ਲੁੱਟਖੋਹ ਦੀਆਂ ਵਾਰਦਾਤਾਂ ਨਾਲ ਕੰਬ ਰਿਹਾ ਜਲੰਧਰ, ਮੰਦਿਰ ਜਾ ਰਹੇ ਪੁਜਾਰੀ ਨੂੰ ਪਾ ਲਿਆ ਘੇਰਾ, ਫਿਰ ਹੋਇਆ...
Saturday, Aug 03, 2024 - 01:04 PM (IST)
ਜਲੰਧਰ (ਜ.ਬ.)-ਲਗਾਤਾਰ ਹੋ ਰਹੀਆਂ ਲੁੱਟਖੋਹ ਦੀਆਂ ਵਾਰਦਾਤਾਂ ਨਾਲ ਜਲੰਧਰ ਕੰਬ ਰਿਹਾ ਹੈ। ਪੁਲਸ ਵਿਭਾਗ ਲੁਟੇਰਿਆਂ ਦੇ ਅੱਗੇ ਨਾਕਾਮ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ। ਪੁਰਾਣੀਆਂ ਵਾਰਦਾਤਾਂ ਨੂੰ ਟਰੇਸ ਕਰਨਾ ਤਾਂ ਦੂਰ ਨਵੀਆਂ ਹੋ ਰਹੀਆਂ ਲੁੱਟ ਦੀਆਂ ਵਾਰਦਾਤਾਂ ਸ਼ਹਿਰ ਦੀ ਸੁਰੱਖਿਆ ਪ੍ਰਣਾਲੀ ਨੂੰ ਮੂੰਹ ਚਿੜਾ ਰਹੀਆਂ ਹਨ। ਲਾਅ ਐਂਡ ਆਰਡਰ ਦੀ ਸਥਿਤੀ ਨੂੰ ਫੇਲ ਸਾਬਤ ਕਰਦਿਆਂ ਅਮਨ ਨਗਰ ਵਿਚ ਸ਼ੁੱਕਰਵਾਰ ਤੜਕੇ ਬਾਈਕ ’ਤੇ ਆਏ 3 ਲੁਟੇਰਿਆਂ ਨੇ ਮੰਦਰ ਜਾ ਰਹੇ ਪੁਜਾਰੀ ਨੂੰ ਲੁੱਟਣ ਲਈ ਘੇਰ ਲਿਆ। ਪੁਜਾਰੀ ਨੇ ਰੌਲਾ ਪਾਇਆ ਤਾਂ ਲੁਟੇਰਿਆਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਅਮਨ ਨਗਰ ਵਿਚ ਹੀ ਸਥਿਤ ਪ੍ਰਾਚੀਨ ਸ਼ਿਵ ਦੁਰਗਾ ਮੰਦਿਰ ਦੇ ਪੁਜਾਰੀ ਚੰਦਰ ਪ੍ਰਕਾਸ਼ ਪੁੱਤਰ ਬ੍ਰਿਜ ਕਿਸ਼ੋਰ ਨਿਵਾਸੀ ਨਿਊ ਗੋਬਿੰਦ ਨਗਰ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਤੜਕੇ 5 ਵਜੇ ਰੋਜ਼ਾਨਾ ਵਾਂਗ ਮੰਦਿਰ ਪਹੁੰਚ ਗਏ ਸਨ। ਸਾਫ਼-ਸਫ਼ਾਈ ਕਰਨ ਤੋਂ ਬਾਅਦ ਕੂੜਾ-ਕਰਕਟ ਸੁੱਟਣ ਲਈ ਉਹ ਕੁਝ ਦੂਰੀ ’ਤੇ ਗਏ ਸਨ। ਵਾਪਸ ਆਉਂਦੇ ਹੋਏ ਮੰਦਰ ਦੇ ਨੇੜੇ ਪਹੁੰਚੇ ਹੀ ਸਨ ਕਿ ਪਿੱਛਿਓਂ ਬਾਈਕ ਸਵਾਰ 3 ਨੌਜਵਾਨਾਂ ਨੇ ਉਨ੍ਹਾਂ ਦੀ ਐਕਟਿਵਾ ਨੂੰ ਓਵਰਟੇਕ ਕਰਕੇ ਆਪਣੀ ਬਾਈਕ ਅੱਗੇ ਲਾ ਦਿੱਤੀ ਅਤੇ ਐਕਟਿਵਾ ਦੀ ਚਾਬੀ ਕੱਢ ਲਈ।
ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਦੇ ਮੇਲੇ ਨੂੰ ਲੈ ਕੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਜਾਰੀ ਹੋਏ ਇਹ ਦਿਸ਼ਾ-ਨਿਰਦੇਸ਼
ਤਿੰਨਾਂ ਲੁਟੇਰਿਆਂ ਨੇ ਪੁਜਾਰੀ ਨੂੰ ਜੋ ਕੁਝ ਵੀ ਉਸ ਕੋਲ ਹੈ, ਸਭ ਕੱਢਣ ਨੂੰ ਕਿਹਾ। ਇਸੇ ਦੌਰਾਨ ਉਥੋਂ ਇਕ ਸਾਈਕਲ ਸਵਾਰ ਵਿਅਕਤੀ ਲੰਘਿਆ, ਜਿਸ ਨੂੰ ਰੋਕ ਕੇ ਲੁਟੇਰਿਆਂ ਨੇ ਉਸ ਨੂੰ ਵੀ ਧਮਕਾਇਆ ਪਰ ਉਹ ਆਪਣਾ ਸਾਈਕਲ ਛੱਡ ਕੇ ਗਲੀ ਵਿਚ ਭੱਜ ਗਿਆ ਅਤੇ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪੁਜਾਰੀ ਨੇ ਵੀ ਮਦਦ ਲਈ ਰੌਲਾ ਪਾਇਆ ਤਾਂ ਇਕ ਲੁਟੇਰੇ ਨੇ ਚਾਕੂ ਕੱਢ ਲਿਆ, ਜਦਕਿ ਦੂਜੇ ਨੇ ਦਾਤਰ। ਪੁਜਾਰੀ ਫਿਰ ਵੀ ਰੌਲਾ ਪਾਉਂਦਾ ਰਿਹਾ। ਇਕ ਲੁਟੇਰੇ ਨੇ ਪੁਜਾਰੀ ਦੀ ਬਾਂਹ ’ਤੇ ਤੇਜ਼ਧਾਰ ਹਥਿਆਰ ਮਾਰਿਆ ਅਤੇ ਫ਼ਰਾਰ ਹੋ ਗਏ, ਹਾਲਾਂਕਿ ਪੁਜਾਰੀ ਦੇ ਰੌਲਾ ਪਾਉਣ ’ਤੇ ਲੁਟੇਰੇ ਉਸ ਕੋਲੋਂ ਕੁਝ ਲੁੱਟ ਨਹੀਂ ਸਕੇ। ਇਸ ਸਬੰਧੀ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਫੁਟੇਜ ਵਿਚ ਕੈਦ ਹੋ ਗਈ ਹੈ, ਜਿਸ ਵਿਚ ਲੁਟੇਰੇ ਪੁਜਾਰੀ ਦਾ ਪਿੱਛਾ ਕਰਦੇ ਦਿਖਾਈ ਦੇ ਰਹੇ ਹਨ ਅਤੇ ਫਿਰ ਭੱਜਦੇ ਵੀ ਵਿਖਾਈ ਦਿੱਤੇ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ-MP ਅੰਮ੍ਰਿਤਪਾਲ ਦੇ ਪਿਤਾ ਦਾ ਵੱਡਾ ਬਿਆਨ, ਰੱਖੜ ਪੁੰਨਿਆ 'ਤੇ ਪੰਥਕ ਧਿਰਾਂ ਵੱਲੋਂ ਹੋਵੇਗੀ ਵਿਸ਼ਾਲ ਪੰਥਕ ਕਾਨਫ਼ਰੰਸ
ਚੌਂਕ ’ਚ 8 ਮੁਲਾਜ਼ਮਾਂ ਦਾ ਸੀ ਨਾਕਾ, ਫਿਰ ਵੀ ਔਰਤ ਕੋਲੋਂ ਪਰਸ ਲੁੱਟ ਕੇ ਭੱਜਿਆ ਲੁਟੇਰਾ
ਪਠਾਨਕੋਟ ਚੌਂਕ ਵਿਚ ਆਪਣੇ ਪਤੀ ਅਤੇ ਧੀ ਨਾਲ ਸ਼ਾਪਿੰਗ ਕਰਕੇ ਮੁੜ ਰਹੀ ਔਰਤ ਕੋਲੋਂ ਬਾਈਕ ਸਵਾਰ ਇਕ ਲੁਟੇਰਾ ਪਰਸ ਲੁੱਟ ਕੇ ਫਰਾਰ ਹੋ ਗਿਆ। ਹੈਰਾਨੀ ਦੀ ਗੱਲ ਹੈ ਕਿ ਵਾਰਦਾਤ ਸਮੇਂ ਪਠਾਨਕੋਟ ਚੌਂਕ ਵਿਚ 8 ਪੁਲਸ ਮੁਲਾਜ਼ਮ ਨਾਕੇ ’ਤੇ ਤਾਇਨਾਤ ਸਨ, ਫਿਰ ਵੀ ਲੁਟੇਰਾ ਭੱਜਣ ਵਿਚ ਕਾਮਯਾਬ ਹੋ ਗਿਆ। ਜਾਣਕਾਰੀ ਦਿੰਦਿਆਂ ਕੁਲਜੀਤ ਕੌਰ ਨਿਵਾਸੀ ਪੰਜਾਬੀ ਬਾਗ ਨੇ ਦੱਸਿਆ ਕਿ ਉਹ ਆਪਣੇ ਪਤੀ ਸੁਰਜੀਤ ਸਿੰਘ ਅਤੇ ਧੀ ਨਾਲ ਬਾਜ਼ਾਰ ਵਿਚ ਖ਼ਰੀਦਦਾਰੀ ਕਰਨ ਗਈ ਸੀ। ਖ਼ਰੀਦਦਾਰੀ ਕਰਕੇ ਉਹ ਤਿੰਨੋਂ ਈ-ਰਿਕਸ਼ਾ ਵਿਚ ਘਰ ਮੁੜ ਰਹੇ ਸਨ। ਜਿਉਂ ਹੀ ਉਨ੍ਹਾਂ ਦਾ ਈ-ਰਿਕਸ਼ਾ ਪਠਾਨਕੋਟ ਚੌਂਕ ਵਿਚ ਪੁੱਜਾ ਤਾਂ ਇਕ ਲਾਲ ਰੰਗ ਦੇ ਪਲਸਰ ਬਾਈਕ ਸਵਾਰ ਨੌਜਵਾਨ ਨੇ ਪਤੀ ਅਤੇ ਧੀ ਦੇ ਵਿਚਕਾਰ ਬੈਠੀ ਕੁਲਜੀਤ ਕੌਰ ਦੇ ਹੱਥ ਵਿਚੋਂ ਪਰਸ ਝਪਟਿਆ ਅਤੇ ਵੇਖਦੇ ਹੀ ਵੇਖਦੇ ਬਾਈਕ ’ਤੇ ਫ਼ਰਾਰ ਹੋ ਗਿਆ। ਉਨ੍ਹਾਂ ਰੌਲਾ ਪਾਇਆ ਤਾਂ ਨਾਕੇ ’ਤੇ ਖੜ੍ਹੀ ਪੁਲਸ ਟੀਮ ਨੂੰ ਵੀ ਸੂਚਨਾ ਦਿੱਤੀ ਪਰ ਲੁਟੇਰਾ ਭੱਜਣ ਵਿਚ ਕਾਮਯਾਬ ਹੋ ਗਿਆ।
ਇਹ ਵੀ ਪੜ੍ਹੋ- ਨਸ਼ੇ ਨੇ ਉਜਾੜਿਆ ਪਰਿਵਾਰ, ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸ਼ਮਸ਼ਾਨਘਾਟ ’ਚੋਂ ਮਿਲੀ ਲਾਸ਼
ਕੁਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਵਾਪਸ ਘਰ ਜਾਂਦੇ ਹੋਏ ਉਨ੍ਹਾਂ ਦੀ ਧੀ ਇਕ ਮੰਦਰ ਵਿਚ ਮੱਥਾ ਟੇਕਣ ਲਈ ਰੁਕੀ ਸੀ ਅਤੇ ਉਦੋਂ ਉਨ੍ਹਾਂ ਪਰਸ ਵਿਚੋਂ ਕੁਝ ਪੈਸੇ ਕੱਢ ਕੇ ਆਪਣੀ ਧੀ ਨੂੰ ਦਿੱਤੇ ਸਨ। ਸ਼ੱਕ ਹੈ ਕਿ ਉਥੋਂ ਹੀ ਲੁਟੇਰਾ ਉਨ੍ਹਾਂ ਦੇ ਪਿੱਛੇ ਲੱਗ ਗਿਆ। ਪਰਸ ਵਿਚ 22 ਹਜ਼ਾਰ ਰੁਪਏ, ਆਧਾਰ ਕਾਰਡ, ਏ. ਟੀ. ਐੱਮ. ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਥਾਣਾ ਨੰਬਰ 8 ਵਿਚ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਵਿਚ ਕੋਈ ਵੀ ਅਜਿਹੀ ਜਗ੍ਹਾ ਨਹੀਂ ਰਹਿ ਗਈ, ਜਿਥੇ ਆਮ ਲੋਕ ਲੁਟੇਰਿਆਂ ਤੋਂ ਬਚ ਸਕਣ।
ਇਹ ਵੀ ਪੜ੍ਹੋ- ਪੰਜਾਬ 'ਤੇ ਮੰਡਰਾ ਸਕਦੈ ਵੱਡਾ ਖ਼ਤਰਾ, ਪੌਂਗ ਡੈਮ ’ਚ ਵਧਿਆ ਪਾਣੀ ਦਾ ਪੱਧਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।