14 ਮਹੀਨਿਆਂ ਤੋਂ ਬੰਦ ਲੈਦਰ ਇੰਡਸਟਰੀ ਨੂੰ ਟਰਾਈਲ ਦੇ ਤੌਰ ’ਤੇ ਚਲਾਉਣ ਦੀ ਮਿਲੀ ਮਨਜ਼ੂਰੀ

12/23/2020 2:45:29 PM

ਜਲੰਧਰ (ਚੋਪੜਾ)— ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਨੇ 29 ਅਕਤੂਬਰ 2019 ਤੋਂ ਬੰਦ ਪਈ ਜਲੰਧਰ ਦੀ ਲੈਦਰ ਇੰਡਸਟਰੀ ਨੂੰ ਟਰਾਈਲ ਦੇ ਤੌਰ ’ਤੇ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਕਾਰਨ ਹੁਣ ਲੈਦਰ ਕੰਪਲੈਕਸ ਵਿਚ ਸਥਾਪਤ ਇੰਡਸਟਰੀ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ’ਚ ਦਮ ਤੋੜ ਰਹੇ ਲੈਦਰ ਕਾਰੋਬਾਰ ਨੂੰ ਇਕ ਵਾਰ ਫਿਰ ਤੋਂ ਆਕਸੀਜਨ ਮਿਲ ਗਈ ਹੈ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪੰਜਾਬ ਐਫਲੁਇੰਟ ਟਰੀਟਮੈਂਟ ਸੋਸਾਇਟੀ ਫਾਰ ਟੈਨਰੀਜ਼ (ਪੀ. ਈ. ਟੀ. ਐੱਸ.) ਦੇ ਚੇਅਰਮੈਨ ਵਜੋਂ ਇਕ ਹਲਫਨਾਮਾ ਦਾਇਰ ਕੀਤਾ ਗਿਆ ਹੈ ਕਿ ਲੈਦਰ ਕੰਪਲੈਕਸ ’ਚ 1.45 ਕਰੋੜ ਰੁਪਏ ਦੀ ਲਾਗਤ ਨਾਲ ਇਕ ਆਰ. ਸੀ. ਸੀ. ਮਿਕਸਿੰਗ-ਕਮ-ਡਲਿਊਸ਼ਨ ਟੈਂਕ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ’ਤੇ ਮਾਣਯੋਗ ਹਾਈ ਕੋਰਟ ਨੇ ਆਪਣੇ ਪਹਿਲੇ ਫੈਸਲੇ ’ਚ ਇੰਡਸਟਰੀ ਨੂੰ ਰਾਹਤ ਪ੍ਰਦਾਨ ਕੀਤੀ ਹੈ।

 

ਇਹ ਵੀ ਪੜ੍ਹੋ: ਹੁਸ਼ਿਆਰਪੁਰ ’ਚ ਵਾਪਰੇ ਭਿਆਨਕ ਹਾਦਸੇ ਨੇ ਉਜਾੜੇ ਦੋ ਪਰਿਵਾਰ, ਜਵਾਨ ਪੁੱਤਾਂ ਦੀ ਹੋਈ ਮੌਤ

ਘਨਸ਼ਾਮ ਥੋਰੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਹਾਈ ਕੋਰਟ ਨੇ ਪੀ. ਈ. ਟੀ. ਐੱਸ. ਨੂੰ 6 ਜਨਵਰੀ 2020 ਨੂੰ ਡਲਿਊਸ਼ਨ ਟੈਂਕ ਸਬੰਧੀ ਰਿਪੋਰਟ ਦਾਇਰ ਕਰਨ ਦੇ ਹੁਕਮ ਦਿੱਤੇ। 16 ਜੂਨ ਨੂੰ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਪੀ. ਈ. ਟੀ. ਐੱਸ. ਦੀਆਂ ਕਈ ਮੀਟਿੰਗਾਂ ਕੀਤੀਆਂ ਅਤੇ ਪੀ. ਪੀ. ਸੀ. ਬੀ. ਦੇ ਅਧਿਕਾਰੀਆਂ ਅਤੇ ਉਦਯੋਗਪਤੀਆਂ ਦੀਆਂ ਪਰੇਸ਼ਾਨੀਆਂ ਅਤੇ ਸੁਝਾਵਾਂ ਨੂੰ ਸੁਣਿਆ, ਜਿਸ ਤੋਂ ਬਾਅਦ ਉਨ੍ਹਾਂ ਉੱਚ ਅਧਿਕਾਰੀਆਂ ਸਾਹਮਣੇ ਉਠਾਇਆ ਅਤੇ ਆਰ. ਸੀ. ਸੀ. ਮਿਕਸਿੰਗ ਫਾਰ ਡਲਿਊਸ਼ਨ ਟੈਂਕ ਦਾ ਨਿਰਮਾਣ ਸ਼ੁਰੂ ਕਰਕੇ 29 ਅਕਤੂਬਰ 2020 ਨੂੰ ਹਾਈ ਕੋਰਟ ਵਿਚ ਪਾਲਣਾ ਰਿਪੋਰਟ ਦਾਇਰ ਕੀਤੀ। ਉਨ੍ਹਾਂ ਦੱਸਿਆ ਕਿ ਪੀ. ਈ. ਟੀ. ਐੱਸ. ਚੇਅਰਮੈਨ ਵਜੋ ਉਨ੍ਹਾਂ ਦਾ ਹਲਫਨਾਮਾ ਸੋਮਵਾਰ ਨੂੰ ਅਦਾਲਤ ’ਚ ਦਾਇਰ ਕੀਤਾ ਗਿਆ ਸੀ ਅਤੇ ਮੰਗਲਵਾਰ ਹਾਈਕੋਰਟ ਨੇ ਲੈਦਰ ਇੰਡਸਟਰੀ ਨੂੰ ਟਰਾਈਲ ਦੇ ਤੌਰ ’ਤੇ ਚਲਾਉਣ ਦੀ ਇਜਾਜ਼ਤ ਦੇ ਕੇ ਇਕ ਨਵਾਂ ਜੀਵਨ ਪ੍ਰਦਾਨ ਕੀਤਾ ਹੈ। ਪੰਜਾਬ ਐਫਲੂਇੰਟ ਟਰੀਟਮੈਂਟ ਸੋਸਾਇਟੀ ਦੇ ਕੇ. ਸੀ. ਡੋਗਰਾ ਨੇ ਦੱਸਿਆ ਕਿ ਸੁਣਵਾਈ ਦੀ ਅਗਲੀ ਤਰੀਕ 19 ਜਨਵਰੀ ਨਿਰਧਾਰਿਤ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਦੀਆਂ ਕੋਸ਼ਿਸ਼ਾਂ ਲਈ ਪੰਜਾਬ ਲੈਦਰ ਫੈੱਡਰੇਸ਼ਨ ਦੇ ਅਹੁਦੇਦਾਰਾਂ ਨੇ ਕੀਤਾ ਧੰਨਵਾਦ
ਪੰਜਾਬ ਲੈਦਰ ਫੈੱਡਰੇਸ਼ਨ ਦੇ ਅਹੁਦੇਦਾਰਾਂ ਹੀਰਾ ਲਾਲ ਵਰਮਾ, ਦੀਪਕ ਚਾਵਲਾ, ਅਜੈ ਸ਼ਰਮਾ, ਬਲਵਿੰਦਰ ਸੁਮਨ, ਪ੍ਰਵੀਨ ਕੁਮਾਰ ਅਤੇ ਸਟੀਫਨ ਕਲੇਰ ਨੇ ਕੇਸ ਦੀ ਪੈਰਵਾਈ ਕਰਨ ਅਤੇ ਹਲਫਨਾਮਾ ਦਾਇਰ ਕਰਨ ਲਈ ਕੀਤੀਆਂ ਠੋਸ ਕੋਸ਼ਿਸ਼ਾਂ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹੁਕਮਾਂ ਦੇ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਲੇਬਰ ਨੂੰ ਬਹੁਤ ਰਾਹਤ ਮਿਲੀ ਹੈ ਕਿਉਂਕਿ ਉਨ੍ਹਾਂ ਦੀਆਂ ਇਕਾਈਆਂ ਲਗਭਗ ਇਕ ਸਾਲ ਤੋਂ ਬੰਦ ਪਈਆਂ ਸਨ। ਇਸ ਤੋਂ ਇਲਾਵਾ ਮਜ਼ਦੂਰਾਂ ਨੂੰ ਰੋਜ਼ਗਾਰ ਨਾ ਮਿਲਣ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਬੂਟਾ ਮੰਡੀ ਦਾ ਲੈਦਰ ਕਾਰੋਬਾਰ ਵੀ ਦੁਬਾਰਾ ਹੋਵੇਗਾ ਗੁਲਜ਼ਾਰ : ਠਾਕੁਰ ਦਾਸ ਸੁਮਨ
ਬੂਟਾ ਮੰਡੀ ਦੇ ਪ੍ਰਮੁੱਖ ਲੈਦਰ ਕਾਰੋਬਾਰੀ ਠਾਕੁਰ ਦਾਸ ਸੁਮਨ ਨੇ ਦੱਸਿਆ ਕਿ ਲੈਦਰ ਕੰਪਲੈਕਸ ਦੀ ਇੰਡਸਟਰੀ ਸੀਲ ਹੋਣ ਦਾ ਸਭ ਤੋਂ ਬੁਰਾ ਅਸਰ ਬੂਟਾ ਮੰਡੀ ’ਚ ਲੈਦਰ ਕਾਰੋਬਾਰ ’ਤੇ ਪੈ ਰਿਹਾ ਸੀ ਪਰ ਹੁਣ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਉਪਰੰਤ ਲੈਦਰ ਇੰਡਸਟਰੀ ਨੂੰ ਲੱਗੇ ਤਾਲੇ ਖੁੱਲ੍ਹ ਜਾਣਗੇ, ਜਿਸ ਨਾਲ ਬੂਟਾ ਮੰਡੀ ਦਾ ਲੈਦਰ ਕਾਰੋਬਾਰ ਇਕ ਵਾਰ ਫਿਰ ਤੋਂ ਗੁਲਜ਼ਾਰ ਹੋ ਜਾਵੇਗਾ। ਹੁਣ ਸਮਾਂ ਆ ਗਿਆ ਹੈ ਕਿ 14 ਮਹੀਨਿਆਂ ’ਚ ਕਾਰੋਬਾਰ ਜਿੰਨਾ ਪਿੱਛੜਿਆ ਹੈ, ਉਸ ਨੂੰ ਪੂਰੀ ਮਿਹਨਤ ਦੇ ਨਾਲ ਫਿਰ ਤੋਂ ਉਸੇ ਮੁਕਾਮ ’ਤੇ ਪਹੁੰਚਾਇਆ ਜਾਵੇ।

ਸੁਸ਼ੀਲ ਰਿੰਕੂ ਨੇ ਵੀ ਲੈਦਰ ਇੰਡਸਟਰੀ ਨੂੰ ਰਾਹਤ ਦਿਵਾਉਣ ਲਈ ਕੀਤੀਆਂ ਕੋਸ਼ਿਸ਼ਾਂ

ਵੈਸਟ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਵੀ ਲੈਦਰ ਇੰਡਸਟਰੀ ਨੂੰ ਰਾਹਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਮਾਣਯੋਗ ਹਾਈਕੋਰਟ ਦੇ ਹੁਕਮਾਂ ਉਪਰੰਤ ਜਦੋਂ ਲੈਦਰ ਕੰਪਲੈਕਸ ਦੀ ਇੰਡਸਟਰੀ ਨੂੰ ਬੰਦ ਕਰਨ ਦੇ ਹੁਕਮ ਜਾਰੀ ਹੋਏ ਤਾਂ ਵਿਧਾਇਕ ਰਿੰਕੂ ਨੇ ਇਸ ਮਾਮਲੇ ਨੂੰ ਮੁੱਖ ਮੰਤਰੀ ਅੱਗੇ ਉਠਾਇਆ ਸੀ। ਇਸ ਤੋਂ ਇਲਾਵਾ ਲੈਦਰ ਇੰਡਸਟਰੀ ਦੇ ਅਹੁਦੇਦਾਰਾਂ ਦੀ ਚੰਡੀਗੜ੍ਹ ’ਚ ਉਦਯੋਗ ਮੰਤਰੀ ਪੰਜਾਬ ਦੇ ਮੁੱਖ ਸਕੱਤਰ ਅਤੇ ਪੋਲਿਊਸ਼ਨ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਵਾ ਕੇ ਬੰਦ ਇੰਡਸਟਰੀ ਨੂੰ ਖੁਲ੍ਹਵਾਉਣ ਲਈ ਕੋਸ਼ਿਸ਼ਾਂ ਤੇਜ਼ ਕਰਦਿਆਂ ਪੰਜਾਬ ਸਰਕਾਰ ਅੱਗੇ ਇੰਡਸਟਰੀ ਨੂੰ ਰਾਹਤ ਮੁਹੱਈਆ ਕਰਵਾਉਣ ਦੀ ਮੰਗ ਰੱਖੀ ਸੀ।

ਇਹ ਵੀ ਪੜ੍ਹੋ:ਜਲੰਧਰ ’ਚ ਪ੍ਰਾਪਰਟੀ ਵਿਵਾਦ ਦਾ ਖ਼ੌਫ਼ਨਾਕ ਅੰਤ, ਭਰਾ ’ਤੇ ਗੋਲੀ ਚਲਾਉਣ ਵਾਲੇ ਅੰਮਿ੍ਰਤਪਾਲ ਨੇ ਕੀਤੀ ਖ਼ੁਦਕੁਸ਼ੀ

ਬਿਜਲੀ ਕੁਨੈਕਸ਼ਨ ਰਿਲੀਜ਼ ਕਰਨ ਅਤੇ ਜੈਨਰੇਟਰ ਸੈੱਟ ’ਤੇ ਲੱਗੀਆਂ ਸੀਲਾਂ ਵੀ ਖੋਲ੍ਹਣ ਦੇ ਹੁਕਮ
ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲਣ ’ਤੇ ਬਾਗੋਬਾਗ ਲੈਦਰ ਕੰਪਲੈਕਸ ਦੇ ਕਾਰੋਬਾਰੀਆਂ ਨੇ ਦੱਸਿਆ ਕਿ ਅੱਜ ਹਾਈ ਕੋਰਟ ਨੇ ਇੰਡਸਟਰੀ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਦੇਣ ਦੇ ਨਾਲ-ਨਾਲ ਪਾਵਰਕਾਮ ਨੂੰ ਹੁਕਮ ਜਾਰੀ ਕੀਤੇ ਹਨ ਕਿ ਹਾਈ ਕੋਰਟ ਦੇ ਹੁਕਮਾਂ ’ਤੇ ਕੱਟੇ ਗਏ ਬਿਜਲੀ ਦੇ ਕੁਨੈਕਸ਼ਨਾਂ ਨੂੰ ਦੁਬਾਰਾ ਰਿਲੀਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਇੰਡਸਟਰੀ ਦੇ ਜਿਹੜੇ ਜੈਨਰੇਟਰ ਸੈੱਟ ਸੀਲ ਕੀਤੇ ਗਏ ਸਨ, ਉਨ੍ਹਾਂ ਦੀ ਸੀਲ ਵੀ ਤੁਰੰਤ ਖੋਲ੍ਹ ਦਿੱਤੀ ਜਾਵੇ।
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News