ਵੈਸਟ ਹਲਕੇ ’ਚ ਆਗੂ ਦੇਣ ਲੱਗੇ ਲਾਟਰੀ ਤੇ ਦੜਾ-ਸੱਟਾ ਕਾਰੋਬਾਰੀਆਂ ਨੂੰ ਖੁੱਲ੍ਹੀ ਸਰਪ੍ਰਸਤੀ

Friday, May 13, 2022 - 12:07 PM (IST)

ਵੈਸਟ ਹਲਕੇ ’ਚ ਆਗੂ ਦੇਣ ਲੱਗੇ ਲਾਟਰੀ ਤੇ ਦੜਾ-ਸੱਟਾ ਕਾਰੋਬਾਰੀਆਂ ਨੂੰ ਖੁੱਲ੍ਹੀ ਸਰਪ੍ਰਸਤੀ

ਜਲੰਧਰ (ਜ. ਬ.): ਵੈਸਟ ਹਲਕੇ ਵਿਚ ਈਮਾਨਦਾਰੀ ਦਾ ਪਾਠ ਪੜ੍ਹਾਉਣ ਵਾਲੇ ਇਕ ਨੇਤਾ ਜੀ ਇਕ ਵਾਰ ਫਿਰ ਚਰਚਾ ਵਿਚ ਆ ਗਏ ਹਨ। ਬੀਤੇ ਮਹੀਨੇ ਉਕਤ ਆਗੂ ਨੇ ਆਪਣੇ ਹਲਕੇ ਵਿਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਵਿਕਣ ਅਤੇ ਦੜਾ-ਸੱਟਾ ਲੱਗਣ ਖ਼ਿਲਾਫ਼ ਅਖਬਾਰਾਂ ਵਿਚ ਬਿਆਨ ਦੇ ਕੇ ਖੂਬ ਵਾਹ-ਵਾਹੀ ਲੁੱਟੀ ਸੀ ਪਰ ਅਜੇ ਇਕ ਮਹੀਨਾ ਹੀ ਬੀਤਿਆ ਹੈ ਕਿ ਲਾਟਰੀ ਤੇ ਦੜਾ-ਸੱਟਾ ਕਾਰੋਬਾਰੀਆਂ ਨੂੰ ਸਰਪ੍ਰਸਤੀ ਦੇ ਕੇ ਉਕਤ ਨੇਤਾ ਜੀ ਫਿਰ ਵਿਵਾਦਾਂ ਵਿਚ ਆ ਗਏ ਹਨ।ਦੱਸਣਯੋਗ ਹੈ ‘ਸ’ ਨਾਂ ਨਾਲ ਜਾਣੇ ਜਾਂਦੇ ਜਿਸ ਸੱਟਾ ਕਾਰੋਬਾਰੀ ਦੇ ਸਿਰ ’ਤੇ ਉਕਤ ਆਗੂ ਨੇ ਹੱਥ ਰੱਖਿਆ ਹੈ, ਉਸ ਨੂੰ ਬੀਤੀ ਸਰਕਾਰ ਦੇ ਸਮੇਂ ਖੁੱਡੇ ਲਾਈਨ ਲਾ ਦਿੱਤਾ ਗਿਆ ਸੀ ਪਰ ਕੁਝ ਅਖੌਤੀ ਆਗੂਆਂ ਦੀ ਮਾਰਫਤ ਪੁਲਸ ਨਾਲ ਸੈਟਿੰਗ ਕਰ ਕੇ ਉਕਤ ਸੱਟਾ ਕਾਰੋਬਾਰੀ ਨੇ ਫਿਰ ਤੋਂ ਆਪਣਾ ਧੰਦਾ ਫੈਲਾਅ ਲਿਆ ਹੈ। 

ਇਹ ਵੀ ਪੜੋ :- CM ਮਾਨ ਦੇ ਸ਼ਹਿਰ ’ਚ ਵੱਡੀ ਵਾਰਦਾਤ, ਸਿਰ 'ਚ ਗੋਲ਼ੀ ਮਾਰ ਨੌਜਵਾਨ ਦਾ ਕੀਤਾ ਕਤਲ

ਡੀਲ ਨੇ ਬਣਾਇਆ ਸੱਟਾ ਕਿੰਗ

ਜਿਸ ਤਰਜ਼ ’ਤੇ ਉਕਤ ਸੱਟਾ ਕਾਰੋਬਾਰੀ ਨੂੰ ਖੁੱਡੇ ਲਾਈਨ ਲੁਆਇਆ ਗਿਆ ਸੀ, ਹੁਣ ਉਸੇ ਤਰਜ਼ ’ਤੇ ਬਾਕੀਆਂ ਨੂੰ ਖੁੱਡੇ ਲਾਈਨ ਲੁਆਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਉਹ ਖੁਦ ਕੇਂਦਰ ’ਚ ਬੈਠ ਕੇ ਪੂਰੇ ਸ਼ਹਿਰ ਵਿਚ ਸੱਟਾ ਲੁਆ ਰਿਹਾ ਹੈ। ਉਕਤ ਦੜਾ-ਸੱਟਾ ਕਾਰੋਬਾਰੀ ਦੀ ਪ੍ਰਪੋਜ਼ਲ ਸੁਣ ਕੇ ਨੇਤਾ ਜੀ ਕਾਫੀ ਪ੍ਰਭਾਵਿਤ ਹੋਏ ਤੇ ਇਕ ਮੋਟੀ ਡੀਲ ਤਹਿਤ ਦੜਾ-ਸੱਟਾ ਕਾਰੋਬਾਰੀ ਜਲੰਧਰ ਦਾ ਸੱਟਾ ਕਿੰਗ ਬਣ ਗਿਆ ਹੈ। ਹੁਣ ਇਕੱਲੀ ਪੁਲਸ ਨੂੰ ਹੀ ਨਹੀਂ, ਨੇਤਾ ਜੀ ਨੂੰ ਵੀ ਮਹੀਨੇ ਦੀ ਮਠਿਆਈ ਜਾਵੇਗੀ।

ਇਹ ਵੀ ਪੜੋ :- ਬਠਿੰਡਾ ਵਿਖੇ ਮੁਫ਼ਤ ਸਫ਼ਰ ਨੂੰ ਲੈ ਕੇ ਹੰਗਾਮਾ, ਬੱਸ ਸਾਹਮਣੇ ਲੇਟੀ ਬਜ਼ੁਰਗ ਬੀਬੀ, ਜਾਣੋ ਪੂਰਾ ਮਾਮਲਾ

ਹਰ ਵਿਧਾਨ ਸਭਾ ਹਲਕੇ ’ਚ ਲੱਗਦੈ ਮੋਟਾ ਸੱਟਾ

ਬੀਤੇ ਸਾਲ ਪੁਲਸ ਵਲੋਂ ਕੀਤੀ ਗਈ ਵੱਡੇ ਪੱਧਰ ਦੀ ਕਾਰਵਾਈ ਤੋਂ ਬਾਅਦ ਸੱਟਾ ਕਾਰੋਬਾਰੀਆਂ ਨੇ ਆਪਣਾ ਧੰਦਾ ਸਮੇਟ ਲਿਆ ਸੀ। ਉਸ ਤੋਂ ਬਾਅਦ ਕਾਰੋਬਾਰੀ ਫੋਨ ਜ਼ਰੀਏ ਘਰ ਬੈਠੇ ਸੱਟਾ ਲੁਆਉਣ ਲੱਗਾ ਅਤੇ ਆਪਣੇ ਕਰਿੰਦਿਆਂ ਜ਼ਰੀਏ ਪੈਸਿਆਂ ਦਾ ਲੈਣ-ਦੇਣ ਕਰਨ ਲੱਗਾ। ਹੁਣ ਸੱਤਾ ਤਬਦੀਲੀ ਤੋਂ ਬਾਅਦ ਇਕ ਵਾਰ ਫਿਰ ਦੜੇ-ਸੱਟੇ ਦਾ ਕਾਰੋਬਾਰ ਸ਼ੁਰੂ ਹੋ ਗਿਆ ਹੈ ਅਤੇ ਇਹ ਇਕੱਲੇ ਇਕ ਵਿਧਾਨ ਸਭਾ ਹਲਕੇ ਵਿਚ ਨਹੀਂ, ਸਗੋਂ ਹਰੇਕ ਵਿਧਾਨ ਸਭਾ ਹਲਕੇ ਵਿਚ ਚੱਲ ਰਿਹਾ ਹੈ ਅਤੇ ਨੇਤਾ ਜੀ ਨਾਜਾਇਜ਼ ਕਮਾਈ ਕਰ ਰਹੇ ਹਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News