ਇੰਪਰੂਵਮੈਂਟ ਟਰੱਸਟ ਨੇ ਬਣਾਇਆ ਲਤੀਫਪੁਰਾ ਦੇ ਨਾਜਾਇਜ਼ ਕਬਜ਼ਿਆਂ ਨੂੰ ਨੇਸਤੋਨਾਬੂਦ ਕਰਨ ਦਾ ਪਲਾਨ
Thursday, Mar 05, 2020 - 03:19 PM (IST)
ਜਲੰਧਰ (ਚੋਪੜਾ)— ਇੰਪਰੂਵਮੈਂਟ ਟਰੱਸਟ ਨੇ ਲਤੀਫਪੁਰਾ ਦੇ ਕਰੀਬ 1 ਏਕੜ ਜ਼ਮੀਨ 'ਤੇ ਹੋਏ ਕਬਜ਼ਿਆਂ ਨੂੰ ਨੇਸਤੋਨਾਬੂਦ ਕਰਨ ਦਾ ਪਲਾਨ ਤਿਆਰ ਕਰ ਲਿਆ ਹੈ। ਇਸ ਵਾਰ ਕਾਰਵਾਈ ਨੂੰ ਬਹੁਤ ਹੀ ਗੁਪਤ ਤਰੀਕੇ ਨਾਲ ਨੇਪਰੇ ਚਾੜ੍ਹਨ ਦੀ ਯੋਜਨਾ ਬਣਾਈ ਗਈ ਹੈ ਅਤੇ ਟਰੱਸਟ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ, ਈ. ਓ. ਜਤਿੰਦਰ ਸਿੰਘ ਇਸ ਕਾਰਵਾਈ ਨੂੰ ਅੰਜਾਮ ਦੇਣ ਸਬੰਧੀ ਬਹੁਤ ਹੀ ਗੁੱਪਚੁੱਪ ਤਰੀਕੇ ਨਾਲ ਰਣਨੀਤੀ ਬਣਾਏ ਹੋਏ ਹਨ ਅਤੇ ਇਕ-ਦੋ ਅਧਿਕਾਰੀਆਂ ਤੋਂ ਇਲਾਵਾ ਕਾਰਵਾਈ ਦੀ ਕਿਸੇ ਵੀ ਅਧਿਕਾਰੀ ਨੂੰ ਭਿਣਕ ਤਕ ਨਹੀਂ ਲੱਗਣ ਦਿੱਤੀ ਜਾ ਰਹੀ।
ਜ਼ਿਕਰਯੋਗ ਹੈ ਕਿ ਕਰਜ਼ੇ 'ਚ ਡੁੱਬੇ ਅਤੇ ਆਰਥਿਕ ਬਦਹਾਲੀ ਤੋਂ ਗੁਜ਼ਰ ਰਿਹਾ ਇੰਪਰੂਵਮੈਂਟ ਟਰੱਸਟ ਹੁਣ ਆਪਣੀਆਂ ਜ਼ਮੀਨਾਂ 'ਤੇ ਕਬਜ਼ੇ ਛੁਡਵਾਉਣ 'ਚ ਲੱਗਾ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ ਕਬਜ਼ਿਆਂ ਨੂੰ ਖਾਲੀ ਕਰਵਾਉਣ ਨੂੰ ਲੈ ਕੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਚਰਚਾ 'ਚ ਆਏ ਕਾਂਗਰਸ ਵਿਧਾਇਕ ਤੋਂ ਇਲਾਵਾ ਦਿਹਾਤੀ ਨਾਲ ਸਬੰਧਤ ਇਕ ਹੋਰ ਕਾਂਗਰਸ ਵਿਧਾਇਕ ਖਾਸੀ ਦਿਲਚਸਪੀ ਲੈ ਰਹੇ ਹਨ। ਚਰਚਾ ਹੈ ਕਿ ਇਨ੍ਹਾਂ ਦੋਵੇਂ ਵਿਧਾਇਕਾਂ ਨੇ ਮੁੱਖ ਮੰਤਰੀ ਦਫਤਰ ਨਾਲ ਜ਼ਿਲਾ ਪ੍ਰਸ਼ਾਸਨ ਨੂੰ ਲਤੀਫਪੁਰਾ ਦੀ ਜ਼ਮੀਨ ਖਾਲੀ ਕਰਵਾਉਣ ਸਬੰਧੀ ਜ਼ਿਲਾ ਪ੍ਰਸ਼ਾਸਨ ਨੂੰ ਇਕ ਪੱਤਰ ਵੀ ਭਿਜਵਾਇਆ ਗਿਆ ਹੈ। ਜਿਸ ਤੋਂ ਬਾਅਦ ਕਰੀਬ 75 ਕਰੋੜ ਰੁਪਏ ਦੀ ਜ਼ਮੀਨ 'ਤੇ ਕਬਜ਼ੇ ਛੁਡਵਾਉਣ ਦੀ ਟਰੱਸਟ ਨੇ ਤਿਆਰੀ ਤੇਜ਼ ਕਰ ਦਿੱਤੀ ਹੈ।
ਡੀ. ਸੀ., ਪੀ. ਸੀ. ਦੇ ਨਾਲ ਮੀਟਿੰਗ ਤੋਂ ਬਾਅਦ ਹੀ ਕਾਰਵਾਈ 'ਤੇ ਲਵਾਂਗੇ ਫੈਸਲਾ : ਆਹਲੂਵਾਲੀਆ
ਇਸ ਸਬੰਧੀ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦਾ ਕਹਿਣਾ ਹੈ ਕਿ ਲਤੀਫਪੁਰਾ ਦੀ ਜ਼ਮੀਨ 'ਤੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਨੂੰ ਖਾਲੀ ਕਰਵਾਉਣ ਸਬੰਧੀ ਟਰੱਸਟ ਕਾਰਵਾਈ ਕਰੇਗਾ ਪਰ ਕਾਰਵਾਈ ਦਾ ਕੋਈ ਵੀ ਪਲਾਨ ਅਜੇ ਤਕ ਤਿਆਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਬੈਠਕ ਹੋਣੀ ਹੈ।\
ਲਤੀਫਪੁਰਾ 'ਚ 70 ਸਾਲਾਂ ਤੋਂ ਰਹਿੰਦੇ ਆ ਰਹੇ ਲੋਕਾਂ ਨੇ ਵੀ ਧੱਕੇਸ਼ਾਹੀ ਦਾ ਵਿਰੋਧ ਕਰਨ ਦੀ ਦੇ ਦਿੱਤੀ ਚਿਤਾਵਨੀ
ਲਤੀਫਪੁਰਾ 'ਚ ਰਹਿੰਦੇ ਲੋਕਾਂ ਨੇ ਵੀ ਟਰੱਸਟ ਨੂੰ ਚਿਤਾਵਨੀ ਦੇ ਦਿੱਤੀ ਕਿ ਉਹ ਇਸ ਜ਼ਮੀਨ 'ਤੇ 70 ਸਾਲਾਂ ਤੋਂ ਰਹਿੰਦੇ ਆ ਰਹੇ ਹਨ। ਜੇਕਰ ਇੰਪਰੂਵਮੈਂਟ ਟਰੱਸਟ ਨੇ ਉਨ੍ਹਾਂ ਦੇ ਘਰਾਂ ਨੂੰ ਹਟਾਉਣ ਲਈ ਕੋਈ ਗੈਰ ਕਾਨੂੰਨੀ ਕਾਰਵਾਈ ਜਾਂ ਧੱਕੇਸ਼ਾਹੀ ਕੀਤੀ ਤਾਂ ਉਹ ਇਸ ਦਾ ਜ਼ੋਰਦਾਰ ਵਿਰੋਧ ਕਰਨਗੇ। ਉਨ੍ਹਾਂ ਦਾ ਕਹਿਣਾ ਸੀ ਕਿ ਸਿਰਫ ਕੁਝ ਸਿਆਸੀ ਨੇਤਾਵਾਂ ਅਤੇ ਭੂ-ਮਾਫੀਆ ਦੀ ਸ਼ਹਿ 'ਤੇ ਟਰੱਸਟ ਚੇਅਰਮੈਨ ਅਤੇ ਅਧਿਕਾਰੀ ਉਨ੍ਹਾਂ ਨੂੰ ਬਰਬਾਦ ਕਰਨ 'ਚ ਲੱਗੇ ਹੋਏ ਹਨ। ਟਰੱਸਟ ਵਲੋਂ ਵਾਰ-ਵਾਰ ਕਾਰਵਾਈ ਦਾ ਖੌਫ ਦਿਖਾਉਣ ਨਾਲ ਉਨ੍ਹਾਂ ਦੇ ਪਰਿਵਾਰਾਂ, ਜਿਨ੍ਹਾਂ 'ਚ ਔਰਤਾਂ ਅਤੇ ਛੋਟੇ-ਛੋਟੇ ਬੱਚੇ ਵੀ ਹਨ, ਉਨ੍ਹਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਟਰੱਸਟ ਨੇ ਪਿਛਲੇ ਸਾਲਾਂ 'ਚ ਲਤੀਫਪੁਰਾ 'ਤੇ ਬੁਲਡੋਜ਼ਰਾਂ ਨਾਲ ਕਾਰਵਾਈ ਕੀਤੀ ਸੀ ਪਰ ਉਸ ਸਮੇਂ ਉਥੋਂ ਦੇ ਲੋਕਾਂ ਨੇ ਟਰੱਸਟ ਦੀ ਕਾਰਵਾਈ ਦਾ ਸਖਤ ਵਿਰੋਧ ਕੀਤਾ ਸੀ।