ਬੈਂਕ ''ਚ ਗਹਿਣੇ, ਜਾਇਦਾਦਾਂ ਨੂੰ ਨੀਲਾਮ ਕਰਵਾਉਣ ਦੀ ਪੀ. ਐੱਨ. ਬੀ. ਨੇ ਟਰੱਸਟ ਨੂੰ ਦਿੱਤੀ ਸ਼ਰਤਾਂ ਨਾਲ ਮਨਜ਼ੂਰੀ
Sunday, Jun 16, 2019 - 05:44 PM (IST)

ਜਲੰਧਰ (ਪੁਨੀਤ)— ਪੀ. ਐੱਨ. ਬੀ. (ਪੰਜਾਬ ਨੈਸ਼ਨਲ ਬੈਂਕ) ਕੋਲ ਗਹਿਣੇ ਪਈਆਂ ਜਾਇਦਾਦਾਂ ਨੂੰ ਨੀਲਾਮ ਕਰਵਾਉਣ ਲਈ ਬੈਂਕ ਨੇ ਇੰਪਰੂਵਮੈਂਟ ਟਰੱਸਟ ਨੂੰ ਇਜਾਜ਼ਤ ਦੇ ਦਿੱਤੀ ਹੈ। ਇਸ 'ਚ ਬੈਂਕ ਨੇ ਇਕ ਅਹਿਮ ਸ਼ਰਤ ਰੱਖੀ ਹੈ, ਜਿਸ ਮੁਤਾਬਕ ਨੀਲਾਮੀ ਤੋਂ ਟਰੱਸਟ ਨੂੰ ਜੋ ਵੀ ਪੈਸਾ ਆਏਗਾ ਉਹ ਬੈਂਕ ਕੋਲ ਜਮ੍ਹਾ ਕਰਵਾਉਣਾ ਪਵੇਗਾ। ਇਹੀ ਨਹੀਂ, ਟਰੱਸਟ ਦੀ ਪ੍ਰਾਪਰਟੀ ਖਰੀਦਣ ਵਾਲੇ ਦੀ ਰਜਿਸਟਰੀ ਵੀ ਤਾਂ ਹੀ ਹੋ ਸਕੇਗੀ ਜਦੋਂ ਸਬੰਧਤ ਪ੍ਰਾਪਰਟੀ ਦੇ ਫੰਡ ਕਲੀਅਰ ਹੋਣਗੇ। ਟਰੱਸਟ ਨੂੰ ਇਸ ਸ਼ਰਤ ਨਾਲ ਨੀਲਾਮੀ ਕਰਵਾਉਣ ਦੇਣ ਨਾਲ ਟਰੱਸਟ ਦੀਆਂ ਉਮੀਦਾਂ 'ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਕਿਉਂਕਿ ਟਰੱਸਟ ਨੇ ਪੀ. ਐੱਨ. ਬੀ. ਕੋਲੋਂ ਨੀਲਾਮੀ ਦੀ ਇਜਾਜ਼ਤ ਲੈਣ ਦੀ ਸੂਰਤ ਵਿਚ ਫੰਡ ਇਕੱਠਾ ਕਰਨ ਦੀ ਆਸ ਲਾਈ ਸੀ। ਟਰੱਸਟ ਅਧਿਕਾਰੀ ਚਾਹੁੰਦੇ ਸਨ ਕਿ ਨੀਲਾਮੀ ਤੋਂ ਜੋ ਪੈਸਾ ਆਵੇਗਾ, ਉਸ ਵਿਚੋਂ ਅੱਧੇ ਬੈਂਕ ਵਿਚ ਜਮ੍ਹਾ ਕਰਵਾਏ ਜਾਣ ਅਤੇ ਬਾਕੀ ਪੈਸੇ ਉਨ੍ਹਾਂ ਦੇ ਅਕਾਊਂਟ 'ਚ ਆਉਣ, ਜਿਸ ਨਾਲ ਟਰੱਸਟ ਨੂੰ ਆਰਥਿਕ ਮਦਦ ਮਿਲ ਸਕੇ।
ਇੰਪਰੂਵਮੈਂਟ ਟਰੱਸਟ ਨੇ ਪੀ. ਐੱਨ. ਬੀ. ਬੈਂਕ ਕੋਲੋਂ 2011 ਵਿਚ ਸੂਰਿਆ ਐਨਕਲੇਵ ਐਕਸਟੈਸ਼ਨ ਸਕੀਮ ਲਈ 175 ਕਰੋੜ ਰੁਪਏ ਦਾ ਲੋਨ ਲਿਆ ਪਰ 7-8 ਸਾਲ ਬਾਅਦ ਵੀ ਟਰੱਸਟ ਲੋਨ ਮੋੜਨ ਵਿਚ ਅਸਮਰੱਥ ਹੈ। ਲੋਨ ਲੈਣ ਲਈ ਟਰੱਸਟ ਨੇ 577 ਕਰੋੜ ਦੀ ਪ੍ਰਾਪਰਟੀ ਨੂੰ ਪੀ. ਐੱਨ. ਬੀ. ਕੋਲ ਗਹਿਣੇ ਰੱਖਿਆ ਸੀ। ਪਿਛਲੇ ਸਾਲ 31 ਮਾਰਚ ਨੂੰ ਟਰੱਸਟ ਦਾ ਬਕਾਇਆ ਲੋਨ 112 ਕਰੋੜ ਸੀ ਅਤੇ ਟਰੱਸਟ ਦਾ ਅਕਾਊਂਟ ਪੀ. ਐੱਨ. ਬੀ. ਵਲੋਂ ਐੱਨ. ਪੀ. ਏ. (ਨਾਨ ਪ੍ਰਫਾਰਮਿੰਗ ਅਸੈਸਟ) ਕਰ ਦਿੱਤਾ ਗਿਆ। ਇਸ ਉਪਰੰਤ ਬੈਂਕ ਨੇ ਟਰੱਸਟ ਦੀ ਪ੍ਰਾਪਰਟੀ 'ਤੇ ਕਬਜ਼ਾ ਲੈਣਾ ਸ਼ੁਰੂ ਕੀਤਾ। 28-8-18 ਨੂੰ ਬੈਂਕ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸਿੰਬਾਲਿਕ ਸੀਲ ਲਾ ਦਿੱਤੀ, ਇਸ ਤੋਂ ਬਾਅਦ ਹੋਰ ਪ੍ਰਾਪਰਟੀ 'ਤੇ ਕਬਜ਼ਾ ਕਰਦੇ ਹੋਏ 01-09-18 ਨੂੰ ਹੋਰ ਪ੍ਰਾਪਰਟੀਜ਼ 'ਤੇ ਬੈਂਕ ਨੇ ਫਿਜ਼ੀਕਲੀ ਪੋਜ਼ੈਸ਼ਨ ਲੈ ਲਈ।
ਬੈਂਕ ਵੱਲੋਂ ਕਰਵਾਈ ਜਾ ਰਹੀ ਸਟੇਡੀਅਮ ਦੀ ਨੀਲਾਮੀ ਰਹੇਗੀ ਜਾਰੀ
ਟਰੱਸਟ ਦੀ 577 ਕਰੋੜ ਰੁਪਏ ਦੀ ਪ੍ਰਾਪਰਟੀ ਬੈਂਕ ਕੋਲ ਗਹਿਣੇ ਪਈ ਹੈ। ਉਸ ਨੂੰ ਬੈਂਕ ਵੱਲੋਂ ਨੀਲਾਮ ਕਰਵਾਇਆ ਜਾ ਰਿਹਾ ਹੈ। ਨੀਲਾਮੀ ਵਿਚ ਹਿੱਸਾ ਲੈਣ ਲਈ 17 ਜੂਨ ਅੰਤਿਮ ਦਿਨ ਰਹੇਗਾ। ਰੇਟ ਘੱਟ ਕਰਕੇ ਬੈਂਕ ਨੇ ਕੁਲ 480.50 ਕਰੋੜ ਰੁਪਏ ਦੀ ਪ੍ਰਾਪਰਟੀ ਨੂੰ ਨੀਲਾਮੀ ਵਿਚ ਰੱਖਿਆ ਹੈ। ਇਸ 'ਚ 250 ਕਰੋੜ ਦੇ ਸਟੇਡੀਅਮ ਤੋਂ ਇਲਾਵਾ 230.50 ਕਰੋੜ ਦੀ ਦੂਜੀ ਪ੍ਰਾਪਰਟੀ ਵੀ ਸ਼ਾਮਲ ਹੈ। ਇਹ ਪ੍ਰਾਪਰਟੀ ਸੂਰਿਆ ਐਨਕਲੇਵ, ਮਹਾਰਾਜਾ ਰਣਜੀਤ ਸਿੰਘ ਐਵੇਨਿਊ, ਗੁਰੂ ਗੋਬਿੰਦ ਸਿੰਘ ਐਵੇਨਿਊ, ਸੂਰਿਆ ਐਨਕਲੇਵ ਐਕਸਟੈਂਸ਼ਨ 'ਚ ਹੈ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਈ-ਆਕਸ਼ਨ ਜ਼ਰੀਏ ਹੋਣ ਵਾਲੀ ਨੀਲਾਮੀ ਜਾਰੀ ਰਹੇਗੀ।