ਕੀ ‘ਆਪ’ ਸਰਕਾਰ ਦੇ ਘੇਰੇ ’ਚ ਨਹੀਂ ਆਉਂਦੀ ਜਲੰਧਰ ਸਮਾਰਟ ਸਿਟੀ ਕੰਪਨੀ, ਕਰੋੜਾਂ ਦੇ ਸਕੈਂਡਲ ਦੀ ਨਹੀਂ ਕਰ ਰਹੀ ਜਾਂਚ

05/07/2022 3:03:19 PM

ਜਲੰਧਰ (ਖੁਰਾਣਾ)–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਾਰਟ ਸਿਟੀ ਮਿਸ਼ਨ ਤਹਿਤ ਕੇਂਦਰ ਅਤੇ ਪੰਜਾਬ ਸਰਕਾਰ ਦੀ ਗ੍ਰਾਂਟ ਨਾਲ ਜਲੰਧਰ ’ਚ ਲੱਗਭਗ ਇਕ ਹਜ਼ਾਰ ਕਰੋੜ ਰੁਪਏ ਦੇ ਕੰਮ ਸਮਾਰਟ ਸਿਟੀ ਕੰਪਨੀ ਵੱਲੋਂ ਜਾਂ ਤਾਂ ਕਰਵਾਏ ਜਾ ਚੁੱਕੇ ਹਨ ਜਾਂ ਚੱਲ ਰਹੇ ਹਨ ਜਾਂ ਉਨ੍ਹਾਂ ਦੇ ਵਰਕ ਆਰਡਰ ਤੇ ਟੈਂਡਰ ਅਲਾਟ ਹੋ ਚੁੱਕੇ ਹਨ। ਇਨ੍ਹਾਂ ਕੰਮਾਂ ’ਚ ਲੱਖਾਂ-ਕਰੋੜਾਂ ਰੁਪਏ ਦੇ ਸਕੈਂਡਲ ਦੇ ਦੋਸ਼ ਪਿਛਲੀ ਸਰਕਾਰ ’ਤੇ ਮੌਜੂਦਾ ਸਰਕਾਰ ਦੌਰਾਨ ਲਾਏ ਜਾ ਚੁੱਕੇ ਹਨ ਪਰ ਅਜੇ ਤੱਕ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸਮਾਰਟ ਸਿਟੀ ਜਲੰਧਰ ਦੇ ਕਿਸੇ ਸਕੈਂਡਲ ਦੀ ਜਾਂਚ ਦੇ ਹੁਕਮ ਨਹੀਂ ਦਿੱਤੇ ਹਨ। ਦੂਜੇ ਪਾਸੇ ਅੱਜ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ 50 ਕਿਲੋ ਨਿੰਬੂਆਂ ਦੇ ਗਬਨ ਦੇ ਦੋਸ਼ ’ਚ ਇਕ ਜੇਲ ਸੁਪਰਿੰਟੈਂਡੈਂਟ ਨੂੰ ਸਸਪੈਂਡ ਕਰ ਦਿੱਤਾ।

ਅਜਿਹੀਆਂ ਘਟਨਾਵਾਂ ਨਾਲ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਜਲੰਧਰ ਸਮਾਰਟ ਸਿਟੀ ਕੰਪਨੀ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਸਰਕਾਰ ਦੇ ਘੇਰੇ ’ਚ ਨਹੀਂ ਆਉਂਦੀ। ਜ਼ਿਕਰਯੋਗ ਹੈ ਕਿ ਸਮਾਰਟ ਸਿਟੀ ਵੱਲੋਂ 120 ਫੁੱਟੀ ਰੋਡ ’ਤੇ ਬਣਾਏ ਗਏ ਸਟਾਰਮ ਵਾਟਰ ਸੀਵਰ ਪ੍ਰਾਜੈਕਟ ’ਚ ਗੜਬੜੀ ਦੀ ਸ਼ਿਕਾਇਤ ‘ਆਪ’ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਕੀਤੀ ਹੋਈ ਹੈ ਅਤੇ ਪਿਛਲੀ ਕਾਂਗਰਸ ਸਰਕਾਰ ਦੇ ਵਿਧਾਇਕਾਂ ਨੇ ਚੌਕਾਂ ਦੇ ਸੁੰਦਰੀਕਰਨ, ਪਾਰਕਾਂ ਦੇ ਸੁਧਾਰ ਅਤੇ ਹੋਰ ਕਈ ਪ੍ਰਾਜੈਕਟਾਂ ਵਿਚ ਘਪਲੇ ਦੇ ਦੋਸ਼ ਲਾਏ ਸਨ। ਲੱਗਭਗ 2 ਮਹੀਨੇ ਬੀਤ ਜਾਣ ’ਤੇ ਵੀ ਭਗਵੰਤ ਮਾਨ ਸਰਕਾਰ ਨੇ ਸਮਾਰਟ ਸਿਟੀ ਨਾਲ ਸਬੰਧਤ ਕਿਸੇ ਪ੍ਰਾਜੈਕਟ ਦੀ ਜਾਂਚ ਤੱਕ ਨਹੀਂ ਕੀਤੀ, ਜਿਸ ਨਾਲ ਕਈ ਸਵਾਲ ਵੀ ਖੜ੍ਹੇ ਹੋ ਰਹੇ ਹਨ।

 ਹੁਣ ਚੋਹਕਾਂ ਪਾਰਕ ਨੂੰ ਲੈ ਕੇ ਸਮਾਰਟ ਸਿਟੀ ’ਤੇ ਲੱਗੇ ਗੰਭੀਰ ਦੋਸ਼
ਸਮਾਰਟ ਸਿਟੀ ਦੇ ਸਵਾ-ਸਵਾ ਕਰੋੜ ਰੁਪਏ ਖਰਚ ਕਰ ਕੇ ਨੀਵੀਆ ਪਾਰਕ ਅਤੇ ਬੇਅੰਤ ਿਸੰਘ ਪਾਰਕ ਵਿਚ ਕੰਮ ਕਰਵਾਏ ਗਏ ਅਤੇ ਬੂਟਾਂ ਮੰਡੀ ਤੇ ਅਰਬਨ ਅਸਟੇਟ ਫੇਜ਼-2 ਦੇ ਪਾਰਕ ’ਚ ਵੀ ਸੁੰਦਰੀਕਰਨ ਹੋਇਆ ਪਰ ਪਾਰਕਾਂ ਦਾ ਇਹ ਪ੍ਰਾਜੈਕਟ ਕਈ ਤਰ੍ਹਾਂ ਦੇ ਵਿਵਾਦਾਂ ’ਚ ਘਿਰਿਆ ਰਿਹਾ। ਹੁਣ ਚੋਹਕਾਂ ਦੇ ਪਾਰਕ ਨੂੰ ਲੈ ਕੇ ਵੀ ਸਮਾਰਟ ਸਿਟੀ ਦੇ ਅਧਿਕਾਰੀਆਂ ’ਤੇ ਸਵਾਲ ਉੱਠ ਰਹੇ ਹਨ। ਨਗਰ ਨਿਗਮ ਨਾਲ ਸਬੰਧਤ ਠੇਕੇਦਾਰ ਨੇ ਇਸ ਪਾਰਕ ਦਾ ਠੇਕਾ ਲੈ ਤਾਂ ਲਿਆ ਪਰ ਕਈ ਮਹੀਨੇ ਬੀਤ ਜਾਣ ’ਤੇ ਵੀ ਅਜੇ ਤੱਕ 40 ਫੀਸਦੀ ਕੰਮ ਹੀ ਪੂਰਾ ਹੋ ਸਕਿਆ। ਨਾ ਕੋਈ ਘਾਹ ਅਤੇ ਨਾ ਹੀ ਬੂਟਾ, ਨਾ ਹੀ ਝੂਲਾ ਅਤੇ ਨਾ ਹੀ ਕੋਈ ਜਿਮ ਆਦਿ ਲੱਗਾ ਹੈ। ਘਟੀਆ ਢੰਗ ਨਾਲ ਬਣੀ ਬਾਊਂਡਰੀ ਵਾਲ, ਉਸ ’ਤੇ ਲਟਕ ਰਹੀਆਂ ਗਰਿੱਲਾਂ ਅਤੇ ਵਾਕਿੰਗ ਟਰੈਕ ਨੂੰ ਲੈ ਕੇ ਵੀ ਕਈ ਸ਼ਿਕਾਇਤਾਂ ਆ ਰਹੀਆਂ ਹਨ। ਦੋਸ਼ ਹੈ ਕਿ ਸਿਵਲ ਵਰਕ ਬਹੁਤ ਘਟੀਆ ਮਟੀਰੀਅਲ ਨਾਲ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਮਾਰਟ ਸਿਟੀ ਦੇ ਕਿਸੇ ਅਧਿਕਾਰੀ ਨੇ ਅੱਜ ਤੱਕ ਚੋਹਕਾਂ ਪਾਰਕ ਦੀ ਸਾਈਟ ਦਾ ਦੌਰਾ ਤੱਕ ਨਹੀਂ ਕੀਤਾ ਅਤੇ ਨਾ ਹੀ ਇਸ ਕੰਮ ਨਾਲ ਸਬੰਧਤ ਫਾਈਲ ਹੀ ਕਿਸੇ ਨੂੰ ਦਿਖਾਈ ਜਾਂਦੀ ਹੈ। ਆਉਣ ਵਾਲੇ ਸਮੇਂ ਵਿਚ ਜੇਕਰ ‘ਆਪ’ ਸਰਕਾਰ ਇਸ ਸਕੈਂਡਲ ਦੀ ਜਾਂਚ ਕਰਵਾਏ ਤਾਂ ਇਥੇ ਵੀ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ।


Manoj

Content Editor

Related News