ਮਹੰਤ ਮੋਹਨ ਗਿਰੀ ਜੀ ਦੀ ਅੰਤਿਮ ਯਾਤਰਾ ''ਚ ਸੰਗਤ ਦਾ ਸੈਲਾਬ ਉਮੜਿਆ

02/24/2020 6:00:05 PM

ਨੂਰਪੁਰਬੇਦੀ (ਭੰਡਾਰੀ)— ਐਤਵਾਰ ਨੂੰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਅਖਾੜਾ ਪ੍ਰੀਸ਼ਦ ਦੇ ਅੰਤਰਰਾਸ਼ਟਰੀ ਸੈਕਟਰੀ ਅਤੇ ਰਾਸ਼ਟਰੀ ਸੰਤ ਮਹੰਤ ਮੋਹਨ ਗਿਰੀ ਮਹਾਰਾਜ ਦੀ ਅੱਜ ਅੰਤਿਮ ਯਾਤਰਾ (ਸ਼ਵ ਯਾਤਰਾ) ਕੱਢੀ ਗਈ, ਜਿਸ 'ਚ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਦੀ ਤਦਾਦ 'ਚ ਜੁੜੀਆਂ ਸੰਗਤਾਂ ਅਤੇ ਆਮ ਲੋਕਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ।

ਜ਼ਿਕਰਯੋਗ ਹੈ ਕਿ ਰਾਸ਼ਟਰੀ ਸੰਤ ਮਹੰਤ ਮੋਹਨ ਗਿਰੀ ਜੀ ਦਾ 23 ਫਰਵਰੀ ਨੂੰ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਮਾਧੀ ਦੇ ਰੂਪ 'ਚ ਇਕ ਫੁੱਲਾਂ ਨਾਲ ਸਜੇ ਵਿਸ਼ੇਸ਼ ਵਾਹਨ 'ਚ ਸੁਸ਼ੋਭਿਤ ਕੀਤਾ ਗਿਆ ਅਤੇ ਸਾਧੂ, ਸੰਤ ਸਮਾਜ ਦੀ ਅਗਵਾਈ ਹੇਠ ਵਿਸ਼ਾਲ ਸ਼ਵ ਯਾਤਰਾ ਕੱਢੀ ਗਈ। ਦੁਪਹਿਰ ਕਰੀਬ 12 ਵਜੇ ਸ਼ਿਵ ਮੰਦਰ ਤੋਂ ਆਰੰਭ ਹੋਈ ਉਕਤ ਯਾਤਰਾ ਪਿੰਡ ਸਰਥਲੀ 'ਚੋਂ ਗੁਜ਼ਰਨ ਉਪਰੰਤ ਭੱਟੋਂ, ਟੱਪਰੀਆਂ, ਬੈਂਸਾਂ, ਔਲਖਾਂ, ਮੁੰਨੇ, ਰਾਏਪੁਰ, ਅਸਮਾਨਪੁਰ, ਆਜ਼ਮਪੁਰ, ਮੂਸਾਪੁਰ ਅਤੇ ਨੂਰਪੁਰਬੇਦੀ ਸ਼ਹਿਰ 'ਚੋਂ ਹੁੰਦੀ ਹੋਈ ਬਾਅਦ ਦੁਪਹਿਰ ਸਰਥਲੀ ਮੰਦਰ ਵਿਖੇ ਸੰਪੰਨ ਹੋਈ।

PunjabKesari

ਮਹੰਤ ਮੋਹਨ ਗਿਰੀ ਜੀ ਦੇ ਅੰਤਿਮ ਦਰਸ਼ਨ ਕਰਨ ਲਈ ਲੋਕ ਘਰਾਂ ਅਤੇ ਪਿੰਡਾਂ 'ਚੋਂ ਨਿਕਲ ਕੇ ਮੁੱਖ ਮਾਰਗ 'ਤੇ ਜਮ੍ਹਾ ਹੋ ਗਏ। ਇਸ ਦੌਰਾਨ ਜਿੱਥੇ ਸੰਗਤਾਂ ਨੇ ਮਹੰਤ ਮੋਹਨ ਗਿਰੀ ਜੀ ਦੀ ਮ੍ਰਿਤਕ ਦੇਹ 'ਤੇ ਫੁੱਲ ਸੁੱਟੇ ਉੱਥੇ ਹੀ ਨਾਲ ਚੱਲ ਰਹੀਆਂ ਸੰਗਤਾਂ ਵੱਲੋਂ 'ਹਰੀ ਓਮ ਨਮੋ ਸ਼ਿਵਾਏ' ਦੇ ਮੰਤਰ ਦਾ ਜਾਪ ਕੀਤਾ ਜਾ ਰਿਹਾ ਸੀ। ਯਾਤਰਾ 'ਚ ਸ਼ਾਮਲ ਸਮੁੱਚੀਆਂ ਸੰਗਤਾਂ ਦੀਆਂ ਅੱਖਾਂ ਨਮ ਸਨ ਅਤੇ ਹਰ ਕੋਈ ਮਹੰਤ ਮੋਹਨ ਗਿਰੀ ਜੀ ਦੀ ਇਕ ਝਲਕ ਪਾਉਣ ਲਈ ਬੇਤਾਬ ਦਿਖ ਰਿਹਾ ਸੀ। ਅੰਤਿਮ ਯਾਤਰਾ ਦੇ ਨਾਲ ਚੱਲ ਰਹੀਆਂ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਕੀਰਤਨ ਕੀਤਾ ਜਾ ਰਿਹਾ ਸੀ।

ਵੱਖ-ਵੱਖ ਪੰਚਾਇਤਾਂ ਸਹਿਤ ਨੂਰਪੁਰਬੇਦੀ ਪੰਚਾਇਤ ਨੇ ਵੀ ਮਹੰਤ ਮੋਹਨ ਗਿਰੀ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਯਾਤਰਾ 'ਚ ਸ਼ਾਮਲ ਸੰਗਤ ਲਈ ਫਲਾਂ ਦਾ ਪ੍ਰਸ਼ਾਦ ਅਤੇ ਪੀਣ ਲਈ ਪਾਣੀ ਵੰਡਿਆ। ਇਸ ਦੌਰਾਨ ਪੁਲਸ ਪ੍ਰਸ਼ਾਸਨ ਵੱਲੋਂ ਵੀ ਸਮੁੱਚੇ ਰਸਤੇ 'ਚ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਟ੍ਰੈਫਿਕ ਕਾਰਨ ਕਿਸੇ ਪ੍ਰਕਾਰ ਦਾ ਯਾਤਰਾ 'ਚ ਕੋਈ ਵਿਘਨ ਪੈਦਾ ਨਾ ਹੋਵੇ। ਸ਼੍ਰੀ ਮਹੰਤ ਗਣਪਤੀ ਗਿਰੀ ਜੀ ਅਤੇ ਸ਼੍ਰੀ ਮਹੰਤ ਸ਼ੰਭੂ ਗਿਰੀ ਜੀ ਨੇ ਦੱਸਿਆ ਕਿ 25 ਫਰਵਰੀ ਨੂੰ ਦੁਪਹਿਰ 1 ਵਜੇ ਸੰਤ ਸਮਾਜ ਦੇ ਪੂਰਨ ਧਾਰਮਕ ਰੀਤੀ ਰਿਵਾਜਾਂ ਮੁਤਾਬਕ ਮਹੰਤ ਮੋਹਨ ਗਿਰੀ ਜੀ ਨੂੰ ਸਮਾਧੀ ਦਿੱਤੀ ਜਾਵੇਗੀ। ਇਸ ਅੰਤਿਮ ਯਾਤਰਾ 'ਚ ਵੱਖ-ਵੱਖ ਸਥਾਨਾਂ ਤੋਂ ਪਹੁੰਚੇ ਸਾਧੂ, ਸੰਤਾਂ ਤੋਂ ਇਲਾਵਾ ਭਾਜਪਾ ਆਗੂ ਵਿਜੇ ਪੁਰੀ, ਨਗਰ ਪੰਚਾਇਤ ਨੂਰਪੁਰਬੇਦੀ ਦੇ ਸਾਬਕਾ ਪ੍ਰਧਾਨ ਮਾ. ਜਗਨ ਨਾਥ ਭੰਡਾਰੀ, ਦੇਸਰਾਜ ਸੈਣੀਮਾਜਰਾ, ਮਨੋਹਰ ਲਾਲ ਬੈਂਸ, ਸਰਪੰਚ ਮਨਜੀਤ ਕੌਰ, ਪਿੰ੍ਰ. ਕਮਲ ਦੇਵ ਸ਼ਰਮਾ ਅਤੇ ਅਮਿਤ ਚੱਢਾ ਸਹਿਤ ਹਜ਼ਾਰਾਂ ਦੀ ਤਦਾਦ 'ਚ ਸੰਗਤ ਨੇ ਸ਼ਿਰਕਤ ਕੀਤੀ।


shivani attri

Content Editor

Related News