ਸਰਚ ਮਗਰੋਂ ਸਤਲੁਜ ਦਰਿਆ ਕੰਢੇ ਲੁਕੋਈ 5 ਹਜ਼ਾਰ ਲਿਟਰ ਦੇਸੀ ਸ਼ਰਾਬ ਬਰਾਮਦ

Sunday, Jun 04, 2023 - 03:50 PM (IST)

ਸਰਚ ਮਗਰੋਂ ਸਤਲੁਜ ਦਰਿਆ ਕੰਢੇ ਲੁਕੋਈ 5 ਹਜ਼ਾਰ ਲਿਟਰ ਦੇਸੀ ਸ਼ਰਾਬ ਬਰਾਮਦ

ਜਲੰਧਰ (ਪੁਨੀਤ)– ਸ਼ਰਾਬ ਮਹਿੰਗੀ ਹੋਣ ਕਾਰਨ ਨਾਜਾਇਜ਼ ਸ਼ਰਾਬ ਦੀ ਡਿਮਾਂਡ ਵਧਣ ਲੱਗੀ ਹੈ, ਜਿਸ ਨਾਲ ਦੇਸੀ ਸ਼ਰਾਬ ਬਣਾਉਣ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਇਨ੍ਹਾਂ ਸੂਚਨਾਵਾਂ ’ਤੇ ਐਕਸਾਈਜ਼ ਵਿਭਾਗ ਚੌਕਸ ਹੋ ਚੁੱਕਾ ਹੈ ਅਤੇ ਕਾਰਵਾਈ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ। ਇਸੇ ਲੜੀ ਵਿਚ ਐਕਸਾਈਜ਼ ਵਿਭਾਗ ਨੇ ਸ਼ਨੀਵਾਰ ਸਤਲੁਜ ਦੇ ਪਾਣੀ ਵਿਚ ਲੁਕੋਏ ਪਲਾਸਟਿਕ ਦੇ ਬੈਗ ਅਤੇ ਟੋਇਆਂ ਵਿਚ ਲੁਕਾ ਕੇ ਰੱਖੇ ਡਰੰਮਾਂ ਵਿਚੋਂ 5 ਹਜ਼ਾਰ ਲਿਟਰ ਤੋਂ ਵੱਧ ਦੇਸੀ ਸ਼ਰਾਬ ਬਰਾਮਦ ਕੀਤੀ।

ਸੀਨੀਅਰ ਅਧਿਕਾਰੀਆਂ ਨੇ ਇੰਸਪੈਕਟਰ ਬਲਦੇਵ ਕ੍ਰਿਸ਼ਨ ਅਤੇ ਰਵਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਟੀਮ ਦਾ ਗਠਨ ਕਰਕੇ ਫਿਲੌਰ ਤੋਂ ਸ਼ਾਹਕੋਟ ਤੱਕ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕੇ ਵਿਚ ਕਾਰਵਾਈ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ। ਵਿਭਾਗੀ ਪੁਲਸ ਪਾਰਟੀ ਨਾਲ ਪਹੁੰਚੀ ਟੀਮ ਨੇ ਸਵੇਰੇ ਕਾਰਵਾਈ ਦੀ ਸ਼ੁਰੂਆਤ ਕਰਦੇ ਹੋਏ ਦਰਿਆ ਦੇ ਨਾਲ ਲੱਗਦੇ ਪਿੰਡ ਭੋਡੇ, ਬੁਰਜ, ਸੰਗੋਵਾਲ ਢਗਾਰਾ, ਮਾਓ ਸਾਹਿਬ, ਮਊਵਾਲ ਅਤੇ ਨੇੜਲੇ ਇਲਾਕਿਆਂ ਵਿਚ 5-6 ਘੰਟੇ ਤੱਕ ਸਰਚ ਮੁਹਿੰਮ ਚਲਾਈ। ਵੱਖ-ਵੱਖ ਥਾਵਾਂ ’ਤੇ ਚੱਲੀ ਵਿਭਾਗੀ ਕਾਰਵਾਈ ਵਿਚ ਪਤਾ ਲੱਗਾ ਕਿ ਸ਼ਰਾਬ ਬਣਾਉਣ ਵਾਲਿਆਂ ਵੱਲੋਂ ਮੋਟੇ ਪਲਾਸਟਿਕ ਦੇ ਬੈਗਾਂ ਨੂੰ ਬਾਂਸ ਨਾਲ ਬੰਨ੍ਹ ਕੇ ਪਾਣੀ ਵਿਚ ਲੁਕਾ ਕੇ ਰੱਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ-ਮੌਸਮ 'ਚ ਹੋ ਰਹੀ ਤਬਦੀਲੀ, ਜੂਨ ਮਹੀਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਸਕਦੀ ਹੈ ਗਰਮੀ, ਜਾਣੋ ਤਾਜ਼ਾ ਅਪਡੇਟ

PunjabKesari

ਇਸ ਵਿਚ ਪ੍ਰਤੀ ਬੈਗ 500 ਲਿਟਰ ਸ਼ਰਾਬ ਦੱਸੀ ਜਾ ਰਹੀ ਹੈ। ਪਾਣੀ ਤੋਂ ਇਲਾਵਾ ਮਿੱਟੀ ਦੇ ਟੋਏ ਪੁੱਟ ਕੇ ਦਬਾਏ ਗਏ ਪਲਾਸਟਿਕ ਦੇ ਛੋਟੇ ਡਰੰਮ ਵੀ ਬਰਾਮਦ ਹੋਏ ਹਨ। ਕਈ ਥਾਵਾਂ ਤੋਂ ਵੱਡੇ ਡਰੰਮ ਵੀ ਮਿਲੇ ਹਨ। ਸਤਲੁਜ ਦੇ ਕੰਢੇ ਚੱਲੀ ਸਰਚ ਮੁਹਿੰਮ ਦੌਰਾਨ ਕਈ ਥਾਵਾਂ ’ਤੇ ਮਿੱਟੀ ਪੁੱਟ ਕੇ ਵੀ ਦੇਖੀ ਗਈ। ਸਾਰੀਆਂ ਥਾਵਾਂ ’ਤੇ ਹੋਈ ਇਸ ਕਾਰਵਾਈ ਵਿਚ ਵਿਭਾਗ ਨੇ ਕੁਲ 5 ਹਜ਼ਾਰ ਲਿਟਰ ਤੋਂ ਵੱਧ ਦੇਸੀ ਸ਼ਰਾਬ ਬਰਾਮਦ ਕੀਤੀ ਹੈ ਅਤੇ ਇਸ ਨੂੰ ਨਸ਼ਟ ਕਰਵਾ ਦਿੱਤਾ ਗਿਆ ਹੈ। ਐਕਸਾਈਜ਼ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗੀ ਸਰਚ ਦੌਰਾਨ ਲੋਹੇ ਦੇ 6 ਡਰੰਮ, ਇਕ ਪਲਾਸਟਿਕ ਦਾ ਡਰੰਮ ਅਤੇ ਸ਼ਰਾਬ ਬਣਾਉਣ ਵਿਚ ਵਰਤਿਆ ਜਾਂਦਾ ਸਾਮਾਨ ਵੀ ਬਰਾਮਦ ਹੋਇਆ ਹੈ, ਜਿਸ ਨੂੰ ਜ਼ਬਤ ਕਰ ਲਿਆ ਗਿਆ।

ਇਹ ਵੀ ਪੜ੍ਹੋ-ਨਸ਼ੇ ਦੇ ਦੈਂਤ ਨੇ ਉਜਾੜਿਆ ਘਰ, ਫਿਲੌਰ ਵਿਖੇ 2 ਸਾਲਾਂ ’ਚ ਨਿਗਲੀਆਂ ਪਰਿਵਾਰ ਦੇ 3 ਨੌਜਵਾਨਾਂ ਦੀਆਂ ਜ਼ਿੰਦਗੀਆਂ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News