ਭੇਤਭਰੀ ਹਾਲਤ ''ਚ ਮਿਲੀ ਲਾਸ਼

08/20/2018 1:49:51 PM

ਰੂਪਨਗਰ (ਵਿਜੇ)— 15 ਅਗਸਤ ਦੀ ਰਾਤ ਨੂੰ ਭੇਤਭਰੀ ਹਾਲਤ 'ਚ ਲਾਪਤਾ ਹੋਏ ਚਮਕੌਰ ਸਾਹਿਬ ਦੇ ਰਣਜੀਤਗੜ੍ਹ ਕਾਲੋਨੀ 'ਚ ਰਹਿੰਦੇ ਪ੍ਰਵਾਸੀ ਮਜ਼ਦੂਰ ਦੀ ਲਾਸ਼ ਸ਼ਨੀਵਾਰ ਰਾਤ ਮਾਛੀਵਾੜਾ ਸਾਹਿਬ ਦੇ ਨਜ਼ਦੀਕ ਸਰਹਿੰਦ ਨਹਿਰ 'ਚੋਂ ਮਿਲਣ ਤੋਂ ਬਾਅਦ ਐਤਵਾਰ ਸਵੇਰੇ ਇਥੇ ਇਕੱਠੇ ਹੋਏ ਸੈਂਕੜੇ ਪ੍ਰਵਾਸੀ ਮਜ਼ਦੂਰਾਂ ਨੇ ਸ੍ਰੀ ਚਮਕੌਰ ਸਾਹਿਬ-ਰੂਪਨਗਰ ਮਾਰਗ 'ਤੇ ਟਰੈਫਿਕ ਜਾਮ ਕਰ ਦਿੱਤਾ, ਜਦਕਿ ਪੰਜਾਬ ਪੁਲਸ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਸਮੂਹ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਮ੍ਰਿਤਕ ਪ੍ਰਵਾਸੀ ਮਜ਼ਦੂਰ ਪਵਨ ਸਾਹਨੀ ਪੁੱਤਰ ਮਹਿੰਦਰ ਸਾਹਨੀ ਦਾ ਕਤਲ ਕੀਤਾ ਗਿਆ ਹੈ, ਜਿਸ ਦੇ ਜ਼ਿੰਮੇਵਾਰ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਜਾਵੇ। 
ਪ੍ਰਦਰਸ਼ਨਕਾਰੀ ਪਹਿਲਾਂ ਥਾਣੇ 'ਚ ਪਹੁੰਚੇ ਅਤੇ ਇਸ ਤੋਂ ਬਾਅਦ ਉਨ੍ਹਾਂ ਇਕ ਨਰਸਰੀ ਦੇ ਸਾਹਮਣੇ ਸ੍ਰੀ ਚਮਕੌਰ ਸਾਹਿਬ-ਰੂਪਨਗਰ ਮਾਰਗ 'ਤੇ ਅਮਰਜੀਤ ਅਤੇ ਇੰਦਰਜੀਤ ਦੀ ਅਗਵਾਈ 'ਚ ਔਰਤਾਂ ਸਮੇਤ ਧਰਨਾ ਲਗਾਇਆ। ਪਤਵੰਤੇ ਵਿਅਕਤੀਆਂ ਦੇ ਦਖਲ ਨਾਲ ਬਿਆਨ ਦਰਜ ਕਰਵਾਏ ਜਾਣ ਤੋਂ ਬਾਅਦ ਧਰਨਾ ਸਮਾਪਤ ਕਰਵਾਇਆ ਗਿਆ। 
ਮ੍ਰਿਤਕ ਪਵਨ ਦੀ ਪਤਨੀ ਸ਼ਾਂਤੀ ਦੇਵੀ ਦੇ ਬਿਆਨਾਂ 'ਤੇ ਪੁਲਸ ਨੇ ਦੀਪਇੰਦਰ ਸਿੰਘ, ਉਸ ਦੀ ਪਤਨੀ ਨਰਿੰਦਰ ਕੌਰ, ਉਨ੍ਹਾਂ ਦੇ ਪੁੱਤਰ ਭਗਵੰਤ ਸਿੰਘ ਅਤੇ ਇਕ ਹੋਰ ਵਿਅਕਤੀ 'ਤੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ਮੁਤਾਬਕ ਉਸ ਦਾ ਪਤੀ ਦੀਪਇੰਦਰ ਸਿੰਘ ਦੇ ਕੋਲ ਮਜ਼ਦੂਰੀ ਕਰਦਾ ਸੀ ਅਤੇ ਉਸ ਨੇ ਮਜ਼ਦੂਰੀ ਦੇ 10 ਹਜ਼ਾਰ ਰੁਪਏ ਲੈਣੇ ਸਨ ਅਤੇ ਜਦੋਂ ਉਕਤ ਰਾਸ਼ੀ ਲੈਣ ਗਿਆ ਤਾਂ ਪਰਤਿਆ ਨਹੀਂ। ਬਾਅਦ ਵਿਚ ਉਸ ਦੀ ਲਾਸ਼ ਸਰਹਿੰਦ ਨਹਿਰ ਤੋਂ ਬਰਾਮਦ ਹੋਈ।


Related News