ਮਾਈ ਹੀਰਾ ਗੇਟ 'ਚ ਫਸੀ ਜੇ. ਸੀ. ਬੀ ਮਸ਼ੀਨ, ਲੋਕ ਹੋਏ ਪਰੇਸ਼ਾਨ

02/22/2020 6:48:23 PM

ਜਲੰਧਰ — ਭੀੜ-ਭਾੜ ਵਾਲਾ ਮੰਨਿਆ ਜਾਣ ਵਾਲਾ ਇਲਾਕਾ ਮਾਈ ਹੀਰਾ ਗੇਟ 'ਚ ਅੱਜ ਉਸ ਸਮੇਂ ਆਉਣ-ਜਾਣ ਲੋਕਾਂ ਨੂੰ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਇਥੇ ਇਕ ਜੇ. ਸੀ. ਬੀ. ਮਸ਼ੀਨ ਫਸ ਗਈ। ਮਸ਼ੀਨ ਦੇ ਫਸਣ ਕਰਕੇ ਉਕਤ ਸਥਾਨ 'ਤੇ ਕਾਫੀ ਦੇਰ ਤੱਕ ਜਾਮ ਲੱਗਾ ਰਿਹਾ। PunjabKesari

ਦੱਸਿਆ ਜਾ ਰਿਹਾ ਹੈ ਕਿ ਜੇ. ਸੀ. ਬੀ. ਮਸ਼ੀਨ ਦੇ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ, ਜੋ ਕਿ ਉਕਤ ਮਸ਼ੀਨ ਨੂੰ ਇਥੇ ਸੜਕ ਵਿਚਕਾਰ ਛੱਡ ਕੇ ਖੁਦ ਫਰਾਰ ਹੋ ਗਿਆ। ਡਿੱਚ ਮਸ਼ੀਨ ਖਰਾਬ ਹੋਣ ਕਾਰਨ ਜਾਮ 'ਚ ਫਸੇ ਲੋਕ ਤਾਂ ਨਿਕਲਦੇ ਰਹੇ ਪਰ ਕਿਸੇ ਨੇ ਵੀ ਟ੍ਰੈਫਿਕ ਪੁਲਸ ਦੇ ਕੰਟਰੋਲ ਰੂਮ ਜਾਂ ਫਿਰ ਹੈਲਪਲਾਈਨ ਨੰਬਰ 'ਤੇ ਸੂਚਨਾ ਦੇਣ ਦੀ ਲੋੜ ਨਹੀਂ ਸਮਝੀ।

ਭਗਤ ਸਿੰਘ ਚੌਕ ਤੋਂ ਅੱਡਾ ਹੁਸ਼ਿਆਰਪੁਰ ਤੇ ਮਾਈ ਹੀਰਾਂ ਗੇਟ 'ਚ ਅਕਸਰ ਗਲਤ ਢੰਗ ਨਾਲ ਵਾਹਨ ਸੜਕਾਂ 'ਤੇ ਖੜ੍ਹੇ ਹੋਣ ਕਾਰਨ ਜਾਮ ਲੱਗਾ ਰਹਿੰਦਾ ਹੈ। ਸ਼ਨੀਵਾਰ ਨੂੰ ਜਾਮ ਦਾ ਕਾਰਨ ਡਿੱਚ ਮਸ਼ੀਨ ਬਣੀ ਜੋ ਇਲਾਕੇ ਵਿਚੋਂ ਲੰਘਦੇ ਸਮੇਂ ਖਰਾਬ ਹੋ ਗਈ। ਕਰੀਬ 2 ਘੰਟੇ ਤੱਕ ਲੋਕ ਜਾਮ 'ਚ ਫਸੇ ਰਹੇ ਅਤੇ ਪ੍ਰੇਸ਼ਾਨ ਹੁੰਦੇ ਰਹੇ ਪਰ ਕਿਸੇ ਨੇ ਟ੍ਰੈਫਿਕ ਪੁਲਸ ਨੂੰ ਸੂਚਨਾ ਨਹੀਂ ਦਿੱਤੀ। ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਨੇ ਦੱਸਿਆ ਕਿ ਡਿੱਚ ਮਸ਼ੀਨ ਖਰਾਬ ਹੋਣ ਸਬੰਧੀ ਨਾ ਤਾਂ ਹੈਲਪਲਾਈਨ ਨੰਬਰ 'ਤੇ ਕੋਈ ਸੂਚਨਾ ਆਈ ਅਤੇ ਨਾ ਹੀ ਕੰਟਰੋਲ ਰੂਮ ਵਿਚ। ਉਨ੍ਹਾਂ ਕਿਹਾ ਕਿ ਜੇਕਰ ਲੋਕ ਸੂਚਨਾ ਦਿੰਦੇ ਤਾਂ ਟ੍ਰੈਫਿਕ ਪੁਲਸ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚ ਜਾਂਦੀ ਅਤੇ ਡਿੱਚ ਮਸ਼ੀਨ ਨੂੰ ਉਥੋਂ ਹਟਾ ਕੇ ਜਾਮ ਖੁਲ੍ਹਵਾਇਆ ਜਾਂਦਾ।

ਲੋਕ ਟ੍ਰੈਫਿਕ ਪੁਲਸ ਦੇ ਫੇਸਬੁੱਕ ਪੇਜ ਤੋਂ ਇਲਾਵਾ ਹੈਲਪਲਾਈਨ ਨੰਬਰ 'ਤੇ ਸੂਚਨਾ ਦੇਣ
ਟ੍ਰੈਫਿਕ ਪੁਲਸ ਦਾ ਫੇਸਬੁੱਕ ਤੇ ਟ੍ਰੈਫਿਕ ਪੁਲਸ ਜਲੰਧਰ ਦੇ ਨਾਂ ਨਾਲ ਪੇਜ ਬਣਿਆ ਹੋਇਆ ਹੈ। 6 ਹਜ਼ਾਰ ਤੋਂ ਵੱਧ ਲੋਕ ਇਸ ਪੇਜ ਨੂੰ ਫਾਲੋ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਲੋਕ ਟ੍ਰੈਫਿਕ ਸਬੰਧੀ ਸਮੱਸਿਆਵਾਂ ਇਸ ਪੇਜ 'ਤੇ ਅਪਡੇਟ ਨਹੀਂ ਕਰ ਰਹੇ। ਟ੍ਰੈਫਿਕ ਪੁਲਸ ਦਾ ਐਜੂਕੇਸ਼ਨ ਸੈੱਲ ਹੀ ਜ਼ਿਆਦਾਤਰ ਇਸ ਪੇਜ ਦੀ ਵਰਤੋਂ ਕਰ ਰਿਹਾ ਹੈ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਦਾ ਕਹਿਣਾ ਹੈ ਜੋ ਲੋਕ ਪੇਜ 'ਤੇ ਜਨਤਕ ਤੌਰ 'ਤੇ ਸਮੱਸਿਆਵਾਂ ਨਹੀਂ ਦੱਸਣਾ ਚਾਹੁੰਦੇ, ਉਹ ਟ੍ਰੈਫਿਕ ਪੁਲਸ ਦੇ ਹੈਲਪਲਾਈਨ ਨੰਬਰ 1073 ਜਾਂ ਫਿਰ 181-2227296 'ਤੇ ਸੰਪਰਕ ਕਰ ਕੇ ਸਮੱਸਿਆ ਦੱਸ ਸਕਦੇ ਹਨ।


shivani attri

Content Editor

Related News