ਕਾਂਜਲੀ ਤੋਂ ਕਪੂਰਥਲਾ ਤੱਕ ਦੀ ਖਸਤਾ ਹਾਲਤ ਸੜਕ ਤੋਂ ਰਾਹਗੀਰ ਪਰੇਸ਼ਾਨ

01/21/2019 1:53:04 PM

ਸੁਭਾਨਪੁਰ (ਸਤਨਾਮ)— ਕਪੂਰਥਲਾ ਸੁਭਾਨਪੁਰ ਜੀ. ਟੀ. ਰੋਡ 'ਤੇ ਕਾਂਜਲੀ ਤੋਂ ਲੈ ਕੇ ਪੁਲਸ ਟ੍ਰੇਨਿੰਗ ਸੈਂਟਰ ਕਪੂਰਥਲਾ ਤੱਕ ਡੂੰਘੇ ਖੱਡਿਆਂ ਕਾਰਨ ਆਉਣ ਜਾਣ ਵਾਲੇ ਰਾਹਗੀਰ ਜਿੱਥੇ ਪਰੇਸ਼ਾਨ ਹੋ ਰਹੇ ਹਨ। ਉਥੇ ਹਰ ਵੇਲੇ ਕਿਸੇ ਵੱਡੇ ਹਾਦਸੇ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਸੁਭਾਨਪੁਰ ਤੋਂ ਲੈ ਕੇ ਕਪੂਰਥਲਾ ਤਕ ਪੂਰੀ ਸੜਕ ਦੀ ਖਸਤਾ ਹਾਲਤ ਹੋਣ 'ਤੇ ਮੀਡੀਆਂ 'ਚ ਆਏ ਦਿਨ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਬੰਧਤ ਮਹਿਕਮਾ ਹਰਕਤ 'ਚ ਆਇਆ ਤੇ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਪਰ ਇਹ ਸੜਕ ਕਾਂਜਲੀ ਦੇ ਪੁਲ ਤਕ ਬਣਾ ਕੇ ਛੱਡ ਦਿੱਤੀ ਗਈ। ਕਾਲੀ ਵੇਈਂ ਦੇ ਪੁਲ ਤੋਂ ਲੈ ਕੇ ਪੁਲਸ ਟ੍ਰੇਨਿੰਗ ਸੈਂਟਰ ਤਕ ਸੜਕ ਦੀ ਖਸਤਾ ਹਾਲਤ ਵੱਲ ਪਿਛਲੇ 10 ਸਾਲਾਂ ਤੋਂ ਕਿਸੇ ਵੀ ਸਰਕਾਰ ਦੀ ਨਜ਼ਰ ਨਾ ਪੈਣ ਕਰਕੇ ਜਿੱਥੇ ਆਉਣ ਜਾਣ ਵਾਲੇ ਰਾਹੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਕਈ ਲੋਕ ਸੜਕ 'ਚ ਥਾਂ -ਥਾਂ 'ਤੇ ਡੂੰਘੇ ਟੋਏ ਹੋਣ ਕਰ ਕੇ ਹਾਦਸਿਆਂ ਦਾ ਸ਼ਿਕਾਰ ਹੋ ਕੇ ਸਰਕਾਰਾਂ ਦੇ ਲੋਕਾਂ ਪ੍ਰਤੀ ਫਰਜ਼ਾਂ ਨੂੰ ਵੀ ਕੋਸਦੇ ਦਿਖਾਈ ਦੇ ਰਹੇ ਹਨ। ਜੀ. ਟੀ. ਰੋਡ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਜਿੱਥੇ ਦੋ ਵਾਰ ਲਗਾਤਾਰ ਸੱਤਾ 'ਚ ਰਹੀ ਅਕਾਲੀ-ਭਾਜਪਾ ਸਰਕਾਰ ਨੇ ਬਿਲਕੁਲ ਧਿਆਨ ਨਹੀਂ ਦਿੱਤਾ, ਉਥੇ ਹੀ ਕਾਂਗਰਸ ਦੀ ਸਰਕਾਰ ਵੱਲੋਂ ਇਸ ਪਾਸੇ ਧਿਆਨ ਤਾਂ ਦਿੱਤਾ ਪਰ ਕਰੀਬ ਤਿੰਨ ਕਿਲੋਮੀਟਰ ਤੱਕ ਸੜਕ ਬਣਾਉਣ ਤੋਂ ਛੱਡ ਦਿੱਤੀ ਗਈ। 

ਇਥੇ ਜ਼ਿਕਰਯੋਗ ਇਹ ਵੀ ਹੈ ਕੇ ਸਬੰਧਿਤ ਮਹਿਕਮੇ ਵੱਲੋਂ ਸੁਭਾਨਪੁਰ ਦੇ ਰੇਲਵੇ ਫਾਟਕ ਦੇ ਨਜ਼ਦੀਕ ਆਪਣੀ ਹੱਦ 'ਚ ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰਨ ਦੀ ਤਰੀਕ 17 ਮਾਰਚ 2017 'ਤੇ ਕੰਮ ਮੁਕੰਮਲ ਹੋਣ ਦੀ ਤਰੀਕ 16 ਮਾਰਚ 2018 ਤੋਂ ਇਲਾਵਾ 11.40 ਕਿ: ਮੀ: ਸੜਕ ਬਣਾਉਣ ਦੀ ਦੂਰੀ ਵੀ ਦਸੀ ਗਈ ਹੈ । ਇਹ ਮੇਨ ਜੀ. ਟੀ. ਰੋਡ ਕਪੂਰਥਲਾ ਤੋਂ ਸੁਭਾਨਪੁਰ ਤੋਂ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਕਰਤਾਰਪੁਰ, ਜਲੰਧਰ ਤੇ ਡੇਰਾ ਬਿਆਸ ਆਦਿ ਵੱਲ ਨਿਕਲਦੀ ਹੈ ਅਤੇ ਹਰ ਐਤਵਾਰ ਨੂੰ ਸੰਗਤਾਂ ਡੇਰਾ ਬਿਆਸ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਨਮਸਤਕ ਹੋਣ ਜਾਂਦੀਆਂ ਹਨ। ਜਿੱਥੇ ਹਰ ਰੋਜ਼ ਸਫ਼ਰ ਕਰਨ ਵਾਲੇ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਗੁਰੂ ਘਰ ਵੱਲ ਜਾਂਦੀਆਂ ਸੰਗਤਾਂ ਵੀ ਇਸ ਖਸਤਾ ਹਾਲਤ ਸੜਕ ਤੋਂ ਪ੍ਰੇਸ਼ਾਨ ਹਨ। ਉਥੇ ਰਾਤ ਦੇ ਸਮੇਂ ਅੱਡਾ ਸੁਭਾਨਪੁਰ ਵਿਖੇ ਖੜ੍ਹੀਆਂ ਸਵਾਰੀਆਂ ਵੀ ਪ੍ਰੇਸ਼ਾਨ ਹੁੰਦੀਆਂ ਹਨ। ਕਿਉਂਕਿ ਅਖੀਰਲੀ ਬੱਸ ਦਾ ਟਾਈਮ ਸਾਢੇ ਛੇ ਵਜੇ ਤਕ ਦਾ ਹੈ ਤੇ ਜਦੋਂ ਅਖੀਰਲੀ ਬੱਸ ਨਿਕਲ ਜਾਂਦੀ ਹੈ ਤਾਂ ਜਿੱਥੇ ਅੱਡੇ 'ਚ ਖੜ੍ਹੇ ਆਟੋ ਰਿਕਸ਼ਾਂ ਵਾਲੇ ਵੀ ਸੜਕ ਦੀ ਖਸਤਾ ਹਾਲਤ ਹੋਣ ਕਰਕੇ ਕਪੂਰਥਲਾ ਦੀ ਤਰਫ ਮੂੰਹ ਨਹੀਂ ਕਰਦੇ। ਉਥੇ ਕਾਰਾਂ ਸਕੂਟਰ, ਮੋਟਰ ਸਾਈਕਲ ਆਦਿ ਵਾਲੇ ਆਪਣੇ ਵਾਹਨਾਂ ਨੂੰ ਪੈਂਚਰ ਹੋਣ ਦੇ ਡਰ ਤੋਂ ਕਿਸੇ ਨੂੰ ਨਾਲ ਨਹੀਂ ਬਠਾਉਂਦੇ। 

ਇਸ ਮੌਕੇ ਡਾ. ਗੁਰਭੇਜ ਸਿੰਘ ਔਲਖ, ਐੱਸ. ਸੀ. ਸੈੱਲ ਦੇ ਜ਼ਿਲਾ ਵਾਈਸ ਚੇਅਰਮੈਨ ਸਾਹਿਬ ਸਿੰਘ ਸਾਬੀ, ਸਾਬਕਾ ਚੇਅਰਮੈਨ ਲਖਵਿੰਦਰ ਸਿੰਘ ਵਿਜੋਲਾ, ਸਰਪੰਚ ਨੀਰੂ ਬਾਲਾ ਸੁਭਾਨਪੁਰ, ਵਿਜੇ ਸ਼ਾਹ ਸੁਭਾਨਪੁਰ, ਸਾਬਕਾ ਸਰਪੰਚ ਰੂਪ ਲਾਲ, ਸਰਪੰਚ ਸ਼੍ਰੀਮਤੀ ਪ੍ਰਵੀਨ ਪਹਾੜੀਪੁਰ, ਸੁਖਦੇਵ ਪਹਾੜੀਪੁਰੀ, ਅਵਤਾਰ ਸਿੰਘ ਖਾਲਸਾ, ਪ੍ਰਧਾਨ ਉਪਿੰਦਰ ਸਿੰਘ ਬੱਲ, ਸਾਬਕਾ ਸਰਪੰਚ ਹਰੀ ਰਾਮ ਪਹਾੜੀਪੁਰ, ਸਾਬਕਾ ਸਰਪੰਚ ਸੁੱਚਾ ਸਿੰਘ ਬਾਦਸ਼ਾਹਪੁਰ, ਨੰਬਰਦਾਰ ਗੁਰਬਖਸ਼ ਸਿੰਘ ਬਾਦਸ਼ਾਹਪੁਰ ਨੇ ਦਸਿਆ ਕੇ ਲੰਬੇ ਇੰਤਜ਼ਾਰ ਤੋਂ ਬਾਅਦ ਕਰੀਬ 2 ਸਾਲ ਪਹਿਲਾਂ ਇਸ ਸੜਕ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਕੰਮ ਸ਼ੁਰੂ ਕੀਤਾ ਗਿਆ ਅਤੇ ਸੜਕ ਦੀ ਹਾਲਤ ਨੂੰ ਕਾਂਜਲੀ ਤਕ ਸੁਧਾਰਨ ਤੋਂ ਬਾਅਦ ਅੱਗੇ ਕਰੀਬ ਤਿੰਨ ਕਿਲੋਮੀਟਰ ਤੱਕ ਦੀ ਸੜਕ ਦਾ ਕੰਮ ਠੇਕੇਦਾਰ ਵੱਲੋਂ ਅੱਧ ਵਿਚਾਲੇ ਛੱਡ ਦੇਣ ਅਤੇ ਹੁਣ ਇਸ ਸੜਕ ਤੋਂ ਗੁਜਰਨਾ ਬਹੁਤ ਔਖਾ ਹੋ ਗਿਆ ਹੈ। ਉਨ੍ਹਾਂ ਨੇ ਦਸਿਆ ਕੇ ਦੋ ਪਹੀਆਂ ਵਾਹਨਾਂ ਵਾਲੇ ਰਾਤ ਦੇ ਹਨੇਰੇ 'ਚ ਡੂੰਘੇ ਖੱਡਿਆਂ ਕਾਰਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਵੱਡੀਆਂ ਗੱਡੀਆਂ ਦੇ ਟਾਇਰ ਪੰਚਰ ਹੋਣ ਤੋਂ ਇਲਾਵਾ ਮਸ਼ੀਨਰੀ ਵੀ ਖਰਾਬ ਹੋ ਰਹੀ ਹੈ। 

ਇਸ ਮੌਕੇ ਉਕਤ ਮੋਹਤਬਰਾਂ 'ਤੇ ਰੋਜ਼ਾਨਾ ਸਫਰ ਕਰਨ ਵਾਲਿਆਂ ਰਾਹਗੀਰਾਂ ਨੇ ਪੰਜਾਬ ਦੀ ਹਰਮਨ ਪਿਆਰੀ ਅਖਬਾਰ 'ਜਗ ਬਾਣੀ' 'ਤੇ ਪੰਜਾਬ ਕੇਸਰੀ ਰਾਹੀਂ  ਪੰਜਾਬ ਸਰਕਾਰ ਨੂੰ ਪੁਰਜ਼ੋਰ ਸ਼ਬਦਾਂ 'ਚ ਮੰਗ ਕੀਤੀ ਹੈ ਕਿ ਇਸ ਸੜਕ ਦੀ ਖਸਤਾ ਹਾਲਤ ਨੂੰ ਜਲਦੀ ਤੋਂ ਜਲਦੀ ਸੁਧਾਰਨ ਲਈ ਠੋਸ ਕੱਦਮ ਚੁੱਕੇ ਜਾਣ ਤਾਂ ਜੋ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਤੋਂ ਨਿਜਾਤ ਦਵਾਈ ਜਾਵੇ। ਜੀ. ਟੀ. ਰੋਡ ਦੀ ਖਸਤਾ ਹਾਲਤ ਸਬੰਧੀ ਜਦੋਂ ਸਬੰਧਤ ਠੇਕੇਦਾਰ ਰੋਹਿਤ ਅਗਰਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕੇ ਕਾਂਜਲੀ ਤੋਂ ਅੱਗੇ ਸਬੰਧਤ ਵਿਭਾਗ ਵੱਲੋਂ ਸੜਕ ਦੇ ਕਿਨਾਰੇ ਲੱਗੇ ਦਰੱਖਤ ਕੱਟ ਕੇ ਨਹੀਂ ਦਿੱਤੇ ਗਏ ਇਸ ਲਈ ਕੰਮ ਬੰਦ ਕਰਨਾ ਪਿਆ।


shivani attri

Content Editor

Related News