਕਾਰ ਇਕ ਲੜਕੀ ਕਾਰਨ ਝਗੜਾ ਹੋਇਆ ਸੀ, ਜੋ ਲਗਾਤਾਰ ਉਲਝਦਾ ਗਿਆ। ਅਜਿਹੇ 'ਚ ਧਰਮਿੰਦਰ ਨੇ ਕਿਸੇ ਤਰ੍ਹਾਂ ਮੁਨੀਸ਼ ਨੂੰ ਗੋਦਾਮ ਵਿਚ ਬੁਲਾਇਆ, ਜਿੱਥੇ ਉਸ ਨੇ ਉਸ ਦੇ ਸਿਰ 'ਤੇ ਚਾਰ ਵਾਰ ਕੀਤੇ।

PunjabKesari


ਮੁਨੀਸ਼ ਨੂੰ ਜਾਨੋਂ ਮਾਰਨ ਲਈ ਧਰਮਿੰਦਰ ਨੇ ਉਸ ਦੀ ਗਰਦਨ ਤੇਜ਼ਧਾਰ ਹਥਿਆਰ ਨਾਲ ਰੇਤ ਦਿੱਤੀ ਅਤੇ ਕੰਬਲ 'ਚ ਲਪੇਟ ਕੇ ਉਸ ਦੀ ਲਾਸ਼ ਨੂੰ ਬੋਰੀ ਵਿਚ ਪਾ ਕੇ ਘਰ ਤੋਂ ਕੁਝ ਦੂਰ ਸੁੱਟ ਕੇ ਫਰਾਰ ਹੋ ਗਿਆ। ਪੁਲਸ ਦਾ ਮੰਨਣਾ ਹੈ ਕਿ ਇਹ ਕੰਮ ਧਰਮਿੰਦਰ ਇਕੱਲਾ ਨਹੀਂ ਕਰ ਸਕਦਾ। ਪੁਲਸ ਨੇ ਕੁਝ ਸ਼ੱਕੀ ਲੋਕਾਂ ਨੂੰ ਵੀ ਹਿਰਾਸਤ 'ਚ ਲਿਆ ਹੈ। ਦੂਜੇ ਪਾਸੇ ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਵਿਚ ਜੁਟੇ ਹਨ। ਉਨ੍ਹਾਂ ਕਿਹਾ ਕਿ ਮੁਨੀਸ਼ 17 ਜੁਲਾਈ ਨੂੰ ਘਰੋਂ ਕੰਮ 'ਤੇ ਜਾਣ ਦਾ ਕਹਿ ਕੇ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਕਤਲ ਕਰ ਦਿੱਤਾ ਗਿਆ। ਹਾਲਾਂਕਿ ਪੁਲਸ ਨੇ ਕਤਲ ਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲਸ ਦਾ ਮੰਨਣਾ ਹੈ ਕਿ ਜਲਦ ਇਸ ਕਤਲ ਕੇਸ ਨੂੰ ਹੱਲ ਕਰ ਲਿਆ ਜਾਵੇਗਾ।

ਵਿਆਹੁਤਾ ਔਰਤ ਨਾਲ ਸਨ ਮ੍ਰਿਤਕ ਦੇ ਨਾਜਾਇਜ਼ ਸੰਬੰਧ
ਸੱਤ ਸਾਲ ਪਹਿਲਾਂ ਮੁਨੀਸ਼ ਨੇ ਆਪਣੀ ਪ੍ਰੇਮਿਕਾ ਦੇ ਪਤੀ ਦਾ ਕਤਲ ਕਰ ਦਿੱਤਾ ਸੀ। ਇਸ ਸਬੰਧੀ ਪੁਲਸ ਨੇ ਮੁਨੀਸ਼ ਦੀ ਪ੍ਰੇਮਿਕਾ ਵਿਆਹੁਤਾ ਔਰਤ ਸਮੇਤ ਉਸ ਅਤੇ ਉਸ ਦੇ ਦੋਸਤ ਖਿਲਾਫ ਥਾਣੇ ਵਿਚ ਕੇਸ ਦਰਜ ਕੀਤਾ ਹੋਇਆ ਹੈ। ਥਾਣਾ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਿਸਆ ਿਕ ਮੁਨੀਸ਼ ਪਹਿਲਾਂ ਆਪਣੇ ਪਰਿਵਾਰ ਸਮੇਤ ਨਿਊ ਜਵਾਲਾ ਨਗਰ 'ਚ ਰਹਿੰਦਾ ਸੀ। ਉਸ ਦੇ ਆਪਣੇ ਗੁਆਂਢੀ ਕੁਲਦੀਪ ਸਿੰਘ ਦੀ ਪਤਨੀ ਸੋਨੀਆ ਨਾਲ ਨਾਜਾਇਜ਼ ਸਬੰਧ ਸਨ। ਇਸ ਬਾਰੇ ਸੋਨੀਆ ਦੇ ਪਤੀ ਅਤੇ ਸਹੁਰੇ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੋਵਾਂ ਨੂੰ ਸਮਝਾਇਆ ਪਰ ਉਹ ਨਹੀਂ ਸਮਝੇ। ਅਜਿਹੇ ਵਿਚ ਅਗਸਤ 2013 'ਚ ਘਰ ਦੀ ਛੱਤ 'ਤੇ ਸੋਨੀਆ ਅਤੇ ਉਸ ਦਾ ਪਤੀ ਝਗੜ ਰਹੇ ਸਨ ਕਿ ਮੁਨੀਸ਼ ਵੱਲੋਂ ਦਖਲਅੰਦਾਜ਼ੀ ਕਰਨ 'ਤੇ ਉਸ ਦਾ ਕੁਲਦੀਪ ਨਾਲ ਝਗੜਾ ਹੋ ਗਿਆ। ਉਸੇ ਰਾਤ ਮੁਨੀਸ਼ ਨੇ ਹਰਮਿੰਦਰ ਸਿੰਘ ਨਾਲ ਮਿਲ ਕੇ ਕੁਲਦੀਪ ਨੂੰ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਪੁਲਸ ਨੇ ਇਸ ਮਾਮਲੇ 'ਚ ਸੋਨੀਆ ਨੂੰ ਵੀ ਨਾਮਜ਼ਦ ਕੀਤਾ ਸੀ। ਇਸੇ ਕੇਸ 'ਚ ਮੁਨੀਸ਼ ਜੇਲ ਵਿਚ ਬੰਦ ਸੀ।


shivani attri

Content Editor

Related News