ਜਲੰਧਰ ਨਗਰ ਨਿਗਮ ਦੀ ਹਾਊਸ ਮੀਟਿੰਗ ਸ਼ੁਰੂ ਹੁੰਦੇ ਹੀ ਹੰਗਾਮਾ

11/29/2019 5:00:13 PM

ਜਲੰਧਰ (ਸੋਨੂੰ, ਖੁਰਾਣਾ): 8 ਮਹੀਨੇ ਤੋਂ ਵੱਧ ਲੰਮੇ ਵਕਫੇ ਤੋਂ ਬਾਅਦ ਅੱਜ ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਮੀਟਿੰਗ ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਜਿਵੇਂ ਹੀ ਵਿਰੋਧੀ ਕੌਂਸਲਰਾਂ ਨੇ ਜ਼ੀਰੋ ਆਵਰ ਦੌਰਾਨ ਸ਼ਹਿਰ ਦੀਆਂ ਸਮੱਸਿਆਵਾਂ ਨਾਲ ਸਬੰਧਿਤ ਮੁੱਦੇ ਉਠਾਉਣੇ ਚਾਹੇ ਤਾਂ ਕੁਝ ਕਾਂਗਰਸੀ ਕੌਂਸਲਰਾਂ ਨੇ ਟੋਕਣਾ ਅਤੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਨੂੰ ਬੋਲਣ ਤੋਂ ਰੋਕਿਆ, ਜਿਸ ਤੋਂ ਬਾਅਦ ਸਮੁੱਚੇ ਵਿਰੋਧੀ ਧਿਰ ਦੇ ਕੌਂਸਲਰ ਹਾਊਸ ਦੀ ਮੀਟਿੰਗ ਦਾ ਬਾਈਕਾਟ ਕਰ ਕੇ ਚਲੇ ਗਏ। ਇਸ ਦੌਰਾਨ ਏਜੰਡਾ ਸੁਪਰਿੰਟੈਂਡੈਂਟ ਸੁਨੀਲ ਖੁੱਲ੍ਹਰ ਵਲੋਂ ਸ਼ਤਾਬਦੀ ਦੀ ਸਪੀਡ ਨਾਲ ਕੌਂਸਲਰ ਹਾਊਸ ਦਾ ਏਜੰਡਾ ਪੜ੍ਹਿਆ ਗਿਆ ਤੇ 100 ਤੋਂ ਵੱਧ ਪ੍ਰਸਤਾਵ ਦੇ ਹੈਡਿੰਗ ਪੜ੍ਹਨ ਵਿਚ ਉਨ੍ਹਾਂ 10 ਮਿੰਟ ਵੀ ਨਹੀਂ ਲਾਏ।

ਇਹ ਏਜੰਡਾ ਕਰੋੜਾਂ ਰੁਪਏ ਨਾਲ ਸਬੰਧਿਤ ਕੰਮਾਂ ਤੇ ਸ਼ਹਿਰ ਦੇ ਵਿਕਾਸ ਲਈ ਬਣਾਏ ਗਏ ਕਈ ਮਹੱਤਵਪੂਰਣ ਪ੍ਰਾਜੈਕਟਾਂ ਨਾਲ ਭਰਿਆ ਹੋਇਆ ਸੀ ਪਰ ਏਜੰਡੇ ਦੀਆਂ ਜ਼ਿਆਦਾਤਰ ਆਈਟਮਾਂ 'ਤੇ ਕੋਈ ਚਰਚਾ ਹੀ ਨਹੀਂ ਹੋਈ। ਵਿਰੋਧੀ ਧਿਰ ਦੇ ਬਾਈਕਾਟ ਤੋਂ ਬਾਅਦ ਕਾਂਗਰਸੀ ਕੌਂਸਲਰਾਂ ਨੇ ਆਪਣੇ-ਆਪਣੇ ਵਾਰਡ ਨਾਲ ਸਬੰਧਿਤ ਮੁੱਦੇ ਉਠਾਏ ਪਰ ਫਿਰ ਵੀ ਕਈ ਕਾਂਗਰਸੀ ਕੌਂਸਲਰਾਂ ਨੂੰ ਬੋਲਣ ਦਾ ਮੌਕਾ ਨਹੀਂ ਮਿਲ ਸਕਿਆ। ਮੇਅਰ ਜਗਦੀਸ਼ ਰਾਜਾ ਨੇ ਫਿਰ 10 ਦਿਨਾਂ ਬਾਅਦ ਹਾਊਸ ਦੀ ਮੀਟਿੰਗ ਬੁਲਾਉਣ ਦਾ ਵਾਅਦਾ ਕੀਤਾ ਤੇ ਕਿਹਾ ਕਿ ਹੁਣ ਸਾਰਿਆਂ ਨੂੰ ਖੁੱਲ੍ਹ ਕੇ ਚਰਚਾ ਕਰਨ ਦਾ ਸਮਾਂ ਦਿੱਤਾ ਜਾਵੇਗਾ। ਏਜੰਡੇ 'ਚ ਨਵੀਂ ਵਾਟਰ ਮੀਟਰ ਪਾਲਿਸੀ ਸਣੇ ਜ਼ਿਆਦਾਤਰ ਪ੍ਰਸਤਾਵ ਬਿਨਾਂ ਚਰਚਾ ਦੇ ਪਾਸ ਹੋ ਗਏ।

ਮੀਟਿੰਗ ਮਿੱਥੇ ਸਮੇਂ ਤੋਂ 20 ਮਿੰਟ ਦੇਰ ਨਾਲ ਸ਼ੁਰੂ ਹੋਈ। ਆਰੰਭ 'ਚ ਵਿਧਾਇਕ ਰਜਨੀਸ਼ ਬੱਬੀ ਤੇ ਹੋਰ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ। ਬਾਅਦ 'ਚ ਫਿਰ ਹੋਈ ਮੀਟਿੰਗ ਦੌਰਾਨ ਮੇਅਰ ਜਗਦੀਸ਼ ਰਾਜਾ ਨੇ ਵਾਟਰ ਮੀਟਰ ਪਾਲਿਸੀ 'ਤੇ ਵਿਚਾਰ ਪ੍ਰਗਟ ਕਰਦਿਆਂ ਇਸ ਨੂੰ ਸਮਾਜ ਤੇ ਲੋਕਾਂ ਦੇ ਹਿੱਤ ਵਿਚ ਦੱਸਿਆ। ਉਨ੍ਹਾਂ ਕਿਹਾ ਕਿ ਪਾਲਿਸੀ ਦੇ ਤਹਿਤ ਸਾਰਿਆਂ ਦੀ ਨਵੀਂ ਆਈ. ਡੀ. ਬਣਾਈ ਜਾਵੇਗੀ, ਜਿਸ ਨਾਲ ਨਿਗਮ ਨੂੰ ਨਵੇਂ ਬਿੱਲਾਂ ਦੀ ਆਮਦਨ ਸ਼ੁਰੂ ਹੋ ਜਾਵੇਗੀ। ਪੁਰਾਣੇ ਬਕਾਇਆਂ ਲਈ ਵਨ ਟਾਈਮ ਸੈਟਲਮੈਂਟ ਪਾਲਿਸੀ ਲਿਆਂਦੀ ਜਾਵੇਗੀ। ਵਿਰੋਧੀ ਕੌਂਸਲਰ ਪਰਮਜੀਤ ਸਿੰਘ ਰੇਰੂ ਨੇ ਨਵੀਂ ਪਾਲਿਸੀ ਨੂੰ ਲੋਕਾਂ 'ਤੇ ਬੋਝ ਦੱਸਿਆ।

ਹਾਊਸ ਵਿਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਵਿਰੋਧੀ ਧਿਰ ਦੇ ਕੌਂਸਲਰ ਸੁਸ਼ੀਲ ਸ਼ਰਮਾ ਨੇ ਵਿਰੋਧੀ ਧਿਰ ਨਾਲ ਭੇਦਭਾਵ ਦਾ ਮੁੱਦਾ ਉਠਾਇਆ ਤਾਂ ਕਾਂਗਰਸੀ ਕੌਂਸਲਰ ਦੇਸਰਾਜ ਜੱਸਲ, ਮਨਦੀਪ ਜੱਸਲ, ਮਨਮੋਹਨ ਰਾਜੂ, ਵਿੱਕੀ ਕਾਲੀਆ ਆਦਿ ਨੇ ਸੁਸ਼ੀਲ ਸ਼ਰਮਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਕਾਂਗਰਸੀਆਂ ਨੇ ਜਦੋਂ ਆਪਣੀ ਟੋਕਾ-ਟਾਕੀ ਵਧਾ ਦਿੱਤੀ ਤਾਂ ਵਿਰੋਧੀ ਕੌਂਸਲਰ ਜ਼ਮੀਨ 'ਤੇ ਧਰਨੇ 'ਤੇ ਬੈਠ ਗਏ ਅਤੇ ਜ਼ਬਰਦਸਤ ਨਾਅਰੇਬਾਜ਼ੀ ਕਰਨ ਲੱਗੇ। ਕੁਝ ਦੇਰ ਬਾਅਦ ਸਾਰੇ ਬਾਈਕਾਟ ਕਰ ਕੇ ਚਲੇ ਗਏ।

ਸਫਾਈ ਕਰਮਚਾਰੀਆਂ ਨੇ ਰੱਖੀ ਸ਼ਹਿਰ ਵਿਚ ਹੜਤਾਲ
ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਦੇ ਸਫਾਈ ਕਰਮਚਾਰੀ ਅੱਜ ਹੜਤਾਲ 'ਤੇ ਰਹੇ, ਜਿਸ ਕਾਰਣ ਸ਼ਹਿਰ 'ਚ ਕੂੜੇ ਦੀ ਲਿਫਟਿੰਗ ਨਹੀਂ ਹੋ ਸਕੀ ਅਤੇ ਡੰਪ ਸਥਾਨਾਂ 'ਤੇ ਕੂੜੇ ਦੇ ਢੇਰ ਲੱਗੇ ਰਹੇ। ਦੂਜੇ ਪਾਸੇ ਯੂਨੀਅਨ ਆਗੂ ਚੰਦਨ ਗਰੇਵਾਲ ਦੀ ਅਗਵਾਈ ਵਿਚ ਹਾਊਸ ਦੀ ਮੀਟਿੰਗ ਦੇ ਬਾਹਰ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਧਰਨਾ ਦੇ ਕੇ ਕੌਂਸਲਰਾਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ। ਯੂਨੀਅਨ ਆਗੂਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਦੀ ਮੰਗ ਸੀ ਕਿ ਨਿਗਮ ਪ੍ਰਸ਼ਾਸਨ 535 ਸਫਾਈ ਕਰਮਚਾਰੀਆਂ ਦੀ ਭਰਤੀ ਦੇ ਪ੍ਰਸਤਾਵ ਨੂੰ ਲਾਗੂ ਕਰੇ। ਯੂਨੀਅਨ ਦੀ ਮੰਗ 'ਤੇ ਅੱਜ ਹਾਊਸ ਿਵਚ ਮੇਅਰ ਨੇ 535 ਸਫਾਈ ਕਰਮਚਾਰੀ ਡੀ. ਸੀ. ਰੇਟ 'ਤੇ ਰੱਖਣ ਦਾ ਮਤਾ ਪਾਸ ਕਰ ਦਿੱਤਾ ਤੇ 160 ਸੀਵਰਮੈਨਾਂ ਨੂੰ ਅਸਥਾਈ ਆਧਾਰ 'ਤੇ ਰੱਖਣ ਦਾ ਪ੍ਰਸਤਾਵ ਸਰਕਾਰ ਨੂੰ ਭੇਜਣ ਲਈ ਕਿਹਾ।
ਹਾਊਸ ਤੋਂ ਬਾਅਦ ਯੂਨੀਅਨ ਆਗੂਆਂ ਨਾਲ ਇਕ ਮੀਟਿੰਗ ਪੁਲਸ ਲਾਈਨਜ਼ ਵਿਚ ਹੋਈ, ਜਿਸ ਦੌਰਨ ਪੁਲਸ ਕਮਿਸ਼ਨਰ ਤੇ ਡੀ. ਸੀ. ਤੋਂ ਇਲਾਵਾ ਮੇਅਰ ਤੇ ਕਮਿਸ਼ਨਰ ਹਾਜ਼ਰ ਹੋਏ। ਯੂਨੀਅਨ ਦੀਆਂ ਕਈ ਮੰਗਾਂ ਮੰਨਣ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਸਥਾਨਕ ਪੱਧਰ ਦੀਆਂ ਮੰਗਾਂ ਬਾਰੇ ਕਮਿਸ਼ਨਰ ਤੁਰੰਤ ਫੈਸਲਾ ਲੈਣਗੇ ਅਤੇ ਸਰਕਾਰੀ ਪੱਧਰ ਦੀਆਂ ਮੰਗਾਂ ਬਾਰੇ ਮੰਤਰੀ ਨਾਲ ਗੱਲ ਕੀਤੀ ਜਾਵੇਗੀ।

ਪੁਲਸ ਛਾਉਣੀ 'ਚ ਬਦਲਿਆ ਨਗਰ ਨਿਗਮ
ਕੌਂਸਲਰ ਹਾਊਸ ਦੀ ਮੀਟਿੰਗ ਦੇ ਮੱਦੇਨਜ਼ਰ ਅੱਜ ਨਗਰ ਨਿਗਮ ਪੁਲਸ ਛਾਉਣੀ ਵਿਚ ਬਦਲ ਗਿਆ। ਵੱਖ-ਵੱਖ ਥਾਣਿਆਂ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਜਵਾਨ ਨਿਗਮ ਕੰਪਲੈਕਸ ਵਿਚ ਤਾਇਨਾਤ ਕੀਤੇ ਗਏ। ਜਲੰਧਰ ਪੁਲਸ ਦੇ ਸਾਰੇ ਵੱਡੇ ਅਧਿਕਾਰੀ ਮੀਟਿੰਗ ਦੌਰਾਨ ਨਿਗਮ ਵਿਚ ਮੌਜੂਦ ਰਹੇ। ਪੁਲਸ ਤੋਂ ਇਲਾਵਾ ਹੋਰ ਬਲਾਂ ਦੇ ਜਵਾਨ ਵੀ ਮੁਸਤੈਦੀ ਨਾਲ ਤਾਇਨਾਤ ਸਨ। ਇੰਝ ਲੱਗ ਰਿਹਾ ਸੀ ਕਿ ਜਿਵੇਂ ਨਗਰ ਨਿਗਮ ਵਿਚ ਕੋਈ ਬਹੁਤ ਵੱਡੀ ਘਟਨਾ ਹੋਣ ਜਾ ਰਹੀ ਹੋਵੇ। ਚੱਪੇ-ਚੱਪੇ 'ਤੇ ਪੁਲਸ ਦੀ ਤਾਇਨਾਤੀ ਚਰਚਾ ਦਾ ਵਿਸ਼ਾ ਬਣੀ ਰਹੀ।

ਵਿਰੋਧੀ ਕੌਂਸਲਰਾਂ ਨੇ ਜਤਾਇਆ ਰੋਸ
ਹਾਊਸ ਦੀ ਮੀਟਿੰਗ ਦੌਰਾਨ ਅੱਜ ਕੌਂਸਲਰਾਂ ਨੂੰ ਵਿਧਾਇਕਾਂ ਦੀ ਤਰਜ਼ 'ਤੇ 30 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਲਗਾਉਣ ਤੇ ਉਨ੍ਹਾਂ ਦੀ ਤਨਖਾਹ 15 ਹਜ਼ਾਰ ਤੋਂ ਵਧਾ ਕੇ 50 ਹਜ਼ਾਰ ਰੁਪਏ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਦੇ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਇਸ ਮਤੇ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਇਕ ਪਾਸੇ ਤਾਂ ਨਿਗਮ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਤੇ ਦੂਜੇ ਪਾਸੇ ਕੌਂਸਲਰ ਖੁਦ ਆਪਣੀ ਤਨਖਾਹ ਵਧਾਉਣ ਦੀ ਮੰਗ ਕਰ ਰਹੇ ਹਨ, ਜੋ ਠੀਕ ਨਹੀਂ ਹੈ। ਹੁਣ ਦੇਖਣਾ ਹੈ ਕਿ ਪੰਜਾਬ ਸਰਕਾਰ ਇਸ ਮਤੇ 'ਤੇ ਸਟੈਂਡ ਲੈਂਦੀ ਹੈ।

ਵਿਰੋਧੀ ਕੌਂਸਲਰਾਂ ਨੇ ਜਿਵੇਂ-ਤਿਵੇਂ ਕਈ ਮੁੱਦੇ ਉਠਾ ਹੀ ਦਿੱਤੇ
ਕੌਂਸਲਰ ਹਾਊਸ ਦੀ ਮੀਟਿੰਗ ਦੌਰਾਨ ਅੱਜ ਕੁਝ ਕਾਂਗਰਸੀ ਕੌਂਸਲਰਾਂ ਨੇ ਰੌਲਾ-ਰੱਪਾ ਪਾ ਕੇ ਵਿਰੋਧੀ ਕੌਂਸਲਰਾਂ ਨੂੰ ਆਪਣੀ ਗੱਲ ਕਹਿਣ ਤੋਂ ਰੋਕ ਿਦੱਤਾ ਪਰ ਫਿਰ ਵੀ ਫਿਰ ਵੀ ਵਿਰੋਧੀ ਕੌਂਸਲਰ ਜਿਵੇਂ-ਤਿਵੇਂ ਕਈ ਮੁੱਦੇ ਉਠਾਉਣ ਵਿਚ ਕਾਮਯਾਬ ਰਹੇ।

ਸੁਸ਼ੀਲ ਸ਼ਰਮਾ- ਫੋਕਲ ਪੁਆਇੰਟ ਦੀਆਂ ਫੈਕਟਰੀਆਂ ਦਾ ਕੈਮੀਕਲ ਰਲਿਆ ਪਾਣੀ ਨਿਗਮ ਦੀਆਂ ਸੀਵਰ ਲਾਈਨਾਂ 'ਚ ਪਾ ਦਿੱਤਾ ਗਿਆ ਹੈ, ਜਿਸ ਕਾਰਣ ਕਾਲੋਨੀਆਂ 'ਚ ਸੀਵਰ ਓਵਰਫਲੋਅ ਹੋ ਰਹੇ ਹਨ। ਅੱਜ ਭਾਵੇਂ ਉਦਘਾਟਨੀ ਪੱਥਰਾਂ 'ਤੇ ਪਾਬੰਦੀ ਹੈ ਪਰ ਫਿਰ ਵੀ ਪੱਥਰ ਲੱਗ ਰਹੇ ਹਨ ਤੇ ਉਨ੍ਹਾਂ 'ਤੇ ਵਿਰੋਧੀ ਧਿਰ ਦੇ ਕੌਂਸਲਰਾਂ ਦਾ ਨਾਂ ਤੱਕ ਨਹੀਂ ਹੁੰਦਾ। ਕੂੜੇ ਦੀ ਲਿਫਟਿੰਗ ਨਹੀਂ ਹੋ ਰਹੀ। ਵਾਰਡਾਂ 'ਚ ਰੇਹੜੇ ਨਹੀਂ ਹਨ। 10 ਲੱਖ ਦੇ ਮੇਨਟੀਨੈਂਸ ਦੇ ਕੰਮਾਂ ਦੇ ਤਹਿਤ ਵਿਰੋਧੀ ਵਾਰਡਾਂ ਵਿਚ ਬੱਜਰੀ ਦਾ ਇਕ ਦਾਣਾ ਤੱਕ ਨਹੀਂ ਲੱਗਾ।

ਸ਼ਵੇਤਾ ਧੀਰ- ਇੰਨੀ ਦੇਰ ਬਾਅਦ ਮੀਟਿੰਗ ਹੋ ਰਹੀ ਹੈ ਪਰ ਸਾਨੂੰ ਮੁੱਦੇ ਉਠਾਉਣ ਤੋਂ ਰੋਕਿਆ ਜਾ ਰਿਹਾ ਹੈ। ਵਾਰਡਾਂ 'ਚ ਸਫਾਈ ਦਾ ਬੁਰਾ ਹਾਲ ਹੈ। ਸੀਵਰੇਜ ਸਮੱਸਿਆ ਦਾ ਵੀ ਹੱਲ ਨਹੀਂ ਹੋ ਰਿਹਾ। ਵਿਕਾਸ ਕੰਮ ਲਟਕੇ ਹੋਏ ਹਨ।
ਵੀਰੇਸ਼ ਮਿੰਟੂ- ਕਾਂਗਰਸੀ ਕੌਂਸਲਰਾਂ ਦੀ ਤਾਂ ਸੁਣਵਾਈ ਹੋ ਜਾਂਦੀ ਹੈ ਪਰ ਵਿਰੋਧੀ ਕੌਂਸਲਰਾਂ ਦੀ ਕੋਈ ਨਹੀਂ ਸੁਣਦਾ। ਅਧਿਕਾਰੀ ਵੀ ਸ਼ਿਕਾਇਤਾਂ 'ਤੇ ਧਿਆਨ ਨਹੀਂ ਿਦੰਦੇ। ਸਫਾਈ ਤੇ ਹੋਰ ਸਿਸਟਮ ਦਾ ਬੁਰਾ ਹਾਲ ਹੈ।

ਚੰਦਰਜੀਤ ਕੌਰ ਸੰਧਾ- 'ਜਗ ਬਾਣੀ' ਵਿਚ ਛਪੀਆਂ ਖਬਰਾਂ ਦੀ ਕਟਿੰਗ ਹਾਊਸ ਵਿਚ ਦਿਖਾ ਕੇ ਕਿਹਾ ਕਿ ਵਾਰਡ 'ਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹਨ ਜਿਨ੍ਹਾਂ ਨੂੰ ਕਈ-ਕਈ ਮਹੀਨੇ ਚੁੱਕਿਆ ਨਹੀਂ ਜਾਂਦਾ। ਵਾਰ-ਵਾਰ ਅਧਿਕਾਰੀਆਂ ਨੂੰ ਫੋਨ ਕਰਨੇ ਪੈਂਦੇ ਹਨ। ਗੰਦਗੀ ਤੋਂ ਲੋਕ ਬਹੁਤ ਪ੍ਰੇਸ਼ਾਨ ਹਨ। ਹੋਰ ਸਮੱਸਿਆਵਾਂ ਦਾ ਹੱਲ ਵੀ ਨਹੀਂ ਹੋ ਰਿਹਾ।

ਜਸਪਾਲ ਕੌਰ ਭਾਟੀਆ-ਵਾਰਡ ਨੰ. 45 ਵਿਚ ਪੈਂਦੇ ਸ਼ਾਸਤਰੀ ਨਗਰ ਸਥਿਤ ਗੁਰੂ ਰਵਿਦਾਸ ਮੰਦਰ ਦੇ ਨਾਲ ਲੱਗਦੇ ਚੌਕ ਦਾ ਨਾਂ ਮਾਤਾ ਕਲਸਾ ਦੇਵੀ ਦੇ ਨਾਂ 'ਤੇ ਰੱਖਿਆ ਜਾਵੇ। ਨਕੋਦਰ ਚੌਕ ਦੀ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਲਈ ਪਰੂਥੀ ਹਸਪਤਾਲ ਦੇ ਪਿੱਛਿਓਂ ਨਿਕਲਦੀ ਚੌੜੀ ਸੜਕ ਤੋਂ ਕਬਜ਼ੇ ਹਟਾ ਕੇ ਉਸ ਨੂੰ ਅਵਤਾਰ ਨਗਰ ਰੋਡ ਨਾਲ ਜੋੜਿਆ ਜਾਵੇ, ਜਿਸ ਨਾਲ ਪੂਰੇ ਇਲਾਕੇ ਦੀ ਸਮੱਿਸਆ ਖਤਮ ਹੋ ਜਾਵੇਗੀ। ਗਰੀਬ ਲੋਕਾਂ ਦੇ 5 ਮਰਲੇ ਦੇ ਮਕਾਨਾਂ ਤੱਕ ਪਾਣੀ ਦੇ ਬਿੱਲ ਮੁਆਫ ਰੱਖੇ ਜਾਣ।
ਸ਼ੈਲੀ ਖੰਨਾ- ਵਾਰਡਾਂ ਵਿਚ ਸਫਾਈ ਦਾ ਬੁਰਾ ਹਾਲ ਹੈ। ਕਾਂਗਰਸ ਸਰਕਾਰ ਇਸ਼ਤਿਹਾਰ ਪਾਲਿਸੀ ਨੂੰ ਵੀ ਸਹੀ ਢੰਗ ਨਾਲ ਲਾਗੂ ਕਰ ਸਕੀ, ਜਿਸ ਕਾਰਣ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਸ਼ਹਿਰ 'ਚ ਨਾਜਾਇਜ਼ ਹੋਰਡਿੰਗਸ ਥਾਂ-ਥਾਂ ਲੱਗੇ ਹੋਏ ਹਨ, ਜਿਨ੍ਹਾਂ ਦਾ ਪੈਸਾ ਪ੍ਰਾਈਵੇਟ ਜੇਬਾਂ 'ਚ ਜਾ ਰਿਹਾ ਹੈ ਅਤੇ ਨਿਗਮ ਨੂੰ ਉਸ ਤੋਂ ਕੁਝ ਆਮਦਨ ਨਹੀਂ ਹੋ ਰਹੀ।

ਕਾਂਗਰਸੀਆਂ ਨੂੰ ਵੀ ਬੋਲਣ ਦਾ ਮੌਕਾ ਨਹੀਂ ਮਿਲਿਆ : ਸਮਰਾਏ
ਕਾਂਗਰਸੀ ਕੌਂਸਲਰ ਜਗਦੀਸ਼ ਸਮਰਾਏ ਕੌਂਸਲਰ ਹਾਊਸ 'ਚ ਆਪਣੇ ਵਾਰਡ ਨਾਲ ਸਬੰਧਿਤ ਮੁੱਦੇ ਉਠਾਉਣ 'ਚ ਸਫਲ ਨਹੀਂ ਹੋਏ, ਜਿਸ ਤੋਂ ਬਾਅਦ ਉਨ੍ਹਾਂ ਮੇਅਰ ਦਫਤਰ ਜਾ ਕੇ ਆਪਣਾ ਵਿਰੋਧ ਜਤਾਇਆ ਤੇ ਕਿਹਾ ਕਿ ਹਾਊਸ 'ਚ ਕਾਂਗਰਸੀ ਕੌਂਸਲਰਾਂ ਨੂੰ ਵੀ ਬੋਲਣ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਨੂੰ ਪ੍ਰੀ-ਮੀਟਿੰਗ ਤੇ ਹਾਊਸ ਿਵਚ ਵੀ ਜੇਕਰ ਬੋਲਣ ਨਹੀਂ ਦਿੱਤਾ ਜਾਵੇਗਾ ਤਾਂ ਉਹ ਆਪਣੀ ਗੱਲ ਕਿੱਥੇ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਵਾਰਡ ਦੀ ਸਫਾਈ ਦੀ ਸਮੱਸਿਆ ਲਗਾਤਾਰ 2 ਸਾਲਾਂ ਤੋਂ ਉਠਾ ਰਹੇ ਹਨ ਪਰ ਕੋਈ ਹੱਲ ਨਹੀਂ ਨਿਕਲ ਰਿਹਾ।ਇਸ ਬਹਿਸ ਤੋਂ ਬਾਅਦ ਜਦੋਂ ਮੇਅਰ ਜਗਦੀਸ਼ ਰਾਜਾ ਨੇ ਆਪਣਾ ਮਤਾ ਬੋਲਣਾ ਸ਼ੁਰੂ ਕੀਤਾ ਤੇ ਬੀ.ਜੀ.ਪੀ. ਅਕਾਲੀ ਦਲ ਦੇ ਕੌਂਸਲਰਾਂ ਨੇ ਕੁਰਸੀਆਂ ਤੇ ਉਤਰ ਕੇ ਧਰਨੇ 'ਤੇ ਬੈਠ ਗਏ।


Shyna

Content Editor

Related News