ਕਮਾਲਪੁਰ ਗਊਸ਼ਾਲਾ ''ਚ ਲਾਪ੍ਰਵਾਹੀ ਨਾਲ ਮਰ ਰਹੀਆਂ ਗਊਆਂ

01/15/2020 1:17:12 PM

ਜਲੰਧਰ (ਖੁਰਾਣਾ)— ਪੰਜਾਬ ਸਰਕਾਰ ਨੇ ਕੁਝ ਸਾਲ ਪਹਿਲਾਂ ਗਊਧਨ ਦੀ ਸੰਭਾਲ ਲਈ ਸੂਬੇ 'ਚ ਕਾਓ ਸੈੱਸ ਲਾਗੂ ਕੀਤਾ ਸੀ। ਇਸ ਦੇ ਤਹਿਤ ਕਰੋੜਾਂ ਰੁਪਏ ਪੰਜਾਬ ਸਰਕਾਰ ਦੇ ਵੱਖ-ਵੱਖ ਨਿਗਮਾਂ 'ਚ ਜਮ੍ਹਾ ਹੋ ਚੁੱਕੇ ਹਨ ਪਰ ਇਸ ਪੈਸੇ ਦੀ ਵਰਤੋਂ ਗਊਧਨ ਦੀ ਸੰਭਾਲ ਲਈ ਕਿੰਨੀ ਕੀਤੀ ਜਾ ਰਹੀ ਹੈ, ਇਸ ਦਾ ਅੰਦਾਜ਼ਾ ਸੂਬੇ ਦੀਆਂ ਉਨ੍ਹਾਂ ਗਊਸ਼ਾਲਾਵਾਂ 'ਚ ਜਾ ਕੇ ਆਸਾਨੀ ਨਾਲ ਲਾਇਆ ਜਾ ਸਕਦਾ ਹੈ, ਜੋ ਪ੍ਰਸ਼ਾਸਨ ਭਾਵ ਸਰਕਾਰ ਦੇ ਅਧੀਨ ਚੱਲ ਰਹੀਆਂ ਹਨ।

ਅਜਿਹੀ ਹੀ ਇਕ ਸਰਕਾਰੀ ਗਊਸ਼ਾਲਾ ਕਪੂਰਥਲਾ ਚੌਕ ਤੋਂ ਕਰੀਬ 8 ਕਿਲੋਮੀਟਰ ਦੂਰ ਸੁਲਤਾਨਪੁਰ ਲੋਧੀ ਨੂੰ ਜਾਣ ਵਾਲੀ ਸੜਕ 'ਤੇ ਪਿੰਡ ਕਮਾਲਪੁਰ 'ਚ ਬਣੀ ਹੈ, ਜਿਸ ਦੇ ਹਾਲਾਤ ਇਨ੍ਹੀਂ ਦਿਨੀਂ ਕਾਫੀ ਖਰਾਬ ਹਨ। ਕੜਾਕੇ ਦੀ ਠੰਡ 'ਚ ਗਊਆਂ ਨੂੰ ਬਿਨਾਂ ਛੱਤ ਅਤੇ ਚਿੱਕੜ 'ਚ ਰਹਿਣਾ ਪੈ ਰਿਹਾ ਹੈ। ਪਸ਼ੂਆਂ ਦੇ ਮਲ-ਮੂਤਰ ਅਤੇ ਪਾਣੀ ਆਦਿ ਨਾਲ ਬਣਿਆ ਇਹ ਚਿੱਕੜ ਪੂਰੀ ਗਊਸ਼ਾਲਾ ਦੇ ਇੰਤਜ਼ਾਮਾਂ ਨੂੰ ਹੀ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਰਿਹਾ ਹੈ। ਹੁਣ ਇਸ ਗਊਸ਼ਾਲਾ ਦੇ ਪ੍ਰਬੰਧਕਾਂ 'ਤੇ ਘੋਰ ਲਾਪ੍ਰਵਾਹੀ ਵਰਤਣ ਦੇ ਦੋਸ਼ ਲੱਗੇ ਹਨ, ਜਿਸ ਕਾਰਣ ਪਿਛਲੇ ਕੁਝ ਹਫਤਿਆਂ ਦੌਰਾਨ ਕਈ ਗਊਆਂ ਦੀ ਮੌਤ ਹੋ ਚੁੱਕੀ ਹੈ। ਹੱਦ ਇਸ ਗੱਲ ਦੀ ਹੈ ਕਿ ਮਰਨ ਵਾਲੀਆਂ ਗਊਆਂ ਦੀਆਂ ਲਾਸ਼ਾਂ ਵੀ ਗਊਸ਼ਾਲਾ 'ਚ ਹੀ ਟੋਏ ਪੁੱਟ ਕੇ ਦਫਨਾਈਆਂ ਜਾ ਰਹੀਆਂ ਹਨ।

PunjabKesari

ਗਊ ਭਗਤ ਨੇ ਮਾਮਲਾ ਉਪਰ ਤੱਕ ਪਹੁੰਚਾਇਆ
ਜਲੰਧਰ ਵਾਸੀ ਗਊ ਭਗਤ ਦੀਪਕ ਜੋਤੀ ਨੇ ਕੁਝ ਹਫਤੇ ਪਹਿਲਾਂ ਕਮਾਲਪੁਰ ਗਊਸ਼ਾਲਾ ਦਾ ਦੌਰਾ ਕਰ ਕੇ ਉਥੋਂ ਦੇ ਹਾਲਾਤ ਨੂੰ ਨਰਕ ਜਿਹਾ ਦੱਸਿਆ ਸੀ ਅਤੇ ਇਸ ਬਾਰੇ ਸ਼ਿਕਾਇਤ ਡਿਪਟੀ ਕਮਿਸ਼ਨਰ ਕਪੂਰਥਲਾ, ਵਿਭਾਗ ਦੇ ਡਿਪਟੀ ਡਾਇਰੈਕਟਰ ਅਤੇ ਮੁੱਖ ਮੰਤਰੀ ਦੇ ਓ. ਐੱਸ. ਡੀ. ਸੋਨੂੰ ਢੇਸੀ ਨੂੰ ਕੀਤੀ ਸੀ। ਇਸ ਦੇ ਬਾਵਜੂਦ ਗਊਸ਼ਾਲਾ ਦੇ ਹਾਲਾਤ ਸੁਧਰਨ ਦੀ ਬਜਾਏ ਲਗਾਤਾਰ ਵਿਗੜਦੇ ਜਾ ਰਹੇ ਹਨ। ਦੀਪਕ ਜੋਤੀ ਦਾ ਦੋਸ਼ ਹੈ ਕਿ ਉਥੇ ਪੂਰਾ ਚਾਰਾ ਨਾ ਮਿਲਣ ਕਾਰਣ ਗਊਧਨ ਨੂੰ ਭੁੱਖਾ ਰਹਿਣਾ ਪੈ ਰਿਹਾ ਹੈ, ਜਿਸ ਕਾਰਣ ਵੀ ਪਸ਼ੂ ਮਰ ਰਹੇ ਹਨ। ਉਥੇ ਪਸ਼ੂਆਂ ਦੇ ਇਲਾਜ ਦਾ ਵੀ ਢੁਕਵਾਂ ਪ੍ਰਬੰਧ ਨਹੀਂ ਹੈ ਅਤੇ ਇਸ ਸਬੰਧ 'ਚ ਵੀ ਲਾਪ੍ਰਵਾਹੀ ਵਰਤੀ ਜਾ ਰਹੀ ਹੈ। ਉਨ੍ਹਾਂ ਦਾ ਤਾਂ ਇਹ ਵੀ ਦੋਸ਼ ਹੈ ਕਿ ਗਊਆਂ ਲਈ ਆਇਆ ਗੁੜ ਆਦਿ ਵੀ ਕੁਝ ਲੋਕ ਹਜ਼ਮ ਕਰ ਰਹੇ ਹਨ।

ਪਿੰਡ ਵਾਲਿਆਂ ਨੇ ਬਣਾਈ ਵੀਡੀਓ
ਕਮਾਲਪੁਰ ਗਊਸ਼ਾਲਾ 'ਚ ਲਾਪ੍ਰਵਾਹੀ ਕਾਰਣ ਮਰ ਰਹੀਆਂ ਗਊਆਂ ਅਤੇ ਉਨ੍ਹਾਂ ਨੂੰ ਗਊਸ਼ਾਲਾ 'ਚ ਹੀ ਚਾਰ-ਦੀਵਾਰੀ ਦੇ ਕੋਲ ਿਡੱਚ ਨਾਲ ਟੋਇਆ ਪੁੱਟ ਕੇ ਦਫਨਾਏ ਜਾਣ ਦੀ ਵੀਡੀਓ ਰਿਕਾਰਡਿੰਗ ਪਿੰਡ ਵਾਸੀਆਂ ਨੇ ਕੀਤੀ ਹੋਈ ਹੈ ਪਰ ਹੁਣ ਉਨ੍ਹਾਂ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ। ਕੁਝ ਸਰਕਾਰੀ ਅਧਿਕਾਰੀ ਮਾਮਲੇ ਨੂੰ ਦਬਾਉਣ 'ਚ ਲੱਗੇ ਹਨ। ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਹੋਵੇ ਅਤੇ ਉਥੇ ਗਊਆਂ ਦੇ ਰੱਖੇ ਜਾਂਦੇ ਰਿਕਾਰਡ ਅਤੇ ਲਾਸ਼ਾਂ ਦਾ ਪਤਾ ਲਾਇਆ ਜਾਵੇ, ਉਨ੍ਹਾਂ ਨੂੰ ਦਫਨਾਉਣ ਵਾਲਿਆਂ ਦੀ ਪਛਾਣ ਕੀਤੀ ਜਾਵੇ।


shivani attri

Content Editor

Related News