ਨਾਮਜ਼ਦਗੀ ਦੀ ਪ੍ਰਕਿਰਿਆ ਪੂਰੀ ਹੁੰਦਿਆਂ ਹੀ ਡੀ. ਸੀ. ਦਫਤਰ ''ਚ ਘੱਟ ਹੋਈ ਸੁਰੱਖਿਆ
Wednesday, May 01, 2019 - 03:10 PM (IST)

ਜਲੰਧਰ (ਪੁਨੀਤ)— ਚੋਣ ਪ੍ਰਕਿਰਿਆ ਦਾ ਪਹਿਲਾ ਪੜਾਅ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਦੇ ਪੂਰੇ ਹੁੰਦਿਆਂ ਹੀ ਡੀ. ਸੀ. ਦਫਤਰ 'ਚ ਸੁਰੱਖਿਆ ਨੂੰ ਘੱਟ ਕਰ ਦਿੱਤਾ ਗਿਆ ਹੈ। ਜਿਥੇ ਇਕ ਪਾਸੇ ਐਂਟਰੀ ਪੁਆਇੰਟ 'ਤੇ ਲੱਗੇ ਮੈਟਲ ਡਿਟੈਕਟਰ ਹਟਾਏ ਗਏ ਹਨ, ਉਥੇ ਡਿਊਟੀ 'ਤੇ ਤਾਇਨਾਤ ਪੁਲਸ ਕਰਮਚਾਰੀਆਂ ਦੀ ਗਿਣਤੀ 'ਚ ਵੀ ਪਹਿਲਾਂ ਦੇ ਮੁਕਾਬਲੇ ਕਮੀ ਕੀਤੀ ਗਈ ਹੈ। ਐੱਸ. ਡੀ. ਐੱਮ. ਦਫਤਰ ਸਮੇਤ ਵੱਖ-ਵੱਖ ਐਂਟਰੀ ਪੁਆਇੰਟਸ 'ਤੇ ਮੈਟਲ ਡਿਟੈਕਟਰ ਲਾ ਕੇ ਆਉਣ-ਜਾਣ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਪਰ ਬਿਨਾਂ ਕਿਸੇ ਚੈਕਿੰਗ ਦੇ ਬੇਰੋਕ-ਟੋਕ ਅੰਦਰ ਜਾਇਆ ਜਾ ਸਕਦਾ ਹੈ।
22 ਅਪ੍ਰੈਲ ਨੂੰ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਅਤੇ ਸਭ ਤੋਂ ਪਹਿਲੇ ਦਿਨ ਮੁੱਖ ਮੰਤਰੀ ਵੱਲੋਂ ਕਾਂਗਰਸੀ ਉਮੀਦਵਾਰ ਦੇ ਨਾਲ ਡੀ. ਸੀ. ਦਫਤਰ ਆਉਣਾ ਸੀ, ਜਿਸ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਦਿਆਂ ਡੀ. ਸੀ. ਦਫਤਰ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਚੱਪੇ-ਚੱਪੇ 'ਤੇ ਸੁਰੱਖਿਆ ਕਰਮਚਾਰੀ ਤੇ ਸਿਵਲ ਵਰਦੀ 'ਚ ਪੁਲਸ ਕਰਮਚਾਰੀ ਵੱਡੀ ਗਿਣਤੀ 'ਚ ਤਾਇਨਾਤ ਸਨ। 29 ਅਪ੍ਰੈਲ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਖਤਮ ਹੋ ਗਈ, ਜਿਸ ਤੋਂ ਬਾਅਦ ਹੁਣ ਡੀ. ਸੀ. ਦਫਤਰ ਦੀ ਸੁਰੱਖਿਆ ਘੱਟ ਕਰ ਕੇ ਚੋਣ ਪ੍ਰਕਿਰਿਆ 'ਤੇ ਜ਼ਿਆਦਾ ਨਜ਼ਰ ਰੱਖੀ ਜਾ ਰਹੀ ਹੈ। ਨਾਮਜ਼ਦਗੀ ਭਰਨ ਤੋਂ ਬਾਅਦ ਉਮੀਦਵਾਰਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ, ਜਿਸ 'ਤੇ ਨਜ਼ਰ ਰੱਖਣ ਲਈ ਜ਼ਿਲਾ ਚੋਣ ਅਧਿਕਾਰੀ ਵੱਲੋਂ ਟੀਮਾਂ ਬਣਾਈਆਂ ਗਈਆਂ ਹਨ। ਉਕਤ ਟੀਮਾਂ ਨੇ ਉਮੀਦਵਾਰ ਵੱਲੋਂ ਕੀਤੇ ਗਏ ਖਰਚ ਦੇ ਮੁਲਾਂਕਣ ਦੇ ਨਾਲ-ਨਾਲ ਪੂਰੀ ਸਥਿਤੀ 'ਤੇ ਨਜ਼ਰ ਰੱਖੀ ਹੋਈ ਹੈ। ਨਿਰਪੱਖ ਚੋਣ ਕਰਵਾਉਣ ਦੇ ਮਕਸਦ ਨਾਲ ਪ੍ਰਸ਼ਾਸਨ ਵੱਲੋਂ 18 ਹਜ਼ਾਰ ਕਰਮਚਾਰੀਆਂ ਦੀ ਚੋਣ ਡਿਊਟੀ ਲਾਈ ਗਈ ਹੈ। ਇਨ੍ਹਾਂ 'ਚ 10 ਹਜ਼ਾਰ ਦੇ ਕਰੀਬ ਮਹਿਲਾ ਕਰਮਚਾਰੀ ਹਨ, ਜੋ ਕਿ ਪੋਲਿੰਗ ਕੇਂਦਰ ਤੋਂ ਲੈ ਕੇ ਪੂਰੀ ਚੋਣ ਪ੍ਰਕਿਰਿਆ ਨੂੰ ਦੇਖ ਰਹੀਆਂ ਹਨ।