ਅੱਜ ਤੋਂ ਬਿਨੈਕਾਰ ਨੂੰ ਅਪਲਾਈ ਕਰਨ ''ਤੇ ਤੁਰੰਤ ਜਾਰੀ ਹੋਵੇਗਾ ਲਰਨਿੰਗ ਲਾਇਸੈਂਸ : ਬਰਜਿੰਦਰ ਸਿੰਘ

06/01/2020 10:33:27 AM

ਜਲੰਧਰ (ਚੋਪੜਾ)— ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਨਾਗਰਿਕ ਸੇਵਾਵਾਂ 'ਚ ਵੱਡੀ ਰਾਹਤ ਪ੍ਰਦਾਨ ਕਰਨ ਦੇ ਮੰਤਵ ਤਹਿਤ ਹੁਣ ਪਹਿਲੀ ਜੂਨ ਤੋਂ ਲਰਨਿੰਗ ਡਰਾਈਵਿੰਗ ਲਾਇਸੈਂਸ ਲਈ ਬਿਨੈ ਪੱਤਰ ਦੇਣ ਵਾਲੇ ਬਿਨੈਕਾਰ ਨੂੰ ਉਸੇ ਦਿਨ ਲਰਨਿੰਗ ਡਰਾਈਵਿੰਗ ਲਾਇਸੈਂਸ ਦਿੱਤਾ ਜਾਵੇਗਾ। ਇਸ ਸਬੰਧੀ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਹੁਣ ਲਰਨਿੰਗ ਡਰਾਈਵਿੰਗ ਲਾਇਸੈਂਸ, ਸਥਾਈ ਡਰਾਈਵਿੰਗ ਲਾਇਸੈਂਸ, ਲਾਇਸੈਂਸ ਨਵਿਆਉਣਾ ਅਤੇ ਡੁਪਲੀਕੇਟ ਡਰਾਈਵਿੰਗ ਲਾਇਸੈਂਸ ਅਪਲਾਈ ਕਰਨ 'ਤੇ ਉਸੇ ਦਿਨ ਬਿਨੈਕਾਰ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ 'ਚ ਲਰਨਿੰਗ ਲਾਇਸੈਂਸ ਲਈ ਬਿਨੈ ਪੱਤਰ ਦੇਣ ਤੋਂ 15 ਮਿੰਟ ਬਾਅਦ ਬਿਨੈਕਾਰ ਨੂੰ ਡਰਾਇਵਿੰਗ ਟਰੈਕ 'ਤੇ ਸਾਰੇ ਦਸਤਾਵੇਜ ਮੁਕੰਮਲ ਹੋਣ ਉਪਰੰਤ 30 ਸਲਾਊਟ ਦਿੱਤੇ ਜਾਣਗੇ ।

ਉਨ੍ਹਾਂ ਦੱਸਿਆ ਕਿ ਸਥਾਈ ਡਰਲਾਇਸੈਂਸ ਬਣਾਉਣ ਲਈ 20 ਸਲਾਊਟ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਦਸਤਾਵੇਜ਼ਾਂ ਦੀ ਪੜਤਾਲ ਅਤੇ ਜਾਂਚ ਤੋਂ ਬਾਅਦ ਬਿਨੈਕਾਰ ਨੂੰ ਉਸੇ ਦਿਨ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਲਾਇਸੰਸ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਬਿਨੈਕਾਰ ਉਸੇ ਦਿਨ ਸ਼ਾਮ ਨੂੰ ਲਾਇਸੈਂਸ ਲੈਣ ਦਾ ਇਛੁੱਕ ਨਹੀਂ ਹੈ ਅਤੇ ਡਾਕ ਰਾਹੀਂ ਅਪਣੇ ਘਰ ਦੇ ਪਤੇ 'ਤੇ ਪ੍ਰਾਪਤ ਕਰਨ ਦਾ ਚਾਹਵਾਨ ਹੈ ਤਾਂ ਉਸ ਨੂੰ ਸਪੀਡ ਪੋਸਟ/ਰਜਿਸਟਰੀ 'ਤੇ ਆਉਣ ਵਾਲੇ ਖ਼ਰਚੇ ਦੀ ਅਦਾਇਗੀ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਕੇਵਲ ਜਿਨਾਂ ਬਿਨੈਕਾਰਾਂ ਨੇ ਆਨ ਲਾਈਨ ਮੁਲਾਕਾਤ ਦਾ ਸਮਾਂ ਲਿਆ ਹੈ ਉਨ੍ਹਾਂ ਨੂੰ ਹੀ ਟਰੈਕ 'ਤੇ ਆਉਣ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਟਰੈਕ 'ਤੇ ਆਉਣ ਸਮੇਂ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਨਾ ਸਭ ਲਈ ਜ਼ਰੂਰੀ ਹੋਵੇਗਾ।

ਸੁਵਿਧਾ ਕੇਂਦਰਾਂ 'ਚ ਇਸ ਸਹੂਲਤ ਲਈ ਕਰਨਾ ਪਏਗਾ ਥੋੜ੍ਹਾ ਇੰਤਜ਼ਾਰ
ਲਰਨਿੰਗ ਲਾਇਸੈਂਸ ਅਪਲਾਈ ਕਰਨ ਤੋਂ ਤੁਰੰਤ ਬਾਅਦ ਮਿਲਣ ਦੀ ਸਹੂਲਤ ਲਈ ਜ਼ਿਲ੍ਹੇ ਨਾਲ ਸਬੰਧਤ ਸੁਵਿਧਾ ਸੈਂਟਰਾਂ ਨੂੰ ਹੁਣ ਕੁਝ ਦਿਨਾਂ ਤਕ ਉਡੀਕ ਕਰਨੀ ਹੋਵੇਗੀ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਬੀਤੇ ਮਹੀਨਿਆਂ ਹੀ ਲਰਨਿੰਗ ਲਾਇਸੈਂਸ ਬਣਵਾਉਣ ਨੂੰ ਲੈ ਕੇ ਲੋਕਾਂ ਲਈ ਸੁਵਿਧਾ ਸੈਂਟਰਾਂ 'ਚ ਵੀ ਇਸ ਦੀ ਸ਼ੁਰੂਆਤ ਕਰਵਾਈ ਸੀ ਤਾਂ ਕਿ ਟਰੈਕ 'ਤੇ ਲੱਗਣ ਵਾਲੀ ਭੀੜ ਘੱਟ ਹੋ ਸਕੇ ਅਤੇ ਲੋਕ ਆਪਣੇ ਘਰਾਂ ਦੇ ਨੇੜੇ ਬਣੇ ਸਹੂਲਤ ਕੇਂਦਰ 'ਚ ਜਾ ਕੇ ਲਰਨਿੰਗ ਲਾਇਸੈਂਸ ਬਣਾ ਸਕੇ।


shivani attri

Content Editor

Related News