ਲਾਡੋਵਾਲੀ ਰੋਡ ਰੇਲਵੇ ਫਾਟਕ ਕੋਲ ਟੁੱਟੀ ਸੜਕ ਕਾਰਨ ਹੋ ਰਹੇ ਨੇ ਹਾਦਸੇ

Monday, Feb 17, 2020 - 04:56 PM (IST)

ਲਾਡੋਵਾਲੀ ਰੋਡ ਰੇਲਵੇ ਫਾਟਕ ਕੋਲ ਟੁੱਟੀ ਸੜਕ ਕਾਰਨ ਹੋ ਰਹੇ ਨੇ ਹਾਦਸੇ

ਜਲੰਧਰ (ਮਹੇਸ਼)— ਲਾਡੋਵਾਲੀ ਰੋਡ ਰੇਲਵੇ ਫਾਟਕ ਕੋਲ ਕਾਫੀ ਸਮੇਂ ਤੋਂ ਬੁਰੀ ਤਰ੍ਹਾਂ ਨਾਲ ਸੜਕ ਟੁੱਟੀ ਹੋਣ ਕਾਰਨ ਹਾਦਸੇ ਹੋ ਰਹੇ ਹਨ। ਰਾਹਗੀਰ ਅਤੇ ਉਥੇ ਰਹਿੰਦੇ ਲੋਕ ਕਈ ਵਾਰ ਇਸ ਸੜਕ ਨੂੰ ਬਣਾਉਣ ਦੀ ਮੰਗ ਨਗਰ ਨਿਗਮ ਕੋਲ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਇਹ ਸਮੱਸਿਆ ਦਿਨੋ-ਦਿਨ ਹੋਰ ਵਧਦੀ ਜਾ ਰਹੀ ਹੈ। ਇੰਨਾ ਹੀ ਨਹੀਂ, ਸੰਤ ਨਗਰ ਖੇਤਰ 'ਚ ਘਰਾਂ ਅਤੇ ਦੁਕਾਨਾਂ ਦਾ ਕੂੜਾ ਸੜਕ ਦੇ 'ਚ ਹੀ ਸੁੱਟਿਆ ਜਾ ਰਿਹਾ ਹੈ। ਇਥੇ ਦੀਆਂ ਸਟ੍ਰੀਟ ਲਾਈਟਾਂ ਵੀ ਬੰਦ ਪਈਆਂ ਹੋਈਆਂ ਹਨ। ਹਨੇਰੇ ਦਾ ਫਾਇਦਾ ਚੁੱਕਦੇ ਹੋਏ ਲੋਕ ਰਸਤੇ 'ਚ ਹੀ ਕੂੜਾ ਸੁੱਟ ਕੇ ਚਲੇ ਜਾਂਦੇ ਹਨ। ਬਦਬੂ ਦੇ ਮਾਹੌਲ 'ਚ ਲੋਕ ਕੂੜੇ ਕੋਲੋਂ ਨਿਕਲਣ ਲਈ ਮਜਬੂਰ ਹੋ ਰਹੇ ਹਨ।

ਸੰਤ ਨਗਰ ਨੂੰ ਜਾਂਦੇ ਮੇਨ ਰੋਡ 'ਤੇ ਸ਼ੁਰੂ 'ਚ ਹੀ ਖਾਲੀ ਪਏ ਪਲਾਟ ਬਾਹਰ ਬੇਸ਼ੁਮਾਰ ਕੂੜਾ ਪਿਆ ਦੇਖ ਕੇ ਤੁਹਾਨੂੰ ਲੱਗੇਗਾ ਕਿ ਕੂੜੇ ਦਾ ਇਥੇ ਡੰਪ ਬਣਾਇਆ ਗਿਆ ਹੈ। ਲਾਡੋਵਾਲੀ ਰੋਡ ਰੇਲਵੇ ਫਾਟਕ ਕੋਲ ਜੇਕਰ ਟੁੱਟੀ ਹੋਈ ਸੜਕ ਨੂੰ ਜਲਦੀ ਨਹੀਂ ਬਣਾਇਆ ਗਿਆ ਤਾਂ ਕਿਸੇ ਰਾਹਗੀਰ ਦਾ ਬਹੁਤ ਨੁਕਸਾਨ ਵੀ ਹੋ ਸਕਦਾ ਹੈ। ਇਥੇ ਹੀ ਸਕੂਲੀ ਬੱਸਾਂ ਖੜ੍ਹੀਆਂ ਹੁੰਦੀਆਂ ਹਨ, ਜਿਸ 'ਚ ਚੜ੍ਹਨ ਲਈ ਬੱਚੇ ਵੀ ਟੁੱਟੀ ਹੋਈ ਸੜਕ 'ਤੇ ਹੀ ਖੜ੍ਹੇ ਹੋਣ ਲਈ ਮਜਬੂਰ ਹੁੰਦੇ ਹਨ। ਲੋਕ ਇਸ ਗੱਲ ਤੋਂ ਹੈਰਾਨ ਹਨ ਕਿ ਜੇਕਰ ਸਿਰਫ ਸੰਤ ਨਗਰ ਦਾ ਇਹ ਹਾਲ ਹੈ ਤਾਂ ਪੂਰੇ ਸ਼ਹਿਰ ਦੇ ਹਾਲਾਤ ਕਿਵੇਂ ਹੋਣਗੇ।
ਉਨ੍ਹਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਦੀਪਰਵ ਲਾਕੜਾ, ਮੇਅਰ ਜਗਦੀਸ਼ ਰਾਜ ਰਾਜਾ ਤੋਂ ਮੰਗ ਕੀਤੀ ਹੈ ਕਿ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ। ਰਸਤੇ ਦੇ ਵਿਚ ਸੁੱਟੇ ਜਾਂਦੇ ਕੂੜੇ 'ਤੇ ਰੋਕ ਲਾਈ ਜਾਵੇ ਅਤੇ ਬੰਦ ਪਈਆਂ ਹੋਈਆਂ ਸਟ੍ਰੀਟ ਲਾਈਟਾਂ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ।


author

shivani attri

Content Editor

Related News