ਜਿਸ ਦੇ ਨਾਲ ਬੈਠ ਕੇ ਸ਼ਰਾਬ ਪੀਂਦਾ ਸੀ ਕਬਾੜੀਆ, ਪੁਲਸ ਨੂੰ ਉਸ ''ਤੇ ਸ਼ੱਕ

09/25/2019 12:41:36 PM

ਜਲੰਧਰ (ਜ.ਬ.)— ਫੋਕਲ ਪੁਆਇੰਟ ਦੀ ਪਾਰਕ 'ਚ ਹੋਈ ਹੱਤਿਆ ਦੇ ਮਾਮਲੇ 'ਚ ਪੁਲਸ ਨੂੰ ਕੁਝ ਇਨਪੁਟ ਮਿਲੇ ਹਨ। ਪੁਲਸ ਦੀ ਮੰਨੀਏ ਤਾਂ ਕਬਾੜ ਦਾ ਕੰਮ ਕਰਨ ਵਾਲਾ ਰਜਿੰਦਰ ਅਕਸਰ ਕਾਲੂ ਨਾਂ ਦੇ ਵਿਅਕਤੀ ਨਾਲ ਹੀ ਸ਼ਰਾਬ ਪੀਂਦਾ ਸੀ ਅਤੇ ਹੋ ਸਕਦਾ ਹੈ ਕਿ ਕਾਲੂ ਨੇ ਹੀ ਸ਼ਰਾਬ ਪੀਣ ਤੋਂ ਬਾਅਦ ਹੋਏ ਝਗੜੇ 'ਚ ਰਜਿੰਦਰ ਦਾ ਮਰਡਰ ਕਰ ਦਿੱਤਾ ਹੋਵੇ। ਰਜਿੰਦਰ ਮੇਰਠ ਦਾ ਰਹਿਣ ਵਾਲਾ ਹੈ, ਜੋ ਪਿਛਲੇ ਇਕ ਸਾਲ ਤੋਂ ਜਲੰਧਰ 'ਚ ਰਹਿ ਰਿਹਾ ਸੀ। ਏ. ਸੀ. ਪੀ. ਨਾਰਥ ਜਸਵਿੰਦਰ ਸਿੰਘ ਨੇ ਦੱਸਿਆ ਕਿ ਆਲੇ-ਦੁਆਲੇ ਕੀਤੀ ਗਈ ਪੁੱਛਗਿੱਛ 'ਚ ਪਤਾ ਲੱਗਾ ਕਿ ਕਾਲੂ ਹੀ ਹਮੇਸ਼ਾ ਰਜਿੰਦਰ ਦੇ ਨਾਲ ਬੈਠ ਕੇ ਸ਼ਰਾਬ ਪੀਂਦਾ ਸੀ। ਉਸ ਨੂੰ ਕਈ ਵਾਰ ਲੋਕਾਂ ਨੇ ਰਜਿੰਦਰ ਦੇ ਨਾਲ ਦੇਖਿਆ। ਏ. ਸੀ. ਪੀ. ਨੇ ਕਿਹਾ ਕਿ ਕਾਲੂ ਕਿੱਥੇ ਦਾ ਰਹਿਣ ਵਾਲਾ ਹੈ, ਇਸ ਬਾਰੇ ਪਤਾ ਲਾਇਆ ਜਾ ਰਿਹਾ ਹੈ। ਜਲਦੀ ਹੀ ਉਸ ਦਾ ਪਤਾ ਲਗਵਾ ਕੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਪੁਲਸ ਦਾ ਸ਼ੱਕ ਕਾਲੂ 'ਤੇ ਹੀ ਹੈ। ਹਾਲਾਂਕਿ ਪੁਲਸ ਨੇ ਕਾਲੂ ਤੋਂ ਇਲਾਵਾ ਹੋਰ ਇਨਪੁਟ ਲੈਣ ਲਈ ਕਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਪਰ ਕੋਈ ਸੁਰਾਗ ਹੱਥ ਨਾ ਲੱਗ ਸਕਿਆ। ਰਜਿੰਦਰ ਦੀ ਲਾਸ਼ ਫਿਲਹਾਲ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤੀ ਗਈ ਹੈ।

ਦੱਸ ਦਈਏ ਕਿ ਸੋਮਵਾਰ ਦੀ ਸਵੇਰੇ ਰਜਿੰਦਰ ਦੀ ਲਾਸ਼ ਫੋਕਲ ਪੁਆਇੰਟ ਸਥਿਤ ਇਕ ਪਾਰਕ 'ਚ ਖੂਨ ਨਾਲ ਲਥਪਥ ਪਈ ਸੀ। ਰਜਿੰਦਰ ਦੇ ਮੂੰਹ ਅਤੇ ਛਾਤੀ 'ਤੇ ਭਾਰੀ ਪੱਥਰ ਮਾਰ ਕੇ ਉਸ ਦੀ ਹੱਤਿਆ ਕੀਤੀ ਗਈ ਸੀ। ਕੋਲ ਹੀ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਮਿਲੀਆਂ ਸਨ, ਜਦਕਿ ਜਾਂਚ 'ਚ ਇਹ ਵੀ ਸਾਹਮਣੇ ਆਇਆ ਸੀ ਕਿ ਰਜਿੰਦਰ ਕਬਾੜ ਦਾ ਸਾਮਾਨ ਉਠਾ ਕੇ ਖੁਦ ਦਾ ਗੁਜ਼ਾਰਾ ਕਰਦਾ ਸੀ ਅਤੇ ਸ਼ਰਾਬ ਪੀਣ ਦਾ ਵੀ ਆਦੀ ਸੀ। ਹਾਲਾਂਕਿ ਥਾਣਾ ਨੰ. 8 ਦੀ ਪੁਲਸ ਨੇ ਪਹਿਲਾਂ ਇਸ ਨੂੰ ਹਾਦਸਾ ਦੱਸਿਆ ਸੀ ਪਰ ਬਾਅਦ ਦੁਪਹਿਰ ਅਣਪਛਾਤੇ ਵਿਅਕਤੀ 'ਤੇ ਹੱਤਿਆ ਦਾ ਕੇਸ ਦਰਜ ਕਰ ਲਿਆ ਸੀ।


shivani attri

Content Editor

Related News