ਮੇਅਰ ਨੇ ਨਿਗਮ ਅਧਿਕਾਰੀਆਂ ਦੀ ਜਾਖੜ, ਬ੍ਰਹਮ ਮਹਿੰਦਰਾ ਤੇ ਲੋਕਲ ਬਾਡੀਜ਼ ਸੈਕਟਰੀ ਨੂੰ ਲਾਈ ਸ਼ਿਕਾਇਤ

03/05/2021 4:43:33 PM

ਜਲੰਧਰ (ਖੁਰਾਣਾ)– ਕੁਝ ਦਿਨ ਪਹਿਲਾਂ ਕੌਂਸਲਰ ਹਾਊਸ ਵਿਚ ਮੇਅਰ ਅਤੇ ਉਨ੍ਹਾਂ ਦੇ ਸਮਰਥਕ ਕੌਂਸਲਰਾਂ ਨੇ 4 ਸਾਲ ਪੁਰਾਣੇ ਇਸ਼ਤਿਹਾਰ ਠੇਕੇ ਦੇ ਮਾਮਲੇ ਵਿਚ ਮੌਜੂਦਾ ਅਤੇ ਸਾਬਕਾ ਨਿਗਮ ਅਧਿਕਾਰੀਆਂ ’ਤੇ ਭ੍ਰਿਸ਼ਟਾਚਾਰ ਤੇ ਲਾਪ੍ਰਵਾਹੀ ਦੇ ਦੋਸ਼ ਲਾਏ ਸਨ। ਹਾਊਸ ਦੀ ਉਸ ਮੀਟਿੰਗ ਵਿਚ ਇਸ਼ਤਿਹਾਰ ਠੇਕੇ ਨੂੰ ਰੱਦ ਕਰਨ ਅਤੇ ਹਾਊਸ ਦੀ ਮੀਟਿੰਗ ਦਾ ਬਾਈਕਾਟ ਕਰਨ ਵਾਲੇ ਨਿਗਮ ਮੁਲਾਜ਼ਮਾਂ ’ਤੇ ਕਾਰਵਾਈ ਕਰਨ ਦੇ ਪ੍ਰਸਤਾਵ ਪਾਸ ਹੋਏ ਸਨ ਪਰ ਉਸ ਮਾਮਲੇ ਵਿਚ ਅੱਗੇ ਕੋਈ ਕਾਰਵਾਈ ਨਾ ਹੁੰਦੀ ਦੇਖ ਮੇਅਰ ਨੇ ਵੀਰਵਾਰ ਸਬੰਧਤ ਨਿਗਮ ਅਧਿਕਾਰੀਆਂ ਦੀ ਸ਼ਿਕਾਇਤ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਲੋਕਲ ਬਾਡੀਜ਼ ਮਹਿਕਮੇ ਦੇ ਮੰਤਰੀ ਬ੍ਰਹਮ ਮਹਿੰਦਰਾ ਅਤੇ ਸੈਕਟਰੀ ਅਜੇ ਸਿਨ੍ਹਾ ਨੂੰ ਲਾਈ।

ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਲਈ ਆਏ ਫਰਾਡ ਫੋਨ ਤਾਂ ਹੋ ਜਾਓ ਸਾਵਧਾਨ, ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

ਇਸ ਕੰਮ ਲਈ ਮੇਅਰ ਵਿਸ਼ੇਸ਼ ਰੂਪ ਵਿਚ ਚੰਡੀਗੜ੍ਹ ਗਏ, ਜਿਨ੍ਹਾਂ ਨਾਲ ਉਨ੍ਹਾਂ ਦੇ 10 ਸਮਰਥਕ ਕੌਂਸਲਰਾਂ ਦੀ ਟੀਮ ਵੀ ਸੀ। ਇਸ ਟੀਮ ਵਿਚ ਮੇਅਰ ਦੇ ਨਾਲ ਕੌਂਸਲਰ ਬੰਟੀ ਨੀਲਕੰਠ, ਮਹਿੰਦਰ ਸਿੰਘ ਗੁੱਲੂ, ਜਗਜੀਤ ਸਿੰਘ ਜੀਤਾ, ਪਵਨ ਕੁਮਾਰ, ਤਰਸੇਮ ਸਿੰਘ ਲਖੋਤਰਾ, ਜਗਦੀਸ਼ ਦਕੋਹਾ, ਅਵਤਾਰ ਸਿੰਘ ਅਤੇ ਮਨਮੋਹਨ ਰਾਜੂ ਤੋਂ ਇਲਾਵਾ ਮਹਿਲਾ ਕੌਂਸਲਰ ਨੀਰਜਾ ਜੈਨ ਅਤੇ ਸਰਬਜੀਤ ਕੌਰ ਵੀ ਸਨ। ਇਸ ਟੀਮ ਨੇ ਚੰਡੀਗੜ੍ਹ ਪਹੁੰਚਦੇ ਹੀ ਪਹਿਲਾਂ ਮੰਤਰੀ ਅਤੇ ਫਿਰ ਕਾਂਗਰਸ ਭਵਨ ਜਾ ਕੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਵੱਖ-ਵੱਖ ਦਸਤਾਵੇਜ਼ ਦਿਖਾਏ ਅਤੇ ਕੌਂਸਲਰ ਹਾਊਸ ਦੇ ਫੈਸਲੇ ਬਾਰੇ ਉਨ੍ਹਾਂ ਨੂੰ ਦੱਿਸਆ। ਇਸ ਦੌਰਾਨ ਸੁਨੀਲ ਜਾਖੜ ਨੂੰ ਦੱਸਿਆ ਗਿਆ ਕਿ 4 ਸਾਲ ਪੁਰਾਣੇ ਇਸ਼ਤਿਹਾਰ ਠੇਕੇ ਵਿਚ ਸਾਬਕਾ ਅਤੇ ਮੌਜੂਦਾ ਨਿਗਮ ਅਧਿਕਾਰੀਆਂ ਨੇ ਠੇਕੇਦਾਰ ਨੂੰ ਕਿਸ ਤਰ੍ਹਾਂ ਫਾਇਦਾ ਪਹੁੰਚਾਇਆ ਅਤੇ ਨਿਗਮ ਦਾ ਆਰਥਿਕ ਨੁਕਸਾਨ ਕੀਤਾ ਹੈ। ਸੂਤਰ ਦੱਸਦੇ ਹਨ ਕਿ ਮੇਅਰ ਅਤੇ ਕਾਂਗਰਸੀ ਕੌਂਸਲਰਾਂ ਦੀ ਗੱਲ ਸੁਣਨ ਤੋਂ ਬਾਅਦ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਨਾਲ ਫੋਨ ’ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਜ਼ਰੂਰੀ ਕਦਮ ਚੁੱਕਣ ਨੂੰ ਕਿਹਾ। ਇਹ ਟੀਮ ਲੋਕਲ ਬਾਡੀਜ਼ ਦੇ ਸੈਕਟਰੀ ਨੂੰ ਵੀ ਉਨ੍ਹਾਂ ਦੇ ਦਫਤਰ ਵਿਚ ਜਾ ਕੇ ਮਿਲੀ, ਜਿਥੇ ਵੀ ਪੁਰਾਣੇ ਇਸ਼ਤਿਹਾਰ ਠੇਕੇ ਸਬੰਧੀ ਪਾਸ ਹੋਏ ਪ੍ਰਸਤਾਵਾਂ ਅਤੇ ਹਾਊਸ ਦੀ ਪ੍ਰੋਸੀਡਿੰਗ ’ਤੇ ਚਰਚਾ ਹੋਈ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਵੱਲੋਂ ਪਾਣੀ ਦੇ ਪੱਧਰ ‘ਚ ਆ ਰਹੀ ਗਿਰਾਵਟ ਨੂੰ ਠੱਲਣ ਲਈ ਸਰਬਸੰਮਤੀ ਨਾਲ ਮਤਾ ਪਾਸ

ਨਿਗਮ ਮੁਲਾਜ਼ਮਾਂ ਅਤੇ ਚੁਣੇ ਪ੍ਰਤੀਨਿਧੀਆਂ ਵਿਚਕਾਰ ਟਕਰਾਅ ਵਧਣ ਦਾ ਖਦਸ਼ਾ
ਕੁਝ ਦਿਨ ਪਹਿਲਾਂ ਤੱਕ ਇਹ ਆਸ ਪ੍ਰਗਟਾਈ ਜਾ ਰਹੀ ਸੀ ਕਿ ਸ਼ਹਿਰ ਦੇ ਵਿਧਾਇਕਾਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਦਾ ਫੈਸਲਾ ਲਗਭਗ ਲੈ ਲਿਆ ਹੈ, ਜਿਸ ਕਾਰਣ ਆਉਣ ਵਾਲੇ ਦਿਨਾਂ ਵਿਚ ਸਾਂਝੀ ਮੀਟਿੰਗ ਕਰਵਾਈ ਜਾ ਸਕਦੀ ਹੈ ਪਰ ਅੱਜ ਜਿਸ ਤਰ੍ਹਾਂ ਮੇਅਰ ਨੇ 10 ਕੌਂਸਲਰਾਂ ਦੀ ਟੀਮ ਨੂੰ ਨਾਲ ਲੈ ਕੇ ਸਾਰੇ ਮਾਮਲੇ ਵਿਚ ਨਿਗਮ ਅਧਿਕਾਰੀਆਂ ਦੀ ਸ਼ਿਕਾਇਤ ਜਾਖੜ ਅਤੇ ਉੱਚ ਅਧਿਕਾਰੀਆਂ ਨੂੰ ਲਾਈ, ਉਸ ਨਾਲ ਮੰਨਿਆ ਜਾ ਰਿਹਾ ਹੈ ਕਿ ਹੁਣ ਨਿਗਮ ਮੁਲਾਜ਼ਮਾਂ ਅਤੇ ਚੁਣੇ ਪ੍ਰਤੀਨਿਧੀਆਂ ਵਿਚਕਾਰ ਟਕਰਾਅ ਹੋਰ ਵਧੇਗਾ।
ਜ਼ਿਕਰਯੋਗ ਹੈ ਕਿ ਨਿਗਮ ਯੂਨੀਅਨਾਂ ਪਹਿਲਾਂ ਹੀ ਅਲਟੀਮੇਟਮ ਦੇ ਚੁੱਕੀਆਂ ਹਨ ਕਿ ਜੇਕਰ ਕਿਸੇ ਵੀ ਮੁਲਾਜ਼ਮ ’ਤੇ ਕੋਈ ਕਾਰਵਾਈ ਹੋਈ ਤਾਂ ਨਿਗਮ ਦਾ ਕੰਮਕਾਜ ਠੱਪ ਕਰ ਦਿੱਤਾ ਜਾਵੇਗਾ। ਇਸ ਮਾਮਲੇ ਵਿਚ ਨਿਗਮ ਦੀਆਂ ਸਫਾਈ ਯੂਨੀਅਨਾਂ ਨੇ ਵੀ ਕਮਰ ਕੱਸ ਲਈ ਹੈ ਅਤੇ ਚੁਣੇ ਪ੍ਰਤੀਨਿਧੀਆਂ ਨਾਲ 2-2 ਹੱਥ ਕਰਨ ਦੀ ਪੂਰੀ ਤਿਆਰੀ ਹੈ। ਹੁਣ ਦੇਖਣਾ ਹੈ ਕਿ ਚੋਣਾਂ ਦੇ ਸਾਲ ਵਿਚ ਇਹ ਟਕਰਾਅ ਵਿਧਾਇਕਾਂ ਲਈ ਕਿੰਨਾਘਾਤਕ ਸਿੱਧ ਹੁੰਦਾ ਹੈ।

ਇਹ ਵੀ ਪੜ੍ਹੋ: ਜਲੰਧਰ ’ਚ ਹੋਟਲਾਂ ਤੇ ਰੈਸਟੋਰੈਂਟਾਂ ਲਈ ਜਾਰੀ ਕੀਤੇ ਗਏ ਨਵੇਂ ਹੁਕਮ, ਰਾਤ 11 ਵਜੇ ਤੋਂ ਬਾਅਦ ਨਹੀਂ ਹੋਵੇਗੀ ਐਂਟਰੀ

ਕਮਿਸ਼ਨਰ ਦੀ ਨੋਟਿੰਗ ਤੋਂ ਬਿਨਾਂ ਚੰਡੀਗੜ੍ਹ ਭੇਜੀ ਗਈ ਪ੍ਰੋਸੀਡਿੰਗ
ਇਨ੍ਹੀਂ ਦਿਨੀਂ ਮੇਅਰ ਜਗਦੀਸ਼ ਰਾਜਾ ਅਤੇ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਵਿਚਕਾਰ ਵੀ ਟਕਰਾਅ ਦਾ ਜ਼ਬਰਦਸਤ ਦੌਰ ਚੱਲ ਰਿਹਾ ਹੈ। ਇਕ ਪਾਸੇ ਜਿਥੇ ਕਮਿਸ਼ਨਰ ਕਰਣੇਸ਼ ਸ਼ਰਮਾ ਨੂੰ ਸ਼ਹਿਰ ਦੇ ਚਾਰਾਂ ਕਾਂਗਰਸੀ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ, ਉਥੇ ਹੀ ਮੇਅਰ ਨੇ ਕੌਂਸਲਰ ਹਾਊਸ ਦੀ ਮੀਟਿੰਗ ਵਿਚ ਕਮਿਸ਼ਨਰ ਦੀ ਸਲਾਹ ਨੂੰ ਅਣਡਿੱਠ ਕਰ ਕੇ ਮੁਲਾਜ਼ਮ ਵਿਰੋਧੀ ਫੈਸਲੇ ਲਏ ਹਨ। ਹੁਣ ਉਨ੍ਹਾਂ ਕਮਿਸ਼ਨਰ ਦੀ ਨੋਟਿੰਗ ਲੁਆਏ ਬਿਨਾਂ ਕੌਂਸਲਰ ਹਾਊਸ ਦੀ ਪ੍ਰੋਸੀਡਿੰਗ ਚੰਡੀਗੜ੍ਹ ਭਿਜਵਾ ਦਿੱਤੀ ਹੈ। ਪਤਾ ਲੱਗਾ ਹੈ ਕਿ ਨਿਗਮ ਤੋਂ ਇਕ ਵਿਅਕਤੀ ਨੂੰ ਬੀਤੇ ਦਿਨੀਂ ਚੰਡੀਗੜ੍ਹ ਭੇਜਿਆ ਅਤੇ ਮਹਿਕਮੇ ਦੇ ਸੁਪਰਿੰਟੈਂਡੈਂਟ ਨੂੰ ਪ੍ਰੋਸੀਡਿੰਗ ਪਹੁੰਚਾ ਦਿੱਤੀ ਗਈ। ਹੁਣ ਚੰਡੀਗੜ੍ਹ ਸਥਿਤ ਸੂਤਰ ਦੱਸਦੇ ਹਨ ਕਿ ਹਾਊਸ ਦੀ ਪ੍ਰੋਸੀਡਿੰਗ ਵਿਚ ਪਹਿਲਾਂ ਸਦਾ ਹੀ ਕਮਿਸ਼ਨਰ ਦੀ ਨੋਟਿੰਗ ਲੱਗਦੀ ਰਹੀ ਹੈ ਅਤੇ ਹੋ ਸਕਦਾ ਹੈ ਕਿ ਹੁਣ ਪ੍ਰੋਸੀਡਿੰਗ ਨੂੰ ਵਾਪਸ ਜਲੰਧਰ ਨਿਗਮ ਕੋਲ ਭੇਜ ਦਿੱਤਾ ਜਾਵੇ ਤਾਂ ਕਿ ਉਸ ’ਤੇ ਕਮਿਸ਼ਨਰ ਦੀ ਨੋਟਿੰਗ ਲਾਈ ਜਾ ਸਕੇ।

ਇਹ ਵੀ ਪੜ੍ਹੋ: ਹੰਗਾਮਾ ਕਰ ਰਹੇ ਅਕਾਲੀ ਵਿਧਾਇਕਾਂ ’ਤੇ ਸਪੀਕਰ ਦੀ ਵੱਡੀ ਕਾਰਵਾਈ, 3 ਦਿਨਾਂ ਲਈ ਕੀਤਾ ਗਿਆ ਮੁਅੱਤਲ

ਤਹਿਬਾਜ਼ਾਰੀ ਸੁਪਰਿੰਟੈਂਡੈਂਟ ਮਨਦੀਪ ਸਿੰਘ ਨੂੰ ਮਿਲਿਆ ਕਈ ਸੰਗਠਨਾਂ ਦਾ ਸਮਰਥਨ
ਇਕ ਪਾਸੇ ਜਿਥੇ ਮੇਅਰ ਜਗਦੀਸ਼ ਰਾਜਾ ਅਤੇ ਉਨ੍ਹਾਂ ਦੇ ਸਮਰਥਕ ਕੌਂਸਲਰਾਂ ਨੇ ਕਮਿਸ਼ਨਰ ਦੇ ਨਾਲ-ਨਾਲ ਤਹਿਬਾਜ਼ਾਰੀ ਸੁਪਰਿੰਟੈਂਡੈਂਟ ਮਨਦੀਪ ਸਿੰਘ ਅਤੇ ਹੋਰ ਨਿਗਮ ਮੁਲਾਜ਼ਮਾਂ ਵਿਰੁੱਧ ਐਕਸ਼ਨ ਦੀ ਮੰਗ ਨੂੰ ਲੈ ਕੇ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ, ਉਥੇ ਹੀ ਤਹਿਬਾਜ਼ਾਰੀ ਸੁਪਰਿੰਟੈਂਡੈਂਟ ਮਨਦੀਪ ਸਿੰਘ ਮਿੱਠੂ ਨੂੰ ਵੱਖ-ਵੱਖ ਸੰਗਠਨਾਂ ਦਾ ਖੁੱਲ੍ਹਾ ਸਮਰਥਨ ਵੀ ਪ੍ਰਾਪਤ ਹੋ ਰਿਹਾ ਹੈ।
ਅੱਜ ਅਜਿਹੇ ਦਰਜਨਾਂ ਸੰਗਠਨਾਂ ਦੀ ਇਕ ਸਾਂਝੀ ਮੀਟਿੰਗ ਹੋਈ। ਇਸ ਦੌਰਾਨ ਗੁਰਦੁਆਰਾ ਨੌਵੀਂ ਪਾਤਸ਼ਾਹੀ, ਗੁਰਦੁਆਰਾ ਅਵਤਾਰ ਨਗਰ ਕਮੇਟੀ, ਗੁਰਦੁਆਰਾ ਭਾਈ ਜੀਵਨ ਸਿੰਘ ਗੜ੍ਹਾ, ਗੁਰਦੁਆਰਾ ਅਜੀਤ ਨਗਰ ਨਕੋਦਰ ਰੋਡ, ਗੁਰਦੁਆਰਾ ਗੁਰੂ ਨਾਨਕ ਮਿਸ਼ਨ, ਗੁਰਦੁਆਰਾ ਸਿੰਘ ਸਭਾ ਮਾਡਲ ਹਾਊਸ, ਗੁਰਦੁਆਰਾ ਭਾਰਗੋ ਕੈਂਪ, ਗੁਰਦੁਆਰਾ ਈਸ਼ਵਰ ਨਗਰ ਅਤੇ ਗੁਰਦੁਆਰਾ ਪ੍ਰੀਤ ਨਗਰ ਦੇ ਪ੍ਰਤੀਨਿਧੀਆਂ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਨੌਜਵਾਨ ਸਭਾ ਦੇ ਪ੍ਰਧਾਨ ਚਰਨਜੀਵ ਸਿੰਘ ਲਾਲੀ, ਮਾਈ ਹੀਰਾਂ ਗੇਟ ਅਤੇ ਅੱਡਾ ਹੁਸ਼ਿਆਰਪੁਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਤਲਵਾੜ, ਆਗਾਜ਼ ਐੱਨ. ਜੀ. ਓ. ਦੇ ਪ੍ਰਧਾਨ ਪਰਮਪ੍ਰੀਤ ਸਿੰਘ ਵਿੱਟੀ, ਇਲੈਕਟ੍ਰਾਨਿਕ ਐਸੋਸੀਏਸ਼ਨ ਫਗਵਾੜਾ ਗੇਟ ਦੇ ਪ੍ਰਧਾਨ ਬਲਜੀਤ ਸਿੰਘ ਆਹਲੂਵਾਲੀਆ, ਇਲੈਕਟ੍ਰੀਕਲ ਐਸੋਸੀਏਸ਼ਨ ਫਗਵਾੜਾ ਗੇਟ ਦੇ ਅਮਿਤ ਸਹਿਗਲ, ਸਿੱਖ ਯੂਨਾਈਟਿਡ ਫਾਰ ਜਸਟਿਸ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਗਾਬਾ, ਇੰਟਰਨੈਸ਼ਨਲ ਸਿੱਖ ਕੌਂਸਲ ਦੇ ਮੈਂਬਰਾਂ, ਕਾਰ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਪ ਸਿੰਘ ਸੋਨੂੰ, ਦਸਮੇਸ਼ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰ ਸਿੰਘ ਤੋਂ ਇਲਾਵਾ ਸ਼ਹਿਰ ਦੇ ਕਈ ਸਮਾਜਿਕ ਅਤੇ ਧਾਰਮਿਕ ਵਿਅਕਤੀਆਂ ਨੇ ਮਨਦੀਪ ਸਿੰਘ ਨੂੰ ਇਕ ਇਮਾਨਦਾਰ ਅਤੇ ਮਿਹਨਤੀ ਨਿਗਮ ਅਧਿਕਾਰੀ ਕਰਾਰ ਦਿੱਤਾ ਅਤੇ ਕਿਹਾ ਕਿ ਕਿਸਾਨ ਅੰਦੋਲਨ ਦੇ ਸਮਰਥਨ ਕਾਰਣ ਸਿਆਸੀ ਅਨਸਰ ਮਨਦੀਪ ਸਿੰਘ ਨਾਲ ਰੰਜਿਸ਼ ਕੱਢ ਰਹੇ ਹਨ ਅਤੇ ਬੇਤੁਕੇ ਬਿਆਨ ਦੇ ਕੇ ਉਨ੍ਹਾਂ ਦੇ ਅਕਸ ਨੂੰ ਧੁੰਦਲਾ ਕੀਤਾ ਜਾ ਰਿਹਾ ਹੈ, ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਵਿਖੇ ਸੀਨੀਅਰ ਅਕਾਲੀ ਆਗੂ ਨਰਿੰਦਰ ਸਿੰਘ ਧਾਰੀਵਾਲ ਦੀ ਗੋਲੀ ਲੱਗਣ ਨਾਲ ਮੌਤ


shivani attri

Content Editor

Related News