ਕੈਨੇਡੀਅਨ ਸੱਸ ਦੇ ਕਤਲ ਦੀ ਸੁਲਝੀ ਗੁੱਥੀ, ਨੂੰਹ ਗ੍ਰਿਫਤਾਰ

03/31/2019 8:43:07 PM

ਫਗਵਾੜਾ, (ਹਰਜੋਤ)- ਇੱਥੋਂ ਦੇ ਮੁਹੱਲਾ ਸਤਨਾਮਪੁਰਾ 'ਚ ਪੈਂਦੇ ਆਦਰਸ਼ ਨਗਰ ਵਿਖੇ ਇੱਕ ਮਹਿਲਾ ਦੇ ਹੋਏ ਕਤਲ ਕੇਸ ਦੀ ਪੁਲਸ ਨੇ ਗੁੱਥੀ ਸੁਲਝਾ ਲਈ ਹੈ ਮ੍ਰਿਤਕਾ ਦਾ ਕਤਲ ਕਰਨ 'ਚ ਉਸ ਦੀ ਨੂੰਹ ਤੇ ਉਸ ਦੀ ਜ਼ਮੀਨ ਵਾਹੁਣ ਵਾਲੇ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਣ ਦੇ ਸਬੰਧ 'ਚ ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 
ਐੱਸ.ਪੀ. ਮਨਦੀਪ ਸਿੰਘ ਤੇ ਐੱਸ.ਐੱਚ.ਓ ਸਤਨਾਮਪੁਰਾ ਉਂਕਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤਨਾਮ ਕੌਰ (57) ਦੇ ਪਤੀ ਦੀ ਸੰਨ 1997-98 'ਚ ਮੌਤ ਹੋ ਗਈ ਸੀ, ਉਸ ਦੇ 2 ਪੁੱਤਰ ਮਨਮੋਹਨ ਸਿੰਘ ਤੇ ਜਗਮੋਹਨ ਸਿੰਘ ਸਨ। ਜਗਮੋਹਨ ਸਿੰਘ ਵੱਡਾ ਪੁੱਤਰ ਸੀ ਉਸ ਦੀ 2017 'ਚ ਮੌਤ ਹੋ ਗਈ ਸੀ ਜਦਕਿ ਛੋਟਾ ਪੁੱਤਰ ਮਨਮੋਹਨ ਸਿੰਘ ਕੈਨੇਡਾ 'ਚ ਰਹਿੰਦਾ ਹੈ ਸਤਨਾਮ ਕੌਰ ਦਾ ਆਪਣੇ ਛੋਟੇ ਪੁੱਤਰ ਕੋਲ ਕੈਨੇਡਾ ਆਉਣਾ ਜਾਣ ਸੀ ਤੇ ਹੁਣ ਵੀ 5 ਮਹੀਨੇ ਪਹਿਲਾ ਕੈਨੇਡਾ ਤੋਂ ਆਈ ਸੀ।
ਜਗਮੋਹਨ ਸਿੰਘ ਦੀ ਪਤਨੀ ਹਰਜੋਤ ਕੌਰ ਦੀ ਆਪਣੀ ਸੱਸ ਦੇ ਨਾਲ ਸਬੰਧ ਠੀਕ ਨਾ ਹੋਣ ਕਾਰਨ ਉਹ ਆਪਣੇ ਪੇਕੇ ਪਿੰਡ ਦਾਦੂਵਾਲ ਵਿੱਖੇ ਲੰਬੇ ਸਮੇਂ ਤੋਂ ਰਹਿ ਰਹੀ ਸੀ ਉਸ ਨੇ ਜ਼ਮੀਨ ਵਾਹੁਣ ਵਾਲੇ ਵਿਅਕਤੀ ਵਿਕਰਮ ਸਿੰਘ ਉਰਫ਼ ਵਿੱਕੀ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਸਮਰਾਵਾਂ (ਜਲੰਧਰ) ਨਾਲ ਪੈਸਿਆਂ ਦਾ ਗੱਠਜੋੜ ਕਰ ਲਿਆ ਤੇ ਮਿੱਥੀ ਸਾਜਿਸ਼ ਤਹਿਤ ਉਹ 29 ਤਾਰੀਕ ਨੂੰ ਆਪਣੀ ਸੱਸ ਦੇ ਘਰ ਆ ਪੁੱਜੀ। ਸੱਸ ਘਰ 'ਚ ਇਕੱਲੀ ਸੀ ਉਨ੍ਹਾਂ ਪਹਿਲਾ ਚਾਹ-ਪਾਣੀ ਪੀਤਾ ਤੇ ਬਾਅਦ 'ਚ ਉਹ ਆਪਣੀ ਸੱਸ ਦਾ ਗੱਲਾ ਘੁੱਟ ਕੇ ਨਿਕਲ ਗਏ ਜਿਸ ਦੀ ਕਿਸੇ ਨੂੰ ਭਿੱਣਖ ਨਹੀਂ ਲੱਗੀ। 
ਉਸ ਦੇ ਘਰ ਦੇ ਕੋਲ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਪੁਲਸ ਨੇ ਕੀਤੀ ਜਾਂਚ ਤੋਂ ਸ਼ੱਕ ਦੀ ਸੂਈ ਉਸ ਦੀ ਨੂੰਹ ਵੱਲ ਚੱਲੇ ਗਈ ਜਿਸ ਨੂੰ ਪੁਲਸ ਨੇ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਇਹ ਮਾਮਲਾ ਸਾਹਮਣੇ ਆਇਆ। ਹਰਜੋਤ ਕੌਰ ਨੇ ਮੰਨਿਆ ਕਿ ਉਸ ਦੇ ਸਿਰ ਕਰਜਾ ਸੀ ਉਸ ਨੇ ਸੋਚਿਆ ਕਿ ਸੱਸ ਨੂੰ ਮੌਤ ਦੇ ਘਾਟ ਉਤਾਰਨ ਉਪਰੰਤ ਹੀ ਉਸ ਨੂੰ ਜਾਇਦਾਦ ਦਾ ਹਿੱਸਾ ਮਿਲ ਸਕਦਾ ਹੈ ਜਿਸ ਸਬੰਧੀ ਉਸ ਨੇ ਜ਼ਮੀਨ ਵਾਹੁਣ ਵਾਲੇ ਵਿਅਕਤੀ ਨਾਲ ਸਾਜਿਸ਼ ਰੱਚ ਲਈ ਉਨ੍ਹਾਂ ਦੱਸਿਆ ਕਿ ਵਿੱਕੀ ਵੀ ਨਸ਼ਿਆਂ ਦਾ ਆਦੀ ਹੈ। 
ਐੱਸ.ਐੱਚ.ਓ ਸਤਨਾਮਪੁਰਾ ਉਂਕਾਰ ਸਿੰਘ ਨੇ ਦੱਸਿਆ ਕਿ ਦੋਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਹੁਣ ਸੋਮਵਾਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਜਦੋਂ ਇਸ ਮਾਮਲੇ ਨੂੰ ਲੈ ਕੇ ਦੋਸ਼ੀ ਹਰਜੋਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਦੀ ਸੱਸ ਉਸ ਨੂੰ ਕਾਫ਼ੀ ਗਲਤ ਤੇ ਮੰਦੀ ਭਾਸ਼ਾ ਤੇ ਪ੍ਰੇਸ਼ਾਨ ਕਰਦੀ ਸੀ। ਉਸ ਨੇ ਕਿਹਾ ਕਿ ਉਸ ਨੂੰ ਹੁਣ ਆਪਣੀ ਗਲਤੀ 'ਤੇ ਬਹੁਤ ਅਹਿਸਾਸ ਹੋ ਰਿਹਾ ਹੈ।  
ਦੱਸਣਯੋਗ ਹੈ ਕਿ ਐੱਸ.ਐੱਚ.ਓ ਸਤਨਾਮਪੁਰਾ ਉਕਾਰ ਸਿੰਘ ਨੇ ਦੱਸਿਆ ਕਿ ਜਦੋਂ ਪੁਲਸ ਨੂੰ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਕਿ ਸਿਰਫ਼ ਔਰਤ ਦਾ ਕਤਲ ਹੀ ਕੀਤਾ ਗਿਆ ਤੇ ਘਰੋਂ ਸਾਮਾਨ ਕੋਈ ਨਹੀਂ ਚੋਰੀ ਹੋਇਆ ਤਾਂ ਉਨ੍ਹਾਂ ਨੂੰ ਇਹ ਸਾਰਾ ਮਾਮਲਾ ਰੰਜਿਸ਼ ਦਾ ਹੀ ਜਾਪਣ ਲੱਗਾ, ਜਾਂਚ ਤੋਂ ਬਾਅਦ ਜਦੋਂ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪੁਲਸ ਦੇ ਸਾਹਮਣੇ ਇਹ ਮਾਮਲਾ ਆਇਆ ਜਦੋਂ ਹਰਜੋਤ ਕੌਰ ਨੂੰ ਕਾਬੂ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਨੇ ਆਪਣਾ ਜ਼ੁਲਮ ਕਬੂਲ ਲਿਆ।


KamalJeet Singh

Content Editor

Related News