ਕਿਸੇ ਦੀ ਪ੍ਰਵਾਹ ਨਾ ਕਰਨ ਵਾਲੇ ਨਗਰ ਨਿਗਮ ਅਧਿਕਾਰੀ ਵਿਧਾਨ ਸਭਾ ਦੀ ਕਮੇਟੀ ਤੋਂ ਡਰੇ

07/15/2021 4:03:53 PM

ਜਲੰਧਰ (ਖੁਰਾਣਾ)– ਪੰਜਾਬ ਅਤੇ ਜਲੰਧਰ ਨਿਗਮ ਵਿਚ ਕਾਂਗਰਸ ਦਾ ਸ਼ਾਸਨ ਆਉਣ ਤੋਂ ਬਾਅਦ ਨਿਗਮ ਅਧਿਕਾਰੀ ਇੰਨੇ ਜ਼ਿਆਦਾ ਹਾਵੀ ਹੋ ਚੁੱਕੇ ਹਨ ਕਿ ਉਹ ਨਾ ਤਾਂ ਜਨ-ਪ੍ਰਤੀਨਿਧੀਆਂ ਦੀ ਪ੍ਰਵਾਹ ਹੀ ਕਰਦੇ ਹਨ, ਨਾ ਛਪੀਆਂ ਖਬਰਾਂ ’ਤੇ ਕੋਈ ਐਕਸ਼ਨ ਹੀ ਲੈਂਦੇ ਹਨ ਅਤੇ ਨਾ ਹੀ ਆਮ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਸ਼ਿਕਾਇਤਾਂ ਵੱਲ ਹੀ ਕੋਈ ਧਿਆਨ ਦਿੱਤਾ ਜਾਂਦਾ ਹੈ। ਜਲੰਧਰ ਨਿਗਮ ਦੇ ਅਧਿਕਾਰੀਆਂ ਨਾਲ ਸੈਟਿੰਗ ਕਰਕੇ ਬੁੱਧਵਾਰ ਸ਼ਹਿਰ ਵਿਚ ਨਾ ਸਿਰਫ਼ ਸੈਂਕੜੇ ਨਾਜਾਇਜ਼ ਨਿਰਮਾਣ ਕੀਤੇ ਜਾ ਚੁੱਕੇ ਹਨ, ਸਗੋਂ ਸੈਂਕੜਿਆਂ ਦੀ ਗਿਣਤੀ ਵਿਚ ਨਾਜਾਇਜ਼ ਕਾਲੋਨੀਆਂ ਤੱਕ ਕੱਟੀਆਂ ਜਾ ਚੁੱਕੀਆਂ ਹਨ, ਜਿਸ ਕਾਰਨ ਜਲੰਧਰ ਨਿਗਮ ਨੂੰ ਹੁਣ ਤੱਕ ਲਗਭਗ 100 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ।

ਇਹ ਵੀ ਪੜ੍ਹੋ:ਜਲੰਧਰ: ਪਿਓ ਦੀ ਹੈਵਾਨੀਅਤ ਕਰੇਗੀ ਹੈਰਾਨ, ਬੱਚਿਆਂ ਤੋਂ ਭੀਖ ਮੰਗਵਾਉਣ ਲਈ ਕਰਦਾ ਸੀ ਤਸ਼ੱਦਦ

ਕਿਸੇ ਦੀ ਪ੍ਰਵਾਹ ਨਾ ਕਰਨ ਵਾਲੇ ਨਗਰ ਨਿਗਮ ਦੇ ਅਧਿਕਾਰੀ ਹੁਣ ਪੰਜਾਬ ਵਿਧਾਨ ਸਭਾ ਦੀ ਲੋਕਲ ਬਾਡੀਜ਼ ਮਾਮਲਿਆਂ ਸਬੰਧੀ ਕਮੇਟੀ ਤੋਂ ਡਰੇ ਹੋਏ ਹਨ, ਜੋ 19 ਅਤੇ 20 ਜੁਲਾਈ ਨੂੰ ਜਲੰਧਰ ਨਿਗਮ ਅਤੇ ਜਲੰਧਰ ਇੰਪਰੂਵਮੈਂਟ ਟਰੱਸਟ ਦਾ ਦੌਰਾ ਕਰਨ ਆ ਰਹੀ ਹੈ। ਅੰਮ੍ਰਿਤਸਰ ਦੇ ਸਾਬਕਾ ਮੇਅਰ ਅਤੇ ਵਿਧਾਇਕ ਸੁਨੀਲ ਦੱਤੀ ਦੀ ਅਗਵਾਈ ਵਿਚ ਆ ਰਹੀ ਇਹ ਕਮੇਟੀ ਜਿਥੇ ਜਲੰਧਰ ਨਿਗਮ ਦੇ ਅਕਾਊਂਟ ਅਤੇ ਹਿਸਾਬ-ਕਿਤਾਬ ਆਦਿ ਦੀ ਆਡਿਟਿੰਗ ਨੂੰ ਚੈੱਕ ਕਰੇਗੀ, ਉਥੇ ਹੀ ਘਟੀਆ ਰੂਪ ਨਾਲ ਬਣੀਆਂ ਸੜਕਾਂ ਦੀ ਜਾਂਚ ਵੀ ਕਰੇਗੀ ਅਤੇ ਸ਼ਹਿਰ ਵਿਚ ਨਾਜਾਇਜ਼ ਬਿਲਡਿੰਗਾਂ ਅਤੇ ਨਾਜਾਇਜ਼ ਕਾਲੋਨੀਆਂ ਦੇ ਮੌਕੇ ਵੇਖਣ ਵੀ ਜਾਵੇਗੀ।

ਇਹ ਵੀ ਪੜ੍ਹੋ:ਹੁਸ਼ਿਆਰਪੁਰ ਵਿਖੇ ਕਾਰ ’ਚ ਘੁੰਮਣ ਲਈ ਨਿਕਲੇ ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਨੌਜਵਾਨਾਂ ਦੀ ਮੌਤ

PunjabKesari

ਪਤਾ ਲੱਗਾ ਹੈ ਕਿ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਅਤੇ ਹੋਰ ਮੈਂਬਰਾਂ ਕੋਲ ਜਲੰਧਰ ਨਿਗਮ ਦੇ ਅਧਿਕਾਰੀਆਂ ਦੀ ਸੈਟਿੰਗ ਨਾਲ ਹੋਏ ਨਾਜਾਇਜ਼ ਨਿਰਮਾਣਾਂ, ਕੱਟੀਆਂ ਗਈਆਂ ਨਾਜਾਇਜ਼ ਕਾਲੋਨੀਆਂ ਅਤੇ ਘਟੀਆ ਮਟੀਰੀਅਲ ਨਾਲ ਬਣੀਆਂ ਸੜਕਾਂ ਦੀਆਂ ਸ਼ਿਕਾਇਤਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਇਹ ਵਿਧਾਨ ਸਭਾ ਕਮੇਟੀ ਦਾ ਡਰ ਹੀ ਹੈ ਕਿ ਜਲੰਧਰ ਨਿਗਮ ਨੇ ਹੁਣ ਨਾਜਾਇਜ਼ ਨਿਰਮਾਣਾਂ ’ਤੇ ਕਾਰਵਾਈ ਕਰਨ ਅਤੇ ਸੀਲਿੰਗ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਧੀਮਾਨ ਨਗਰ ’ਚ 4 ਦੁਕਾਨਾਂ ਨੂੰ ਕੀਤਾ ਸੀਲ
ਪੁਰਾਣੀ ਸਬਜ਼ੀ ਚੌਕ ਦੇ ਨੇੜੇ ਧੀਮਾਨ ਨਗਰ ਵਿਚ ਸੈਂਟਰਲ ਬੈਂਕ ਆਫ਼ ਇੰਡੀਆ ਦੀ ਬਿਲਡਿੰਗ ਦੇ ਪਿੱਛੇ ਪਿਛਲੇ ਕਈ ਮਹੀਨਿਆਂ ਤੋਂ ਨਾਜਾਇਜ਼ ਦੁਕਾਨਾਂ ਦਾ ਨਿਰਮਾਣ ਚੱਲ ਰਿਹਾ ਸੀ। ਇਸ ਸਬੰਧੀ ਖਬਰ ਛਪਣ ਦੇ ਬਾਵਜੂਦ ਨਿਗਮ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਵਿਧਾਨ ਸਭਾ ਕਮੇਟੀ ਦੇ ਡਰ ਕਾਰਨ ਨਿਗਮ ਅਧਿਕਾਰੀਆਂ ਨੇ ਅੱਜ ਉਨ੍ਹਾਂ ਚਾਰ ਦੁਕਾਨਾਂ ਨੂੰ ਸੀਲ ਕਰ ਦਿੱਤਾ, ਜਿਨ੍ਹਾਂ ਦਾ ਕੰਮ ਪੂਰਾ ਕੀਤਾ ਜਾ ਚੁੱਕਾ ਸੀ ਅਤੇ ਉਥੇ ਸ਼ਟਰ ਲੱਗ ਗਏ ਸਨ। ਇਸ ਨਾਜਾਇਜ਼ ਨਿਰਮਾਣ ਬਾਰੇ ਇਕ ਆਰਕੀਟੈਕਟ ਨੇ ਨਿਗਮ ਅਧਿਕਾਰੀਆਂ ਨਾਲ ਸੈਟਿੰਗ ਕੀਤੀ ਹੋਈ ਸੀ। ਬਿਲਡਿੰਗ ਮਹਿਕਮੇ ਦੇ ਸੁਪਰਿੰਟੈਂਡੈਂਟ ਅਜੀਤ ਸ਼ਰਮਾ ਦੀ ਅਗਵਾਈ ਵਿਚ ਹੋਈ ਇਸ ਕਾਰਵਾਈ ਦੌਰਾਨ ਮਹਿਲਾ ਬਿਲਡਿੰਗ ਇੰਸਪੈਕਟਰ ਵੀ ਹਾਜ਼ਰ ਰਹੀ। ਮੌਕੇ ’ਤੇ ਕੋਈ ਵਿਰੋਧ ਨਹੀਂ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨਿਰਮਾਣ ਦੇ ਸਾਹਮਣੇ ਸੁਰਜੀਤ ਟਰਾਂਸਪੋਰਟ ਦੀ ਬਿਲਡਿੰਗ ਨੂੰ ਵੀ ਸੀਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ:ਕੈਬਨਿਟ ’ਚ ਫੇਰਬਦਲ ਦੀਆਂ ਚਰਚਾਵਾਂ ਦਰਮਿਆਨ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ ਆਇਆ ਸਾਹਮਣੇ

ਵਿਧਾਨ ਸਭਾ ਦੀ ਕਮੇਟੀ ਦੇ ਮੈਂਬਰ ਚੇਅਰਮੈਨ : ਵਿਧਾਇਕ ਸੁਨੀਲ ਦੱਤੀ ਮੈਂਬਰ : ਵਿਧਾਇਕ ਰਮਿੰਦਰ ਆਵਲਾ, ਵਿਧਾਇਕ ਅਮਿਤ ਵਿਜ, ਵਿਧਾਇਕ ਅਵਤਾਰ ਸਿੰਘ ਜੂਨੀਅਰ, ਵਿਧਾਇਕ ਬਿਕਰਮ ਸਿੰਘ ਮਜੀਠੀਆ, ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਵਿਧਾਇਕ ਹਰਜੋਤ ਕਮਲ ਸਿੰਘ, ਵਿਧਾਇਕ ਐੱਨ. ਕੇ. ਸ਼ਰਮਾ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਰਾਜਿੰਦਰ ਸਿੰਘ, ਵਿਧਾਇਕ ਸੰਜੀਵ ਤਲਵਾੜ, ਵਿਧਾਇਕ ਸ਼੍ਰੀਮਤੀ ਸਰਬਜੀਤ ਕੌਰ ਮਾਣੂੰਕੇ।

ਇਹ ਵੀ ਪੜ੍ਹੋ:ਨੂਰਮਹਿਲ: ਪਤਨੀ ਵੱਲੋਂ ਦੂਜਾ ਵਿਆਹ ਕਰਵਾਉਣ ਦਾ ਲੱਗਾ ਸਦਮਾ, ਦੋ ਬੱਚਿਆਂ ਸਮੇਤ ਪਤੀ ਨੇ ਖ਼ੁਦ ਵੀ ਨਿਗਲਿਆ ਜ਼ਹਿਰ

ਲਵ-ਕੁਸ਼ ਚੌਂਕ ’ਚ ਚਿਪਕਾਇਆ ਨੋਟਿਸ, ਚਰਨਜੀਤਪੁਰਾ ’ਚ ਬੰਦ ਹੋਇਆ ਕੰਮ
ਵਿਧਾਨ ਸਭਾ ਕਮੇਟੀ ਦੇ ਪ੍ਰਸਤਾਵਿਤ ਛਾਪਿਆਂ ਤੋਂ ਡਰਕੇ ਨਗਰ ਨਿਗਮ ਅਧਿਕਾਰੀਆਂ ਨੇ ਲਵ-ਕੁਸ਼ ਚੌਕ ਵਿਚ ਨਾਜਾਇਜ਼ ਤੌਰ ’ਤੇ ਬਣ ਰਹੀ ਕਮਰਸ਼ੀਅਲ ਬਿਲਡਿੰਗ ਦੇ ਸ਼ਟਰ ’ਤੇ ਨੋਟਿਸ ਚਿਪਕਾ ਦਿੱਤਾ ਹੈ। ਜ਼ਿਕਰਯੋਗ ਹੈ ਇਕ ਨਿਰਮਾਣ ਪਿਛਲੇ ਕਈ ਦਿਨਾਂ ਤੋਂ ਜਾਰੀ ਸੀ ਅਤੇ ਰਾਤ ਦੇ ਸਮੇਂ ਹੀ ਕੀਤਾ ਜਾਂਦਾ ਸੀ। ਕੱਲ ਨਿਗਮ ਟੀਮ ਨੇ ਮੌਕੇ ’ਤੇ ਜਾ ਕੇ ਇਸ ਕੰਮ ਨੂੰ ਰੁਕਵਾ ਦਿੱਤਾ ਸੀ ਅਤੇ ਅੱਜ ਉਥੇ ਸ਼ਟਰ ’ਤੇ ਨੋਟਿਸ ਚਿਪਕਾ ਦਿੱਤਾ ਗਿਆ। ਇਸ ਤਰ੍ਹਾਂ ਚਰਨਜੀਤਪੁਰਾ ਵਿਚ ਵੀ ਇਕ ਪੁਰਾਣੇ ਮਕਾਨ ਨੂੰ ਤੋੜ ਕੇ ਉਥੇ ਨਾਜਾਇਜ਼ ਤੌਰ ’ਤੇ ਮਾਰਕੀਟ ਬਣਾਈ ਜਾ ਰਹੀ ਸੀ। ਇਸ ਨਾਜਾਇਜ਼ ਕੰਮ ਨੂੰ ਨਗਰ ਨਿਗਮ ਦੇ ਇਕ ਵੱਡੇ ਅਧਿਕਾਰੀ ਦੀ ਸਰਪ੍ਰਸਤੀ ਪ੍ਰਾਪਤ ਸੀ ਪਰ ਹੁਣ ਵਿਧਾਨ ਸਭਾ ਕਮੇਟੀ ਨੂੰ ਇਸ ਨਿਰਮਾਣ ਦੀ ਸ਼ਿਕਾਇਤ ਪਹੁੰਚ ਰਹੀ ਹੈ, ਜਿਸ ਨੂੰ ਦੇਖਦੇ ਹੋਏ ਨਿਗਮ ਅਧਿਕਾਰੀਆਂ ਨੇ ਮੌਕੇ ’ਤੇ ਕੰਮ ਰੋਕਣ ਦੇ ਹੁਕਮ ਦਿੱਤੇ।

ਇਹ ਵੀ ਪੜ੍ਹੋ:ਸੁਖਦੇਵ ਸਿੰਘ ਢੀਂਡਸਾ ਦਾ ਵੱਡਾ ਐਲਾਨ, ਕਿਹਾ-ਮੈਂ ਅਤੇ ਬ੍ਰਹਮਪੁਰਾ ਨਹੀਂ ਲੜਾਂਗੇ ਕੋਈ ਵੀ ਚੋਣ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News