ਭਾਈਚਾਰਕ ਏਕਤਾ ਦਾ ਪ੍ਰਤੀਕ : ‘ਪਿੰਡ ਕੋਟਲਾ ਨਿਹੰਗ’

05/08/2020 6:19:45 PM

ਰੂਪਨਗਰ ਤੋਂ 2 ਕੁ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ‘ਪਿੰਡ ਕੋਟਲਾ ਨਿਹੰਗ’, ਜੋ ਬਹੁਤ ਹੀ ਪੁਰਾਣਾ ਨਗਰ ਹੈ। ਕਿਹਾ ਜਾਂਦਾ ਹੈ ਕਿਸੇ ਵੇਲੇ ਇੱਥੇ ਸਤਲੁਜ ਦਰਿਆ ਦਾ ਪੱਤਣ ਸੀ। ਇਸ ਦਰਿਆ ਦੇ ਕਿਨਾਰੇ ਰਿਸ਼ੀ-ਮੁਨੀ ਤਪ ਕਰਿਆ ਕਰਦੇ ਸਨ। ਵੈਦਿਕ ਰਿਸ਼ੀ ਕਣਵ ਦਾ ਪੁੱਤਰ ਵਤਸ ਰਿਸ਼ੀ ਨੇ ਇੱਥੇ ਆਸ਼ਰਮ ਬਣਾਇਆ ਹੋਇਆ ਸੀ। ਲਗਭਗ 2000 ਪਹਿਲਾਂ ਇੱਥੇ ਆਬਾਦੀ ਹੋਣੀ ਸ਼ੁਰੂ ਹੋਈ। 1954 ਐੱਮ.ਐੱਸ ਵਾਟਸ ਦੀ ਦੇਖ-ਰੇਖ ਵਿਚ ਹੋਈ ਖੁਦਾਈ ਦੌਰਾਨ ਇੱਥੋਂ ਹੜੱਪਾ ਸਭਿਅਤਾ ਨਾਲ ਮੇਲ ਖਾਂਦੀਆਂ ਚੀਜਾਂ ਨਿਕਲੀਆਂ। ਫਿਰ ਇਸ ਇਲਾਕੇ ’ਤੇ ਰਾਜਪੂਤ ਕਾਬਜ ਹੋ ਗਏ। ਇੱਥੇ ਕੋਟ ਜਾਂ ਕਿਲ੍ਹਾ ਬਣਾ ਲਿਆ, ਜਿਸ ਕਰਕੇ ਇਸਦਾ ਨਾਮ ਕੋਟਲਾ ਪੈ ਗਿਆ। ਪਰ ਸੰਭਵਤਾ ਇਹ ਮੁਸਲਮਾਨਾਂ ਦੇ ਹਮਲਿਆਂ ਕਾਰਨ ਉੱਜੜ ਗਿਆ।

ਮੁਗ਼ਲਵੰਸ਼ੀ ਸਮਰਕ਼ੰਦ ਦਾ ਬਾਦਸ਼ਾਹ ਤੈਮੂਰ, ਜਿਸ ਨੂੰ ਤਿਮਰਲੰਗ ਵੀ ਆਖਦੇ ਹਨ, ਨੇ ਸਨ 1398 ਨੂੰ ਭਾਰਤ ’ਤੇ ਹਮਲਾ ਕੀਤਾ ਅਤੇ ਉਸਨੇ ਦਿੱਲੀ ਦੇ ਛੋਟੀ ਉਮਰ ਦੇ ਬਾਦਸ਼ਾਹ ਨਾਸਿਰੁੱਦੀਨ ਮਹਿਮੂਦ ਨੂੰ ਹਰਾ ਦਿੱਲੀ ’ਤੇ ਫਤਿਹ ਕਰ ਲਈ। ਜਦੋਂ ਇਹ ਕਈ ਥਾਈਂ ਕ਼ਤਲਾਮ ਕਰ ਕਬਜੇ ਕਰਦਾ ਹੋਇਆ ਆਪਣੇ ਦੇਸ਼ ਨੂੰ ਵਾਪਸ ਚੱਲਿਆ ਤਾਂ ਇਸਨੇ ਵਾਪਸੀ ਸਮੇਂ ਜਿਨ੍ਹਾਂ ਨੂੰ ਵਫਾਦਾਰ ਪਾਇਆ ਉਨ੍ਹਾਂ ਪਠਾਣਾਂ ਨੂੰ ਇਲਾਕੇ ਸੰਭਾਲ ਜਗੀਰਾਂ ਦੇ ਦਿੱਤੀਆਂ। ਇਸਨੇ ਆਪਣੇ ਇੱਕ ਹਮਰਕਾਬ ਸ਼ਾਹ ਸੁਲੇਮਾਨ ਨੂੰ ਇਸ ਇਲਾਕੇ ਦੇ ਛੱਪੰਜਾ ਪਿੰਡਾਂ ਦੀ ਜਗੀਰ ਦੇ ਦਿੱਤੀ। ਸ਼ਾਹ ਸੁਲੇਮਾਨ ਨੇ ਕੋਟਲਾ ਦੇ ਢਹੇ ਕਿਲੇ ਨੂੰ ਫਿਰ ਤੋਂ ਬਣਾਇਆ। ਇਸ ਉੱਤੇ ਦੋ ਕਿਲਿਆਂ ਦੇ ਰਕਬੇ ਵਿਚ 25 ਫੁੱਟ ਉੱਚੀ ਅਤੇ 5 ਫੁੱਟ ਚੌੜੀ ਕੰਧ ਬਣਾ ਇਕ ਮਜਬੂਤ ਕਿਲ੍ਹਾ ਉਸਾਰਿਆ ਅਤੇ ਪਰਿਵਾਰ ਸਹਿਤ ਇੱਥੇ ਆਬਾਦ ਹੋ ਗਿਆ। ਪਠਾਣਾਂ ਦੇ ਵਸਣ ਕਰਕੇ ਇਸਦਾ ਨਾਮ ਕੋਟ ਪਠਾਣਾਂ ਪੈ ਗਿਆ। ਇੱਥੇ ਹੋਰ ਸੈਣੀ ਆਦਿ ਬਿਰਾਦਰੀਆਂ ਦੇ ਲੋਕ ਆ ਵਸੇ ਤੇ ਪਿੰਡ ਬੱਝ ਗਿਆ। ਮੁਗਲ ਕਾਲ ਵੇਲੇ ਇਹ ਸਰਹਿੰਦ ਸਰਦਾਰ ਦੇ ਪਰਗਨਾ ਰੋਪੜ ਦੇ ਅਧੀਨ ਆਉਂਦਾ ਸੀ। 

ਸ਼ਾਹ ਸੁਲੇਮਾਨ ਦਾ ਪੜਪੋਤਾ ਸ਼ਮਸ਼ ਖਾਂ ਹੋਇਆ, ਜਿਸਦੇ ਕੋਈ ਔਲਾਦ ਨਹੀਂ ਸੀ। ਇਸ ਗੱਲ ਕਾਰਨ ਇਹ ਕਾਫੀ ਚਿੰਤਤ ਰਹਿੰਦਾ ਸੀ। ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਜੀ ਗਵਾਲੀਅਰ ਤੋਂ ਮੁੜਦੇ ਹੋਏ ਇਸ ਇਲਾਕੇ ਵਿਚ ਆਏ ਤਾਂ ਨੌਰੰਗ ਖਾਂ ਦੇ ਸੰਬੰਧੀਆਂ ਨੇ ਇਸਨੂੰ ਸਲਾਹ ਦਿੱਤੀ ਕਿ ਤੂੰ ਛੇਵੇਂ ਪਾਤਸ਼ਾਹ ਦੀ ਸੇਵਾ ਕਰ ਤਾਂ ਉਹ ਜਰੂਰ ਤੈਨੂੰ ਔਲਾਦ ਦਾ ਵਰ ਦੇਣਗੇ। ਉਸਨੇ ਗੁਰੂ ਜੀ ਨੂੰ ਰਾਜਿਆਂ ਸਮੇਤ ਆਪਣੇ ਕਿਲੇ ਵਿਚ ਰਾਤ ਰੱਖਕੇ ਬੜੀ ਸੇਵਾ ਕੀਤੀ ਅਤੇ ਗੁਰੂ ਜੀ ਤੋਂ ਸੰਤਾਨ ਪ੍ਰਾਪਤੀ ਦਾ ਵਰਦਾਨ ਲਿਆ। ਗੁਰੂ ਜੀ ਦੇ ਬਚਨਾ ਸਦਕਾ ਇਨ੍ਹਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ। ਉਸੇ ਦਿਨ ਤੋਂ ਇਹ ਪਰਿਵਾਰ ਗੁਰੂ ਘਰ ਦੀ ਮੁਰੀਦ ਹੋ ਗਿਆ।

ਹੰਡੂਰ ਰਿਆਸਤ ਦਾ ਰਾਜਾ ਹਿੰਮਤ ਚੰਦ ਹੰਡੂਰੀ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਸ਼ਰਧਾਲੂ ਸੀ। ਇਸਦੀ ਇਲਾਕੇ ਨੂੰ ਲੈ ਕੇ ਰੋਪੜ ਦੇ ਨਵਾਬ ਨਾਸਰ ਅਲੀ ਨਾਲ ਹਮੇਸ਼ਾ ਲੜਾਈ ਰਹਿੰਦੀ ਸੀ। ਸੰਮਤ 1692 ਬਿਕ੍ਰਮੀ ਵਿਚ ਰੋਪੜ ਦੇ ਨਵਾਬ ਨਾਸਰ ਅਲੀ ਨੇ ਰਾਜਾ ਹਿੰਮਤ ਚੰਦ ਹੰਡੂਰੀ ਦੇ ਕੁਝ ਇਲਾਕੇ ’ਤੇ ਕਬਜ਼ਾ ਕਰ ਲਿਆ, ਇਸਨੇ ਛੇਵੇਂ ਪਾਤਸ਼ਾਹ ਜੀ ਤੋਂ ਮਦਦ ਮੰਗੀ। ਗੁਰੂ ਜੀ ਨੇ ਉਸਦੀ ਮਦਦ ਲਈ ਬਾਬਾ ਗੁਰਦਿੱਤਾ ਜੀ ਨੂੰ ਸੌ ਅਸਵਾਰ ਦੇ ਕੇ ਭੇਜਿਆ। ਬਾਬਾ ਜੀ ਦੀ ਮਦਦ ਕਾਰਨ ਰਾਜਾ ਹਿੰਮਤ ਚੰਦ ਹੰਡੂਰੀ ਦੀ ਜਿੱਤ ਹੋਈ। ਹਾਰੇ ਹੋਏ ਨਵਾਬ ਨਾਸਰ ਅਲੀ ਨੇ ਗੁਰੂ ਜੀ ਨਾਲ ਮੇਲ ਕਰਨਾ ਚਾਹਿਆ। ਉਸਨੇ ਕੋਟਲਾ ਪਠਾਣਾਂ ਦੇ ਚੌਧਰੀ ਸ਼ਮਸ਼ ਖਾਂ ਨੂੰ (ਜੋ ਗੁਰੂ ਜੀ ਦਾ ਸ਼ਰਧਾਲੂ ਸੀ) ਗੁਰੂ ਜੀ ਪਾਸ ਸੁਲ੍ਹਾ ਲਈ ਭੇਜਿਆ। ਗੁਰੂ ਜੀ ਨੇ ਨਵਾਬ ਦੀ ਬੇਨਤੀ ਮੰਨ ਰੋਪੜ ਵਿਖੇ ਚਰਨ ਪਾਏ ਅਤੇ ਇਕ ਰਾਤ ਇੱਥੇ ਰਹੇ। ਅਗਲੇ ਦਿਨ ਸ਼ਮਸ਼ ਖਾਂ ਗੁਰੂ ਨੂੰ ਬੇਨਤੀ ਕਰ ਕੋਟਲਾ ਪਠਾਣਾਂ ਲੈ ਆਇਆ। ਗੁਰੂ ਜੀ ਨੂੰ ਦੋ ਰਾਤਾਂ ਰੱਖ ਖੂਬ ਸੇਵਾ ਕੀਤੀ। ਗੁਰੂ ਜੀ ਲਖਮੀਪੁਰ ਹੁੰਦੇ ਹੋਏ ਵਾਪਸ ਕੀਰਤਪੁਰ ਚਲੇ ਗਏ।

ਸ਼ਮਸ਼ ਖਾਂ ਦਾ ਪੁੱਤਰ ਆਲਮ ਖਾਂ ਹੋਇਆ ਅਤੇ ਉਸਦੇ ਦੇ ਅਗੋਂ ਨੌਰੰਗ ਖਾਂ ਹੋਇਆ। ਇਹ ਵੀ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ। ਨੌਰੰਗ ਖਾਂ ਦੇ ਘਰ ਜਦੋਂ ਬੱਚੇ ਨੇ ਜਨਮ ਲਿਆ ਤਾਂ ਇਹ ਬੱਚੇ ਨੂੰ ਲੈ ਗੁਰੂ ਜੀ ਪਾਸ ਗਏ ਤਾਂ ਗੁਰੂ ਜੀ ਨੇ ਇਸਦਾ ਨਾਮ ਨਿਹੰਗ ਖਾਂ ਰੱਖਿਆ। ਨੌਰੰਗ ਖਾਂ ਨੇ ਵਾਪਸ ਆ ਇਸ ਪਿੰਡ ਦਾ ਨਾਮ ਵੀ ਕੋਟਲਾ ਪਠਾਣਾਂ ਤੋਂ ਕੋਟਲਾ ਨਿਹੰਗ ਰੱਖ ਦਿੱਤਾ। ਇਹ ਵੀ ਕਿਹਾ ਜਾਂਦਾ ਹੈ ਕਿ ਇੱਥੇ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਜੀ ਨੇ ਵੀ ਚਰਨ ਪਾਏ ਸਨ। ਸ੍ਰੀ ਗੁਰੂ ਹਰਿਰਾਏ ਜੀ ਦੇ ਪੁੱਤਰ ਰਾਮਰਾਏ ਜੀ ਵੀ ਦਿੱਲੀ ਤੋਂ ਵਾਪਸ ਆਕੇ ਕੋਟਲਾ ਪਠਾਣਾਂ ਵਿਖੇ ਠਹਿਰੇ ਸਨ। 1718 ਵਿਚ ਨੌਰੰਗ ਖਾਂ ਨੇ ਇਸ ਕਿਲੇ ਦੀ ਮੁਰੰਮਤ ਵੀ ਕਰਵਾਈ। ਨੌਰੰਗ ਖਾਂ ਦੀ ਲੜਕੀ ਉਮਰੀ, ਜੋ ਮਾਛੀਵਾੜੇ ਵਿਆਹੀ ਹੋਈ ਸੀ। ਇਸ ਦੇ ਪੁੱਤਰ ਨਬੀ ਖਾਂ ਤੇ ਗਨੀ ਖਾਂ ਹੋਏ। ਇਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਸਨ। 

ਨਿਹੰਗ ਖਾਂ ਦੀ ਸ਼ਾਦੀ ਜੈਨਾ ਨਾਲ ਹੋਈ ਅਤੇ ਇਸਦੇ ਇਕ ਪੁੱਤਰ ਆਲਮ ਖਾਂ ਤੇ ਇਕ ਕੁੜੀ ਮੁਮਤਾਜ ਹੋਈ। ਨਿਹੰਗ ਖਾਂ ਨੇ ਨਜਦੀਕ ਹੀ ਆਪਣੇ ਪਿਤਾ ਦੇ ਨਾਮ ’ਤੇ ਇਕ ਪਿੰਡ ਨੌਰੰਗਪੁਰ ਝਾਂਡੀਆਂ ਵਸਾਇਆ, ਜਿਸਨੂੰ ਹੁਣ ਬੜੀ ਪਿੰਡ ਰਹਿੰਦੇ ਹਨ। 1744 ਬਿਕ੍ਰਮੀ ਵਿਚ ਨਿਹੰਗ ਖਾਂ ਨੂੰ ਕਿਲ੍ਹਾ ਸਵਾਰਨ ਦਾ ਖਿਆਲ ਆਇਆ। ਜਿਸ ਕਰਕੇ ਇਸਨੇ ਬਹੁਤ ਸਾਰਿਆਂ ਥਾਵਾਂ ਤੋਂ ਰੋੜ ਇੱਕਠੇ ਕਰਕੇ ਕਿਲ੍ਹੇ ਤੋਂ ਇਕ ਫਰਲਾਂਗ ਦੀ ਦੂਰੀ ’ਤੇ ਝੂੰਡਾਂ ਵਾਲੀ ਥਾਂ ’ਤੇ ਇਕ ਭੱਠਾ ਲਗਾਇਆ। ਰੋੜਾਂ ਨੂੰ ਭੱਠੇ ਵਿਚ ਸਾੜ ਕੇ ਚੂੰਨਾ ਕੀਤਾ ਜਾਂਦਾ ਸੀ।

1745 ਬਿਕ੍ਰਮੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦਾ ਯੁੱਧ ਜਿੱਤ ਕੇ ਵਾਪਸ ਅੰਨਦਪੁਰ ਸਾਹਿਬ ਆਉਂਦੇ ਹੋਏ ਕੋਟਲਾ ਨਿਹੰਗ ਵਿਖੇ ਪਹੁੰਚੇ ਤਾਂ ਇਨ੍ਹਾਂ ਦਾ ਘੋੜਾ ਅੜ ਗਿਆ। ਗੁਰੂ ਜੀ ਦੇ ਦੀਵਾਨ ਭਾਈ ਨੰਦਚੰਦ ਨੇ ਜਦੋਂ ਘੋੜੇ ਨੂੰ ਕੋਰੜਾ ਦਿਖਾਇਆ ਤਾਂ ਘੋੜਾ ਛਾਲ ਮਾਰ ਜਲਦੇ ਹੋਏ ਰੋੜਾਂ ਦੀ ਭੱਠੇ ’ਤੇ ਜਾ ਚੜਿਆ। ਉਸੇ ਵਰਤ ਭੱਠਾ ਸੀਤ ਹੋ ਗਿਆ। ਘੋੜੇ ਦੇ ਪੌੜਾਂ ਦੇ ਨਿਸ਼ਾਨ ਹੁਣ ਵੀ ਇੱਥੇ ਮੌਜੂਦ ਹਨ। ਨਿਹੰਗ ਖਾਂ ਨੂੰ ਪਤਾ ਲਗਾ ਕਿ ਗੁਰੂ ਜੀ ਆਏ ਹਨ, ਉਹ ਭੇਟਾਵਾਂ ਲੈ ਗੁਰੂ ਜੀ ਦੇ ਪੈਰੀਂ ਪਿਆ। ਗੁਰੂ ਜੀ ਦੇ ਚਰਨ ਕਿਲ੍ਹੇ ਵਿਚ ਪਵਾਏ। ਗੁਰੂ ਜੀ ਇਕ ਰਾਤ ਵਿਸਦੇ ਕਿਲ੍ਹੇ ਵਿਚ ਰਾਤ ਰਹਿ ਕੇ ਅੰਨਦਪੁਰ ਸਾਹਿਬ ਚਲੇ ਗਏ। ਦੂਜੀ ਵਾਰ ਗੁਰੂ ਜੀ ਕੁਰਸ਼ੇਤਰ ਜਾਂ ਧਮਧਾਨ ਤੋਂ ਵਾਪਸ ਆਉਂਦੇ ਹੋਏ ਕੁਝ ਸਮਾਂ ਇੱਥੇ ਠਹਿਰੇ ਸਨ। 

1751 ਬਿਕ੍ਰਮੀ ਵਿਚ ਨਿਹੰਗ ਖਾਂ ਨੇ ਆਪਣੇ ਪੁੱਤਰ ਆਲਮ ਖਾਂ ਦਾ ਰਿਸ਼ਤਾ ਰਾਏਕੋਟ ਦੇ ਨਵਾਬ ਰਾਏਕਲ੍ਹੇ ਦੇ ਸਪੁੱਤਰੀ ਨਾਲ ਤਹਿ ਕਰ ਦਿੱਤਾ। ਮੰਗਣੀ ਦੀ ਤਾਰੀਖ ਮਿੱਥਣ ਤੋਂ ਬਾਅਦ ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਚੇਚੇ ਤੌਰ ’ਤੇ ਪਰਿਵਾਰ ਸਹਿਤ ਇਸ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ। ਗੁਰੂ ਜੀ 5 ਜੇਠ 1751 ਬਿਕ੍ਰਮੀ ਪਰਿਵਾਰ ਅਤੇ ਪ੍ਰਮੁੱਖ ਗੁਰਸਿੱਖਾਂ ਨਾਲ ਨੂੰ ਆਲਮ ਖਾਂ ਦੀ ਮੰਗਣੀ ਤੇ ਗੁਰੂ ਕੋਟਲਾ ਨਿਹੰਗ ਆਏ। ਇਸ ਮੌਕੇ ਗੁਰੂ ਜੀ ਗੁਰਸਾ ਸਿੰਘ ਗਹੂਣੀਏ ਦੇ ਘਰ ਰਹੇ। ਗੁਰੂ ਜੀ ਤਿੰਨ ਦਿਨ ਇੱਥੇ ਰਹਿ ਕੇ ਵਾਪਸ ਅੰਨਦਪੁਰ ਚਲੇ ਗਏ। ਫਿਰ ਨਿਹੰਗ ਖਾਂ ਨੇ ਆਪਣੀ ਕੁੜੀ ਮੁਮਤਾਜ ਦਾ ਰਿਸ਼ਤਾ ਵੀ ਬੱਸੀ ਪਠਾਣਾਂ ਨਾਲ ਕਰ ਦਿੱਤਾ। 

ਚੌਥੀ ਵਾਰ 1762 ਬਿਕ੍ਰਮੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਸ੍ਰੀ ਅਨੰਦਪੁਰ ਦੀ ਧਰਤੀ ਨੂੰ ਛੱਡ ਕੇ ਸਰਸਾ ਪਾਰ ਕਰ ਰਹੇ ਸਨ ਤਾਂ ਮੁਗਲਾਂ ’ਤੇ ਪਹਾੜੀ ਫੌਜਾਂ ਨੇ ਹਮਲਾ ਕਰ ਦਿੱਤਾ। ਜ਼ਬਰਦਸਤ ਮੁੱਠਭੇੜ 'ਚ ਅਨੇਕਾਂ ਸਿੰਘ ਸ਼ਹੀਦ ਅਤੇ ਜ਼ਖਮੀ ਹੋਏ, ਜਿਨ੍ਹਾਂ 'ਚ ਪਾਲਿਤ ਪੁੱਤਰ ਜੋਰਾਵਰ ਸਿੰਘ ਅਤੇ ਭਾਈ ਬਚਿੱਤਰ ਸਿੰਘ ਵੀ ਸੀ। ਭਾਈ ਬਚਿੱਤਰ ਸਿੰਘ ਬਹੁਤ ਸਖਤ ਘਾਇਲ ਸਨ, ਇਸ ਲਈ ਗੁਰੂ ਸਾਹਿਬ ਜੀ ਨੇ ਇਨ੍ਹਾਂ ਨੂੰ ਗੁਰੂ ਘਰ ਦੇ ਅਥਾਹ ਸ਼ਰਧਾਲੂ ਨਿਹੰਗ ਖਾਂ ਦੇ ਹਵਾਲੇ ਕਰ ਦਿੱਤਾ ਤਾਂ ਕਿ ਉਨ੍ਹਾਂ ਦੀ ਸੰਭਾਲ ਕੀਤੀ ਜਾ ਸਕੇ। ਗੁਰੂ ਜੀ 38 ਸਿੰਘਾਂ ਨੂੰ ਨਾਲ ਲੈ ਕੇ ਰਾਤ ਸਮੇਂ ਹੀ ਚਮਕੌਰ ਵੱਲ ਰਵਾਨਾ ਹੋ ਗਏ। ਨਿਹੰਗ ਖਾਂ ਦਾ ਬੇਟਾ ਆਲਮ ਖਾਂ ਰਾਹ ਦਿਖਾਉਣ ਲਈ ਨਾਲ ਗਿਆ।

ਇਸ ਮੌਕੇ ਕਿਸੇ ਸੂਹੀਏ ਨੇ ਰੋਪੜ ਦੇ ਕੋਤਵਾਲ ਜਾਫਰ ਅਲੀ ਖਾਂ ਨੂੰ ਜਾ ਸੂਹ ਦਿੱਤੀ ਕਿ ਨਿਹੰਗ ਖਾਂ ਦੇ ਕਿਲੇ 'ਚ ਸਿੰਘ ਲੁਕੇ ਹੋਏ ਹਨ ਤਾਂ ਕੋਤਵਾਲ ਭਾਰੀ ਫੌਜ ਲੈ ਕੇ ਇਸ ਕਿਲ੍ਹੇ ਨੂੰ ਘੇਰਾ ਪਾ ਲਿਆ ਅਤੇ ਅੰਦਰ ਦਾਖਲ ਹੋਇਆ। ਉਸ ਨੇ ਇਸ ਕਿਲ੍ਹੇ ਦੀ ਤਲਾਸ਼ੀ ਲਈ, ਕਿਲ੍ਹੇ ਦੀ ਕੋਠੜੀ ਜਿਸ ਵਿਚ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ 'ਚ ਪਿਆ ਸੀ ਤੇ ਬੀਬੀ ਮੁਮਤਾਜ ਇਸ ਦੀ ਦੇਖ-ਭਾਲ ਕਰ ਰਹੀ ਸੀ। ਕੋਠੜੀ ਦਾ ਦਰਵਾਜਾ ਅੰਦਰੋਂ ਬੰਦ ਸੀ, ਕੋਤਵਾਲ ਨੇ ਜਦੋਂ ਉਸ ਬਾਰੇ ਪੁੱਛਿਆ ਤਾਂ ਪਠਾਣ ਨਿਹੰਗ ਖਾਂ ਨੇ ਕੋਤਵਾਲ ਨੂੰ ਕਿਹਾ, 'ਇਸ ਕਮਰੇ ਮੇ ਮੇਰੀ ਬੇਟੀ ਔਰ ਦਾਮਾਦ ਸੋ ਰਹੇ ਹੈਂ।' ਇਹ ਸੁਣ ਇਹ ਸੁਣ ਬੀਬੀ ਮੁਮਤਾਜ ਨੇ ਭਾਈ ਬਚਿੱਤਰ ਸਿੰਘ ਨੂੰ ਹੀ ਆਪਣਾ ਪਤੀ ਮੰਨ ਲਿਆ ਅਤੇ ਉਸਨੇ ਫੈਸਲਾ ਕਰ ਲਿਆ ਕਿ ਹੁਣ ਬਸੀ ਪਠਾਣਾਂ ਵਿਆਹ ਨਹੀਂ ਕਰਵਾਉਂਗੀ। ਕੋਤਵਾਲ ਉਸ ਕਮਰੇ ਦੀ ਬਿਨ੍ਹਾਂ ਤਲਾਸ਼ੀ ਲਏ ਹੀ ਚਲਾ ਗਿਆ। 7 ਪੋਹ 1762 ਨੂੰ ਭਾਈ ਬਚਿੱਤਰ ਸਿੰਘ ਨੇ ਸਵਾਸ ਤਿਆਗ ਦਿੱਤੇ ਤੇ ਉਨ੍ਹਾਂ ਦਾ ਸੰਸਕਾਰ ਮੁਗਲ ਫੌਜਾਂ ਤੋਂ ਚੋਰੀ ਇਸ ਕਿਲ੍ਹੇ ਦੇ ਖੂਹ ਕੋਲ ਕਰ ਦਿੱਤਾ। ਉਸ ਜਗ੍ਹਾ ’ਤੇ ਹੁਣ ਭਾਈ ਬਚਿੱਤਰ ਸਿੰਘ ਜੀ ਦਾ ਅਸਥਾਨ ਬਣਿਆ ਹੋਇਆ ਹੈ। ਜਿਸ ਵਿਚ ਇਕ ਹੱਥ ਦਾ ਬਣਿਆ ਚਿੱਤਰ ਲੱਗਿਆ ਹੋਇਆ ਹੈ, ਜਿਸ ਵਿਚ ਬੀਬੀ ਮੁਮਤਾਜ ਭਾਈ ਬਚਿੱਤਰ ਸਿੰਘ ਦੀ ਸੇਵਾ ਸੰਭਾਲ ਰਰ ਰਹੇ ਹਨ। ਇਸ ਸਮੇਂ ਗੁਰਦੁਆਰਾ ਭਾਈ ਬਚਿੱਤਰ ਸਿੰਘ ਦਾ ਪ੍ਰਬੰਧ ’ਤੇ ਸੇਵਾ ਸਥਾਨਕ ਰਮੇਟੀ ਦੀ ਦੇਖ-ਰੇਖ ਹੇਠ ਬਾਬਾ ਜੈਮਲ ਸਿੰਘ ਲਗਭਗ 45 ਸਾਲ ਤੋਂ ਰਰ ਰਹੇ ਹਨ। ਇਸ ਗੁਰਦਆਰਾ ਸਾਹਿਬ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਢਾਲ, ਭਾਈ ਬਚਿੱਤਰ ਸਿੰਘ ਦੇ 3 ਸ਼ਸਤਰ ਛੋਟੀ ਕਿਰਪਾਨ ਜਾਂ ਕਰਦ, ਇਕ ਬਾਟਾ ਤੇ ਇਕ ਵੱਡੀ ਕਿਰਪਾਨ ਅੱਜ ਵੀ ਮੌਜੂਦ ਹੈ। ਭਾਈ ਬਚਿੱਤਰ ਸਿੰਘ ਦੇ ਨਾਲ ਸੰਬੰਧਤ ਸ਼ਸਤਰ ਉਨ੍ਹਾਂ ਦੇ ਅੰਗੀਠੇ ਵਿਚੋਂ ਨਿਕਲੇ ਸਨ। 

ਇਤਿਹਾਸ ਦੱਸਦਾ ਹੈ ਕਿ ਪਿਤਾ ਦੇ ਕਹੇ ਇਨ੍ਹਾਂ ਸ਼ਬਦਾਂ ਤੋਂ ਬਾਅਦ ਬੀਬੀ ਮੁਮਤਾਜ ਨੇ ਤਾੱਅ ਜ਼ਿਦਗੀ ਵਿਆਹ ਨਹੀਂ ਕਰਵਾਇਆ। ਨਿਹੰਗ ਖਾਂ ਨੇ ਆਪਣੀ ਬੇਟੀ ਮੁਮਤਾਜ ਨੂੰ ਆਪਣੀ ਹੀ ਰਿਆਸਤ ਦੇ ਇਕ ਹਿੱਸੇ ਪਿੰਡ ਨੌਰੰਗਪੁਰ ਝਾਂਡੀਆਂ ਜਾਂ ਪਿੰਡ ਬੜੀ ਵਿਖੇ ਭੇਜ ਦਿੱਤਾ ਜਿੱਥੇ ਕਿ ਬੀਬੀ ਮੁਮਤਾਜ ਨੇ ਬੰਦਗੀ ਕਰਦਿਆਂ 131 ਸਾਲ ਦੀ ਉਮਰ 'ਚ ਆਪਣੇ ਸਵਾਸ ਤਿਆਗੇ ਸਨ। ਇਸ ਥਾਂ 'ਤੇ ਅੱਜ ਬੀਬੀ ਮੁਮਤਾਜ ਦੇ ਨਾਂ 'ਤੇ ਗੁਰਦੁਆਰਾ ਉਸਾਰਿਆ ਹੋਇਆ ਹੈ।
ਸਰੂਪ ਸਿੰਘ ਕੌਸ਼ਿਸ਼ ਰਚਿਤ ਗੁਰੂ ਕੀਆਂ ਸਾਖੀਆਂ ਅਨੁਸਾਰ ਚਮਕੌਰ ਦੀ ਲੜਾਈ ਵਿਚ ਗੁਰੂ ਜੀ ਦੇ ਪਾਲਿਤ ਪੁੱਤਰ ਜੋਰਾਵਰ ਸਿੰਘ ਸਭ ਤੋਂ ਅੰਤ ਵਿਚ ਲੜੇ ਅਤੇ ਗੰਭੀਰ ਜ਼ਖਮੀ ਖਾ ਬੇਸੁੱਧ ਹੋ ਗਿਰ ਗਏ। ਜਦੋਂ ਹੋਸ਼ ਆਇਆ ਤਾਂ ਔਖੇ ਸੌਖੇ ਕੋਟਲਾ ਨਿਹੰਗ ਵਿਖੇ ਭਾਈ ਗੁਰਸਾ ਸਿੰਘ ਗਹੂਣੀਏ ਦੇ ਘਰ ਪਹੁੰਚ ਗਏ। ਭਾਈ ਗੁਰਸਾ ਸਿੰਘ ਇਨ੍ਹਾਂ ਨੂੰ ਰੱਥਗੱਡੀ ਵਿਚ ਬਿਠਾਕੇ ਮੰਡੀ ਗੋਬਿੰਦਗੜ ਕੋਲ ਪਿੰਡ ਡੱਡਹੇੜੀ ਮਾਹੀ ਪੂਪਾਂ ਕੋਲ ਛੱਡ ਆਏ। ਭਾਈ ਗੁਰਸਾ ਸਿੰਘ ਦੇ ਘਰ ਵਾਲੀ ਥਾਂ ਵੀ ਗਰਦੁਆਰਾ ਬਾਬਾ ਜੋਰਾਵਰ ਸਿੰਘ ਦਾ ਬਣਿਆ ਹੋਇਆ ਹੈ। ਗੁਰੂ ਜੀ ਚਮਕੌਰ ਦੀ ਜੰਗ ਤੋਂ ਬਾਅਦ ਨਿਹੰਗ ਖਾਂ ਦੀ ਭੂਆ ਦੀ ਬੀਬੀ ਉਮਰੀ ਦੇ ਪੁੱਤਰਾਂ ਨਬੀ ਖਾਂ ਤੇ ਗਨੀ ਖਾਂ ਕੋਲ ਮਾਛੀਵਾੜੇ ਪਹੁੰਚੇ। ਇਨ੍ਹਾਂ ਨੇ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਲੰਘ ਤੇ ਬਿਠਾ ਆਪਣੇ ਮੋਢਿਆਂ ’ਤੇ ਚੁੱਕ ਕੇ ਅੱਗੇ ਪਹੁੰਚਾਇਆ ਸੀ। ਇਸ ਤਰ੍ਹਾਂ ਇਸ ਪਰਿਵਾਰ ਦੀ ਸਿੱਖ ਇਤਿਹਾਸ ਲਈ ਵੱਡੀ ਦੇਣ ਹੈ। ਸਿੱਖ ਇਤਿਹਾਸ ਵਿਚ ਜੇ ਇਨ੍ਹਾਂ ਦਾ ਜਿਕਰ ਨਾ ਕੀਤਾ ਜਾਵੇ ਤਾਂ ਇਤਿਹਾਸ ਅਧੂਰਾ ਰਹਿ ਜਾਵੇਗਾ।

ਅੰਗਰੇਜੀ ਰਾਜ ਸਮੇਂ ਪਿੰਡ ਕੋਟਲਾ ਨਿਹੰਗ, ਜ਼ਿਲ੍ਹਾ ਅੰਬਾਲਾ, ਤਸੀਲ ਥਾਣਾ ਰੋਪੜ ਦੇ ਅਧੀਨ ਆ ਗਿਆ। 1947 ਦੀ ਵੰਡ ਸਮੇਂ ਇਹ ਪਰਿਵਾਰ ਪਾਕਿਸਤਾਨ ਚਲਾ ਗਿਆ। ਪਰ ਜਾਣ ਤੋਂ ਪਹਿਲਾਂ ਇਸ ਪਰਿਵਾਰ ਦੇ ਵੱਡੇ ਖਾਨ ਸਾਹਿਬ ਸ਼ੌਕਤ ਅਲੀ ਖਾਂ ਗੁਰਦੁਆਰਾ ਭੱਠਾ ਸਾਹਿਬ ਦੇ ਮਹੰਤ ਹਰਨਾਮ ਸਿੰਘ ਨੂੰ ਗੁਰੂ ਜੀ ਨਾਲ ਸਬੰਧਤ ਨਿਸ਼ਾਨੀਆਂ ਸ੍ਰੀ ਸਾਹਿਬ, ਕਟਾਰ, ਗੈਂਡੇ ਦੀ ਢਾਲ ਦੇ ਗਏ। ਇਨ੍ਹਾਂ ਵਿਚੋਂ ਦੋ ਸ਼ਸਤਰ, ਕਟਾਰ ਤੇ ਸ੍ਰੀ ਸਾਹਿਬ ਗੁਰਦੁਆਰਾ ਭੱਠਾ ਸਾਹਿਬ ਵਿਖੇ ਹਨ ਅਤੇ ਢਾਲ ਗੁਰਦੁਆਰਾ ਭਾਈ ਬਚਿੱਤਰ ਸਿੰਘ ਵਿਖੇ ਹੈ। ਨਿਹੰਗ ਖਾਂ ਦੀਆਂ ਦੱਸ ਪੀੜ੍ਹੀਆਂ ਗੁਰੂ ਘਰ ਨਾਲ ਜੁੜੀਆਂ ਰਹੀਆਂ। ਕਿਹਾ ਜਾਂਦਾ ਹੈ ਕਿ ਪਾਕਿਸਤਾਨ ਦੇ ਸ਼ਕਰਗੰਜ ਇਲਾਕੇ ਵਿਚ ਨਿਹੰਗ ਖਾਂ ਦੀ ਮੌਜੂਦਾ ਪੀੜ੍ਹੀ ਦੇ ਪਰਿਵਾਰਿਕ ਮੈਂਬਰ ਰਹਿ ਰਹੇ ਹਨ।
1947 ਤੱਕ ਤਾਂ ਇਸ ਇਸ ਪੁਰਾਤਨ ਕਿਲੇ ਵਿਚ ਨਿਹੰਗ ਖਾਂ ਦੇ ਪਰਿਵਾਰ ਦੀਆਂ ਪੀੜੀਆਂ ਰਹਿੰਦੀਆਂ ਰਹੀਆਂ ਪਰ ਵੰਡ ਤੋਂ ਬਾਅਦ ਕਿਲ੍ਹੇ ਵਾਲੀ ਇਹ ਇਤਿਹਾਸਕ ਜਗ੍ਹਾ ਸਰਕਾਰ ਵਲੋਂ ਅਲਾਟ ਕਰ ਦਿੱਤੀ ਗਈ। ਮੌਜੂਦਾ ਹਾਲਤ ਇਹ ਹੈ ਕਿ ਇਸ ਦਾ ਕਾਫੀ ਹਿੱਸਾ ਤਾਂ ਢਹਿ ਢੇਰੀ ਹੋ ਚੁੱਕਿਆ ਹੈ। ਕੇਵਲ ਇਕ ਬੁਰਜ ਖੜ੍ਹਾ ਹੈ ਅਤੇ ਅਲਾਟੀਆਂ ਦੇ ਨਿੱਜੀ ਕਬਜ਼ੇ ਵਿਚ ਹੈ। ਇਸ ਨਿਹੰਗ ਖਾਂ ਦੇ ਕਿਲ੍ਹੇ ਦਾ ਰਕਬਾ ਦੋ ਏਕੜ ਦੇ ਕਰੀਬ ਜਾਂ ਇਸ ਤੋਂ ਵੀ ਵੱਧ ਥਾਂ ਸੀ। ਜਿਸ ਦੀ ਡੇਢ ਏਕੜ ਥਾਂ 'ਤੇ ਅੱਜ ਵੀ ਲੋਕਾਂ ਦਾ ਕਬਜ਼ਾ ਹੈ। ਪਿਛਲੇ ਸਮੇਂ 'ਚ ਗੁਰਦੁਆਰਾ ਭਾਈ ਬਚਿੱਤਰ ਸਿੰਘ ਦੀ ਕਮੇਟੀ ਨੇ ਕਿਲੇ ਦੀ ਹੀ 4 ਕਨਾਲ ਥਾਂ ਲੋਕਾਂ ਕੋਲੋ 20 ਲੱਖ ਰੁਪਏ ਦੀ ਮੁੱਲ ਖਰੀਦ ਕੀਤੀ ਹੈ। 

ਨਿਹੰਗ ਖ਼ਾਂ ਦੇ ਕਿਲ੍ਹੇ ਨੂੰ ਵਿਰਾਸਤ ਵਜੋਂ ਸਾਂਭਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਮੱਕੜ ਨੇ ਐੱਸ.ਜੀ.ਪੀ.ਸੀ. ਦੇ ਪੰਜ ਮੈਂਬਰਾਂ ਦੀ ਤੱਥ-ਖੋਜ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਮੇਟੀ ਮੈਂਬਰਾਂ ਨੂੰ ਕਿਲ੍ਹਾ ਨਿਹੰਗ ਖ਼ਾਨ ਦੀ ਇਮਾਰਤ ਦੀ ਸਾਂਭ ਸੰਭਾਲ ਅਤੇ ਇਸ ਦੇ ਵਿਕਾਸ ਬਾਰੇ ਵਿਸਥਾਰ ਪੂਰਬਕ ਰਿਪੋਰਟ ਛੇਤੀ ਤਿਆਰ ਕਰਨ ਲਈ ਆਖਿਆ ਹੈ ਤਾਂ ਕਿ ਇਸ ਇਤਿਹਾਸਕ ਇਮਾਰਤ ਨੂੰ ਯੋਜਨਾਬੰਦ ਢੰਗ ਨਾਲ ਸੰਭਾਲਿਆ ਜਾ ਸਕੇ। ਇਸ ਕਮੇਟੀ ਵਿਚ ਐੱਸ.ਜੀ.ਪੀ.ਸੀ. ਮੈਂਬਰ ਅਮਰਜੀਤ ਸਿੰਘ ਚਾਵਲਾ ਅਨੰਦਪੁਰ ਸਾਹਿਬ, ਅਜਮੇਰ ਸਿਘ ਮੋਰਿੰਡਾ, ਪਰਮਜੀਤ ਸਿੰਘ ਲੱਖੇਵਾਲ, ਗਿਆਨੀ ਸੁਰਿੰਦਰ ਸਿੰਘ ਅਨੰਦਪੁਰ ਸਾਹਿਬ ਅਤੇ ਕਰਨੈਲ ਸਿੰਘ ਪੰਜੌਲੀ ਹਨ।


ਹਰਪ੍ਰੀਤ ਸਿੰਘ ਨਾਜ਼
ਢਿਲੋਂ ਕਾਟੇਜ, ਮਕਾਨ ਨੰਬਰ 155,
ਸੈਰਟਰ 2 ਏ, ਸ਼ਾਮ ਨਗਰ, 
ਮੰਡੀ ਗੋਬਿੰਦਗੜ੍ਹ 147301
ਮੋਬਾਇਲ – 85670- 20995

 


rajwinder kaur

Content Editor

Related News