ਬੇਅਦਬੀ ਦੀ ਮੁਲਜ਼ਮ ਕੁੜੀ ’ਤੇ ਕਾਰਵਾਈ ਲਈ ਧਾਰਮਿਕ ਸੰਗਠਨਾਂ ਦੇ ਪ੍ਰਤੀਨਿਧੀ ਥਾਣਾ ਸਦਰ ਪਹੁੰਚੇ

Thursday, Aug 04, 2022 - 05:26 PM (IST)

ਬੇਅਦਬੀ ਦੀ ਮੁਲਜ਼ਮ ਕੁੜੀ ’ਤੇ ਕਾਰਵਾਈ ਲਈ ਧਾਰਮਿਕ ਸੰਗਠਨਾਂ ਦੇ ਪ੍ਰਤੀਨਿਧੀ ਥਾਣਾ ਸਦਰ ਪਹੁੰਚੇ

ਜਲੰਧਰ (ਮਹੇਸ਼)–ਪਿੰਡ ਖਾਂਬਰਾ ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਨੀਅਤ ਨਾਲ ਦਾਖਲ ਹੋਈ ਇਕ ਲੜਕੀ ਨੂੰ ਮੰਗਲਵਾਰ ਰਾਤ ਨੂੰ ਮੌਕੇ ’ਤੇ ਮੌਜੂਦ ਸੰਗਤ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਅਤੇ ਹੋਰਨਾਂ ਮੈਂਬਰਾਂ ਵੱਲੋਂ ਕਾਬੂ ਕਰਕੇ ਪਹਿਲਾਂ ਪ੍ਰਤਾਪਪੁਰਾ ਚੌਕੀ ਅਤੇ ਉਸ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਹਵਾਲੇ ਕਰ ਦਿੱਤਾ ਗਿਆ ਸੀ ਪਰ ਪੁਲਸ ਵੱਲੋਂ ਬੀਤੇ ਦਿਨ ਤੱਕ ਆਪਣਾ ਨਾਂ ਪੂਨਮ ਦੱਸਣ ਵਾਲੀ ਉਕਤ ਲੜਕੀ ਖ਼ਿਲਾਫ਼ ਜਦੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਰੋਸ ਵਜੋਂ ਸਿੱਖ ਤਾਲਮੇਲ ਕਮੇਟੀ ਸਮੇਤ ਕਈ ਪ੍ਰਮੁੱਖ ਧਾਰਮਿਕ ਸੰਗਠਨਾਂ ਦੇ ਪ੍ਰਤੀਨਿਧੀ ਥਾਣਾ ਸਦਰ ਵਿਚ ਪਹੁੰਚ ਗਏ ਅਤੇ ਲੜਕੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਅਤੇ ਲੜਕੀ ਦੇ ਪਿੱਛੇ ਇਸ ਘਿਨੌਣੀ ਹਰਕਤ ਨੂੰ ਲੈ ਕੇ ਸਾਜ਼ਿਸ਼ ਰਚਣ ਵਾਲੀਆਂ ਤਾਕਤਾਂ ਨੂੰ ਬੇਨਕਾਬ ਕਰਨ ਦੀ ਮੰਗ ਕੀਤੀ।

ਧਾਰਮਿਕ ਸੰਗਠਨਾਂ ਦੇ ਥਾਣਾ ਸਦਰ ਵਿਚ ਪਹੁੰਚਣ ਸਬੰਧੀ ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ, ਡੀ. ਸੀ. ਪੀ. ਸਿਟੀ ਜਗਮੋਹਨ ਸਿੰਘ ਅਤੇ ਏ. ਸੀ. ਪੀ. ਜਲੰਧਰ ਕੈਂਟ ਬਬਨਦੀਪ ਸਿੰਘ ਮੌਕੇ ’ਤੇ ਪਹੁੰਚੇ ਅਤੇ ਸਿੱਖ ਤਾਲਮੇਲ ਕਮੇਟੀ ਸਮੇਤ ਹੋਰਨਾਂ ਨੇ ਬੇਅਦਬੀ ਮਾਮਲੇ ਵਿਚ ਪੂਰਾ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਅਤੇ ਲੜਕੀ ਖ਼ਿਲਾਫ਼ ਥਾਣਾ ਸਦਰ ਵਿਚ ਆਈ. ਪੀ. ਸੀ. ਦੀ ਧਾਰਾ 295-ਏ, 120-ਬੀ ਅਤੇ 511 ਤਹਿਤ ਐੱਫ਼. ਆਈ. ਆਰ. ਨੰਬਰ 110 ਦਰਜ ਕਰ ਲਈ ਗਈ। ਕੇਸ ਦਰਜ ਕੀਤੇ ਜਾਣ ਦੀ ਪੁਸ਼ਟੀ ਏ. ਸੀ. ਪੀ. ਜਲੰਧਰ ਕੈਂਟ ਬਬਨਦੀਪ ਸਿੰਘ ਨੇ ਕੀਤੀ ਹੈ, ਜਦਕਿ ਐੱਸ. ਐੱਚ. ਓ. ਸਦਰ ਅਜਾਇਬ ਸਿੰਘ ਔਜਲਾ ਅਤੇ ਫਤਿਹਪੁਰ (ਪ੍ਰਤਾਪਪੁਰਾ) ਚੌਕੀ ਮੁਖੀ ਮਦਨ ਸਿੰਘ ਨੇ ਦੱਸਿਆ ਕਿ ਲੜਕੀ ਨੂੰ ਕੱਲ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


author

shivani attri

Content Editor

Related News