ਜਲੰਧਰ ਟਿੱਪਰ ਐਸੋਸੀਏਸ਼ਨ ਵੱਲੋਂ ਜਲੰਧਰ-ਪਠਾਨਕੋਟ ਹਾਈਵੇਅ ’ਤੇ ਕੀਤਾ ਗਿਆ ਚੱਕਾ ਜਾਮ
Friday, May 06, 2022 - 03:45 PM (IST)
ਜਲੰਧਰ (ਚੋਪੜਾ)–ਜਲੰਧਰ ਟਿੱਪਰ ਐਸੋਸੀਏਸ਼ਨ ਨੇ ਪੰਜਾਬ ਵਿਚ ਪਿਛਲੇ ਲਗਭਗ 45 ਦਿਨਾਂ ਤੋਂ ਰੇਤਾ ਦੀਆਂ ਖੱਡਾਂ ਅਤੇ ਕ੍ਰੈਸ਼ਰ ਬੰਦ ਹੋਣ ਦੇ ਵਿਰੋਧ ਵਿਚ ਬੀਤੇ ਦਿਨ ਜਲੰਧਰ-ਪਠਾਨਕੋਟ ਹਾਈਵੇ ’ਤੇ ਪਠਾਨਕੋਟ ਚੌਕ ਵਿਚ ਚੱਕਾ ਜਾਮ ਕੀਤਾ। ਐਸੋਸੀਏਸ਼ਨ ਨੇ ਚੌਕ ਦੇ ਚਾਰੇ ਪਾਸੇ ਵੱਡੀ ਗਿਣਤੀ ਵਿਚ ਟਿੱਪਰ, ਟਰੱਕ ਅਤੇ ਜੇ. ਸੀ. ਬੀ. ਮਸ਼ੀਨਾਂ ਖੜ੍ਹੀਆਂ ਕਰ ਦਿੱਤੀਆਂ, ਜਿਸ ਨਾਲ ਹਾਈਵੇ ’ਤੇ ਕਈ ਕਿਲੋਮੀਟਰ ਲੰਮਾ ਟਰੈਫਿਕ ਜਾਮ ਲੱਗ ਗਿਆ। ਰਾਹਗੀਰਾਂ ਅਤੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਮੌਕੇ ’ਤੇ ਤਾਇਨਾਤ ਪੁਲਸ ਫੋਰਸ ਮੂਕਦਰਸ਼ਕ ਬਣੀ ਰਹੀ। ਬੱਬੂ ਨੀਲਕੰਠ, ਰਾਜਿੰਦਰ ਸ਼ਰਮਾ, ਰਮੇਸ਼ ਪ੍ਰਭਾਕਰ ਅਤੇ ਮਨਜੀਤ ਸਿੰਘ ਸੱਗੂ ਦੀ ਅਗਵਾਈ ਵਿਚ ਹੋਏ ਇਸ ਰੋਸ ਪ੍ਰਦਰਸ਼ਨ ਨੂੰ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਜਲੰਧਰ ਯੂਨਿਟ ਦੇ ਪ੍ਰਧਾਨ ਜਗਜੀਤ ਸਿੰਘ ਕੰਬੋਜ ਨੇ ਵੀ ਸਾਥੀਆਂ ਸਮੇਤ ਸਮਰਥਨ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ: ਸਿੱਖਿਆ ਮਹਿਕਮੇ ਦਾ ਵੱਡਾ ਫ਼ੈਸਲਾ, ਡਬਲ ਸ਼ਿਫ਼ਟ ’ਚ ਲੱਗਣਗੇ ਹੁਣ ਪੰਜਾਬ ਦੇ ਸਰਕਾਰੀ ਸਕੂਲ
ਬੱਬੂ ਨੀਲਕੰਠ, ਰਾਜਿੰਦਰ ਸ਼ਰਮਾ ਅਤੇ ਹੋਰਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੇਤਾ ਦੀ ਮਾਈਨਿੰਗ ’ਤੇ ਲਾਈ ਪਾਬੰਦੀ ਦੇ ਉਲਟ ਨਤੀਜੇ ਸਾਹਮਣੇ ਆਉਣ ਲੱਗੇ ਹਨ। ਮਾਈਨਿੰਗ ਦਾ ਕੰਮ ਬੰਦ ਹੋਣ ਨਾਲ ਇਸ ਕਾਰੋਬਾਰ ਨਾਲ ਜੁੜੇ ਹਜ਼ਾਰਾਂ ਡਰਾਈਵਰਾਂ, ਕਲੀਨਰਾਂ ਤੇ ਮਜ਼ਦੂਰਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਹੋ ਗਏ, ਜਦਕਿ ਜਨਤਾ ਨੂੰ ਅੱਜ ਰੇਤਾ-ਬੱਜਰੀ ਕਾਂਗਰਸ ਦੇ ਸ਼ਾਸਨਕਾਲ ਤੋਂ ਵੀ ਦੁੱਗਣੇ ਭਾਅ ਮਿਲ ਰਹੀ ਹੈ। ਲਗਾਤਾਰ ਵਧਦੇ ਬਜਟ ਨਾਲ ਲੋਕਾਂ ਦਾ ਆਪਣਾ ਆਸ਼ਿਆਨਾ ਬਣਾਉਣ ਦਾ ਸੁਪਨਾ ਵੀ ਟੁੱਟ ਰਿਹਾ ਹੈ। ਬੱਬੂ ਨੀਲਕੰਠ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਮਾਈਨਿੰਗ ਪਾਲਿਸੀ ਲਾਗੂ ਕਰੇ, ਜਿਸ ਨਾਲ ਉਨ੍ਹਾਂ ਲੋਕਾਂ ਦਾ ਕਾਰੋਬਾਰ ਚੱਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰੇਤਾ ਦੀ ਮਾਈਨਿੰਗ ਬੰਦ ਹੋਣ ਨਾਲ ਲੋਕ ਹਿਮਾਚਲ ਤੋਂ ਰੇਤਾ-ਬੱਜਰੀ ਲਿਆ ਰਹੇ ਹਨ ਪਰ ਟੋਲ ਟੈਕਸ ਦੀ ਅਦਾਇਗੀ, ਡੀਜ਼ਲ ਦੀ ਖਪਤ ਅਤੇ ਹੋਰ ਲਾਗਤਾਂ ਵਧ ਜਾਣ ਨਾਲ ਉਥੋਂ ਰੇਤਾ-ਬੱਜਰੀ ਲਿਆਉਣੀ ਮਹਿੰਗੀ ਪੈ ਰਹੀ ਹੈ।
ਇਸ ਤੋਂ ਇਲਾਵਾ ਸਰਕਾਰ ਵੱਲੋਂ ਮਾਈਨਿੰਗ ਠੇਕੇਦਾਰਾਂ ’ਤੇ ਕੇਸ ਦਰਜ ਕਰਨ ਨਾਲ ਕਾਰੋਬਾਰੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ। ਟਿੱਪਰ ਮਾਲਕ ਬੈਂਕਾਂ ਦੀ ਕਿਸ਼ਤ ਅਦਾ ਕਰਨ ਤੱਕ ਵਿਚ ਖੁਦ ਨੂੰ ਲਾਚਾਰ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਜਿਹੜੀਆਂ 12 ਖੱਡਾਂ ਚੱਲ ਰਹੀਆਂ ਹਨ, ਉਥੇ ਵੀ ਲੋਡਿੰਗ ਕਰਨ ਦਾ ਬੈਨ ਇੰਨਾ ਜ਼ਿਆਦਾ ਹੈ ਕਿ 4-4 ਦਿਨ ਤੱਕ ਟਿੱਪਰ ਦੀ ਭਰਾਈ ਨਹੀਂ ਹੋ ਰਹੀ। ਜਿਹਡ਼ੇ ਥੋੜ੍ਹੇ-ਬਹੁਤ ਟਿੱਪਰ ਭਰਦੇ ਵੀ ਹਨ, ਉਹ ਠੇਕੇਦਾਰਾਂ ਦੇ ਆਪਣੇ ਹਨ। ਇਸ ਤੋਂ ਇਲਾਵਾ ਠੇਕੇਦਾਰ ਮਨਮਰਜ਼ੀ ਦੇ ਰੇਟ ਵਸੂਲ ਰਹੇ ਹਨ, ਜਿਸ ਕਾਰਨ ਮਾਰਕੀਟ ਵਿਚ ਰੇਤਾ-ਬੱਜਰੀ ਦੀ ਘਾਟ ਹੋਣ ਕਾਰਨ ਜੰਮ ਕੇ ਕਾਲਾਬਾਜ਼ਾਰੀ ਹੋ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਭਰ ’ਚ ਸ਼ੁਰੂ ਹੋਵੇਗੀ ਟਰੈਫਿਕ ਮਾਰਸ਼ਲ ਸਕੀਮ, ਜਾਰੀ ਹੋਈਆਂ ਗਾਈਡਲਾਈਨਜ਼
ਜਗਜੀਤ ਸਿੰਘ ਕੰਬੋਜ ਨੇ ਕਿਹਾ ਕਿ ‘ਆਪ’ ਸਰਕਾਰ ਦਾਅਵਿਆਂ ਦੇ ਮੁਤਾਬਕ ਅਜੇ ਤੱਕ ਨਵੀਂ ਮਾਈਨਿੰਗ ਪਾਲਿਸੀ ਲਿਆਉਣ ਵਿਚ ਨਾਕਾਮ ਰਹੀ ਹੈ ਪਰ ਉਸ ਵੱਲੋਂ ਪਹਿਲਾਂ ਤੋਂ ਚੱਲ ਰਹੇ ਮਾਈਨਿੰਗ ਦੇ ਕੰਮ ਨੂੰ ਬੰਦ ਕਰਵਾ ਦਿੱਤਾ ਗਿਆ ਹੈ, ਜਿਸ ਕਾਰਨ ਟਰਾਂਸਪੋਰਟਰਾਂ ਦਾ ਕੰਮ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੀ ਹਾਲਾਤ ਅਗਲੇ ਸਮੇਂ ਬਣੇ ਰਹੇ ਤਾਂ ਉਹ ਲੋਕ ਵੀ ਕਿਸਾਨਾਂ ਵਾਂਗ ਆਤਮਹੱਤਿਆ ਕਰਨ ’ਤੇ ਮਜਬੂਰ ਹੋ ਜਾਣਗੇ। ਐਸੋਸੀਏਸ਼ਨ ਨੇ ਅੱਜ ਚੱਕਾ ਜਾਮ ਕੀਤੇ ਜਾਣ ਸਬੰਧੀ 2 ਮਈ ਨੂੰ ਹੀ ਜ਼ਿਲਾ ਪ੍ਰਸ਼ਾਸਨ ਨੂੰ ਅਲਟੀਮੇਟਮ ਦੇ ਦਿੱਤਾ ਸੀ ਪਰ ਸਰਕਾਰ ਅਤੇ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕਿਆ, ਜਿਸ ਕਾਰਨ ਅੱਜ ਉਨ੍ਹਾਂ ਨੂੰ ਸੜਕਾਂ ’ਤੇ ਉਤਰਨ ਨੂੰ ਮਜਬੂਰ ਹੋਣਾ ਪਿਆ।
ਲਗਭਗ ਡੇਢ ਘੰਟਾ ਚੱਲੇ ਇਸ ਪ੍ਰਦਰਸ਼ਨ ਦੌਰਾਨ ਤਹਿਸੀਲਦਾਰ-1 ਕਰਨਦੀਪ ਸਿੰਘ ਭੁੱਲਰ ਅਤੇ ਕਈ ਪੁਲਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰ ਕੇ ਧਰਨਾ ਖਤਮ ਕਰਵਾਇਆ। ਇਸ ਮੌਕੇ ਵਿਕਰਮਜੀਤ ਸਿੰਘ ਪਿੰਕੀ, ਬਖਸ਼ੀਸ਼ ਸਿੰਘ ਕਾਕਾ, ਮਹਿੰਦਰ ਸਿੰਘ, ਉਪਿੰਦਰ ਸਿੰਘ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ, ਸਤੀਸ਼ ਸੈਣੀ, ਬੱਬੂ ਵਰਮਾ ਆਦਿ ਮੌਜੂਦ ਸਨ।
ਟਿੱਪਰ ਐਸੋਸੀਏਸ਼ਨ ਨੇ ਸਰਕਾਰ ਸਾਹਮਣੇ ਰੱਖੀਆਂ ਮੰਗਾਂ
ਟਿੱਪਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਸਾਹਮਣੇ ਕਈ ਮੰਗਾਂ ਰੱਖੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਕਿਹਾ ਕਿ ਪਿਛਲੇ 40-45 ਦਿਨਾਂ ਤੋਂ ਬੰਦ ਪਏ ਪੰਜਾਬ ਦੇ ਕ੍ਰੈਸ਼ਰ ਜਲਦ ਤੋਂ ਜਲਦ ਚਲਾਏ ਜਾਣ। ਰੇਤਾ ਦੀਆਂ ਖੱਡਾਂ ਨੂੰ ਬਰਸਾਤੀ ਸੀਜ਼ਨ ਤੋਂ ਪਹਿਲਾਂ ਨਿਲਾਮ ਕੀਤਾ ਜਾਵੇ। ਖੱਡਾਂ ਵਿਚ ਟਰਨ ਬਾਏ ਟਰਨ ਸਿਸਟਮ ਲਾਗੂ ਕੀਤਾ ਜਾਵੇ ਤਾਂ ਕਿ ਹਰੇਕ ਗੱਡੀ ਸੀਰੀਅਲ ਵਾਈਜ਼ ਨੰਬਰ ਆਉਣ ’ਤੇ ਭਰੀ ਜਾਵੇ। ਇਸ ਤੋਂ ਇਲਾਵਾ ਖੱਡਾਂ ਵਿਚ ਲੋਕਲ ਗੱਡੀਆਂ ਦੇ ਪਹਿਲ ਵਾਲੇ ਸਿਸਟਮ ਨੂੰ ਬੰਦ ਕੀਤਾ ਜਾਵੇ ਤਾਂ ਕਿ ਪਿੰਡ ਵਾਲਿਆਂ ਦੀ ਗੁੰਡਾਗਰਦੀ ਬੰਦ ਹੋ ਸਕੇ। ਇਸ ਤੋਂ ਇਲਾਵਾ ਸਰਕਾਰ 4 ਨੰਬਰ ਬਲਾਕ ਨੂੰ ਬਿਆਸ-ਹੁਸ਼ਿਆਰਪੁਰ-ਗੁਰਦਾਸਪੁਰ ਰੇਤਾ ਦੀ ਖੱਡ ਨੂੰ ਤੁਰੰਤ ਚਾਲੂ ਕਰੇ।
ਇਹ ਵੀ ਪੜ੍ਹੋ: ਧੀਆਂ ਵਾਂਗ ਰੱਖੀ ਨੂੰਹ ਨੇ ਕਰ ਵਿਖਾਇਆ ਕਮਾਲ, ਸਹੁਰਿਆਂ ਦਾ ਨਾਂ ਇੰਝ ਕੀਤਾ ਰੌਸ਼ਨ
ਪੁਲਸ ਕਮਿਸ਼ਨਰ ਨਾਲ ਐਸੋਸੀਏਸ਼ਨ ਦੇ ਵਫ਼ਦ ਨੇ ਕੀਤੀ ਮੀਟਿੰਗ
ਪ੍ਰਦਰਸ਼ਨ ਦੌਰਾਨ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀਆਂ ਨੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨਾਲ ਮੀਟਿੰਗ ਫਿਕਸ ਕਰਵਾਈ, ਜਿਸ ਉਪਰੰਤ ਬੱਬੂ ਨੀਲਕੰਠ, ਰਮੇਸ਼ ਪ੍ਰਭਾਕਰ, ਮਨਜੀਤ ਸਿੰਘ ਸੱਗੂ ਅਤੇ ਐਸੋਸੀਏਸ਼ਨ ਦੇ ਵਫ਼ਦ ਨੇ ਪੁਲਸ ਕਮਿਸ਼ਨਰ ਦਫ਼ਤਰ ਵਿਚ ਉਨ੍ਹਾਂ ਨਾਲ ਮੀਟਿੰਗ ਕਰਕੇ ਆਪਣੀਆਂ ਦਿੱਕਤਾਂ ਬਾਰੇ ਦੱਸਿਆ। ਐਸੋਸੀਏਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਸ ਕਮਿਸ਼ਨਰ ਨੇ ਭਰੋਸਾ ਦਿੱਤਾ ਹੈ ਕਿ ਉਹ ਜਲਦ ਉਨ੍ਹਾਂ ਦੀ ਮੀਟਿੰਗ ਪੰਜਾਬ ਸਰਕਾਰ ਦੇ ਮਾਈਨਿੰਗ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਰਵਾਉਣਗੇ। ਅਹੁਦੇਦਾਰਾਂ ਨੇ ਕਿਹਾ ਕਿ ਇਸ ਭਰੋਸੇ ਤੋਂ ਬਾਅਦ ਉਨ੍ਹਾਂ ਫਿਲਹਾਲ ਪ੍ਰਦਰਸ਼ਨ ਨੂੰ ਮੁਲਤਵੀ ਕਰ ਦਿੱਤਾ ਹੈ ਪਰ ਜੇਕਰ ਇਕ ਹਫਤੇ ਵਿਚ ਕੋਈ ਹੱਲ ਨਾ ਨਿਕਲਿਆ ਤਾਂ ਉਹ ਚੁੱਪ ਨਹੀਂ ਬੈਠਣਗੇ।
ਐਂਬੂਲੈਂਸ ਦਾ ਸਾਇਰਨ ਵੱਜਦਾ ਰਿਹਾ ਪਰ ਕਿਸੇ ਨੇ ਨਹੀਂ ਦਿੱਤਾ ਰਾਹ, ਗਰਮੀ ਦੌਰਾਨ ਜਾਮ ’ਚ ਫਸੇ ਸਕੂਲੀ ਬੱਚੇ ਵੀ ਕੁਰਲਾਏ
ਟਿੱਪਰ ਐਸੋਸੀਏਸ਼ਨ ਵੱਲੋਂ ਪਠਾਨਕੋਟ ਚੌਕ ਵਿਚ ਲਾਏ ਚੱਕਾ ਜਾਮ ਕਾਰਨ ਸੜਕ ’ਤੇ ਕਈ ਕਿਲੋਮੀਟਰ ਲੰਮੀ ਵਾਹਨਾਂ ਦੀ ਲਾਈਨ ਲੱਗ ਗਈ, ਜਿਸ ਕਾਰਨ ਦੂਰ-ਦੁਰਾਡੇ ਸੂਬਿਆਂ ਤੋਂ ਆਉਣ-ਜਾਣ ਵਾਲੇ ਰਾਹਗੀਰ ਬਹੁਤ ਪ੍ਰੇਸ਼ਾਨ ਹੋਏ। ਇਹੀ ਨਹੀਂ, ਕਈ ਐਂਬੂਲੈਂਸਾਂ ਵੀ ਫਸੀਆਂ ਰਹੀਆਂ। ਐਂਬੂਲੈਂਸਾਂ ਦਾ ਸਾਇਰਨ ਲਗਾਤਾਰ ਵੱਜਦਾ ਰਿਹਾ ਪਰ ਕਿਤਿਓਂ ਵੀ ਰਾਹ ਨਾ ਮਿਲ ਪਾਉਣ ਕਾਰਨ ਐਂਬੂਲੈਂਸਾਂ ਨੂੰ ਵੀ ਜਾਮ ਵਿਚੋਂ ਕੱਢਣ ਵਿਚ ਪੁਲਸ ਫੋਰਸ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਇਹੀ ਨਹੀਂ, ਸਕੂਲਾਂ ਵਿਚ ਛੁੱਟੀ ਦਾ ਸਮਾਂ ਹੋਣ ਕਾਰਨ ਕਈ ਬੱਸਾਂ ਵੀ ਜਾਮ ਵਿਚ ਫਸ ਗਈਆਂ। ਬੱਸਾਂ ਵਿਚ ਸਵਾਰ ਛੋਟੇ-ਛੋਟੇ ਬੱਚੇ ਭੁੱਖ-ਪਿਆਸ ਤੇ ਗਰਮੀ ਨਾਲ ਕੁਰਲਾਉਂਦੇ ਰਹੇ ਪਰ ਜਦੋਂ ਤੱਕ ਪ੍ਰਦਰਸ਼ਨ ਸਮਾਪਤ ਨਹੀਂ ਹੋਇਆ, ਉਦੋਂ ਤੱਕ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲ ਸਕੀ।
ਇਹ ਵੀ ਪੜ੍ਹੋ: ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਪਤੀ, ਹੋਰ ਬਦੱਤਰ ਹੋਏ ਹਾਲਾਤ, ਦੁਖ਼ੀ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ