ਪੀ. ਏ. ਪੀ. ਗੋਲਫ ਕਲੱਬ ’ਚ 3 ਕੈਟਾਗਰੀਆਂ ’ਚ ਹੋ ਰਹੇ ਨੇ ਮੁਕਾਬਲੇ

01/25/2021 5:07:20 PM

ਜਲੰਧਰ (ਖੁਸ਼ਬੂ)– ਪੀ. ਏ. ਪੀ. ਦੇ ਜਲੰਧਰ ਗੋਲਫ ਕਲੱਬ ਵਿਚ ਸ਼ਨੀਵਾਰ ਨੂੰ 2 ਰੋਜ਼ਾ ‘ਗਣਤੰਤਰ ਦਿਵਸ ਗੋਲਫ ਕੱਪ 2021’ ਦੀ ਸ਼ੁਰੂਆਤ ਹੋਈ ਸੀ। ਟੂਰਨਾਮੈਂਟ ਦੀ ਸ਼ੁਰੂਆਤ ਆਰ. ਟੀ. ਸੀ. ਕਮਾਂਡੈਂਟ ਰਾਜਪਾਲ ਸਿੰਘ ਸੰਧੂ ਨੇ ਟੀ-ਆਫ਼ ਕਰਕੇ ਕੀਤੀ। ਸੰਧੂ ਨੇ ਕਿਹਾ ਕਿ ਗੋਲਫ ਖੇਡਣ ਲਈ ਮਿਹਨਤ ਦੇ ਨਾਲ-ਨਾਲ ਖੁਦ ਵਿਚ ਖੇਡਣ ਦਾ ਹੁਨਰ ਵੀ ਹੋਣਾ ਚਾਹੀਦਾ ਹੈ। ਇਸ ਖੇਡ ਨੂੰ ਖੇਡਣ ਨਾਲ ਸਰੀਰ ਦੀ ਪੂਰੀ ਤਰ੍ਹਾਂ ਐਕਸਰਸਾਈਜ਼ ਹੁੰਦੀ ਹੈ, ਜੋ ਕਿ ਸਿਹਤ ਲਈ ਕਾਫ਼ੀ ਵਧੀਆ ਹੈ। ਗੋਲਫ ਕਲੱਬ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਕਾਬਲੇ ਦੇ ਪਹਿਲੇ ਦਿਨ ਖਿਡਾਰੀਆਂ ਨੇ ਜ਼ਬਰਦਸਤ ਉਤਸ਼ਾਹ ਦਿਖਾਇਆ। ਖਾਸ ਤੌਰ ’ਤੇ ਸਾਡੀ 70+ ਕੈਟਾਗਰੀ ਲਈ ਵੀ ਖਾਸ ਤੌਰ ’ਤੇ ਉਮੀਦਵਾਰ ਮੈਦਾਨ ’ਤੇ ਉਤਰੇ ਹਨ।

PunjabKesari

ਗੋਲਫ ’ਚ ਨੌਜਵਾਨ ਪੀੜ੍ਹੀ ਦੀ ਹੈ ਰੁਚੀ : ਸੀ. ਏ. ਮਨੋਜ
ਸੀ. ਏ. ਮਨੋਜ ਨੇ ਕਿਹਾ ਕਿ ਹੁਣ ਨੌਜਵਾਨ ਪੀੜ੍ਹੀ ਵੱਡੀ ਗਿਣਤੀ ਵਿਚ ਇਸ ਖੇਡ ਪ੍ਰਤੀ ਆਪਣੀ ਰੁਚੀ ਦਿਖਾ ਰਹੀ ਹੈ। ਗੋਲਫ ਭਵਿੱਖ ਵਿਚ ਲੰਮੇ ਸਮੇਂ ਤੱਕ ਖੇਡੀ ਜਾਣ ਵਾਲੀ ਖੇਡ ਹੈ। ਗਣਤੰਤਰ ਦਿਵਸ ਗੋਲਫ ਕੱਪ ਕੋਵਿਡ ਕਾਰਣ ਘਰ ਵਿਚ ਬੈਠੇ ਲੋਕਾਂ ਲਈ ਵਧੀਆ ਮੌਕਾ ਲੈ ਕੇ ਆਇਆ ਹੈ। ਇਹ ਖੇਡ ਬੱਚਿਆਂ ਲਈ ਵੀ ਵਧੀਆ ਹੈ। ਉਹ ਇਸ ਨਾਲ ਰਣਨੀਤੀ ਬਣਾਉਣਾ ਮਨ ਨੂੰ ਸ਼ਾਂਤ ਰੱਖਣਾ ਆਦਿ ਵਰਗੇ ਗੁਣ ਸਿੱਖਦੇ ਹਨ।

ਗੋਲਫ ’ਚ ਮਨ ਦੀ ਹਾਲਤ ਰੱਖਦੀ ਹੈ ਮਾਇਨੇ : ਸੰਧੂ
ਟੀ-ਆਫ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕਰਨ ਵਾਲੇ ਆਰ. ਟੀ. ਸੀ. ਕਮਾਂਡੈਂਟ ਰਾਜਪਾਲ ਿਸੰਘ ਸੰਧੂ ਨੇ ਕਿਹਾ ਕਿ ਗੋਲਫ ਵਿਚ ਤੁਹਾਡੇ ਸਰੀਰ ਦੀ ਸਮਰੱਥਾ ਓਨੀ ਮਹੱਤਤਾ ਨਹੀਂ ਰੱਖਦੀ, ਜਿੰਨੀ ਤੁਹਾਡੇ ਮਨ ਦੀ ਹਾਲਤ ਰੱਖਦੀ ਹੈ। ਇਹ ਤੁਹਾਨੂੰ ਉਨ੍ਹਾਂ ਚੀਜ਼ਾਂ ਨੂੰ ਕਰਨ ਲਈ ਪ੍ਰੇਰਿਤ ਕਰਦੀ ਹੈ, ਜਿਨ੍ਹਾਂ ਬਾਰੇ ਤੁਸੀਂ ਕਦੀ ਸੋਚਦੇ ਸੀ ਕਿ ਇਹ ਹੋ ਹੀ ਨਹੀਂ ਸਕਦਾ। ਇਹੀ ਗੋਲਫ ਦੀ ਖੂਬਸੂਰਤੀ ਹੈ, ਤਾਂ ਹੀ ਇਸ ਨਾਲ ਲੋਕ ਜ਼ਿਆਦਾ ਜੁੜਦੇ ਹਨ।

PunjabKesari

ਸੋਸ਼ਲ ਸਰਕਲ ਵਧੀਆ ਹੁੰਦਾ ਹੈ : ਕਰਨਲ ਏ. ਐੱਸ. ਟੁੱਟ
ਗੋਲਫ ਦੀ ਪ੍ਰੈਕਟਿਸ ਭਾਵੇਂ ਤੁਸੀਂ ਆਪਣੇ ਦੋਸਤਾਂ ਨਾਲ ਕਰਦੇ ਹੋ ਪਰ ਜਦੋਂ ਟੂਰਨਾਮੈਂਟ ਆਉਂਦਾ ਹੈ ਤਾਂ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਹਾਡੀ ਟੀਮ ਵਿਚ ਕੌਣ ਹੋਵੇਗਾ? ਇਸ ਖੇਡ ਜ਼ਰੀਏ ਤੁਹਾਡਾ ਸੋਸ਼ਲ ਸਰਕਲ ਵਧੀਆ ਹੋ ਜਾਂਦਾ ਹੈ। ਤੁਹਾਨੂੰ ਨਵੇਂ ਲੋਕ ਮਿਲਦੇ ਹਨ। ਕਰਨਲ ਟੁੱਟ ਨੇ ਕਿਹਾ ਕਿ ਉਹ ਪਿਛਲੇ 15-20 ਸਾਲਾਂ ਤੋਂ ਇਹ ਖੇਡ, ਖੇਡ ਰਹੇ ਹਨ ਅਤੇ ਇਹ ਤੁਹਾਨੂੰ ਜ਼ਮੀਨ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਦੀ ਹੈ।

PunjabKesari

ਦੋਸਤਾਂ ਨਾਲ ਖੇਡਣਾ ਵਧੀਆ ਲੱਗਦੈ : ਨਿਰਮਲਜੀਤ
ਕਾਰੋਬਾਰੀ ਨਿਰਮਲਜੀਤ ਦਿਓਲ ਨੇ ਦੱਸਿਆ ਕਿ ਉਹ ਖੁਦ ਨੂੰ ਪਹਿਲੇ ਸਪੋਰਟਸ ਪਰਸਨ ਮੰਨਦੇ ਹਨ। ਇਸ ਤੋਂ ਪਹਿਲਾਂ ਉਹ ਬੈਡਮਿੰਟਨ ਅਤੇ ਸਕਵੈਸ਼ ਵੀ ਖੇਡਦੇ ਰਹੇ ਹਨ। ਸਕਵੈਸ਼ ਖੇਡਣਾ ਉਨ੍ਹਾਂ ਨੂੰ ਅਜੇ ਵੀ ਪਸੰਦ ਹੈ ਪਰ ਜਦੋਂ ਦੋਸਤ ਇਕੱਠੇ ਹੋ ਜਾਂਦੇ ਹਨ ਤਾਂ ਪਹਿਲ ਹਮੇਸ਼ਾ ਗੋਲਫ ਖੇਡਣ ਨੂੰ ਵੀ ਦਿੱਤੀ ਜਾਂਦੀ ਹੈ । ਇਸ ਤੋਂ ਵਧੀਆ ਕੋਈ ਖੇਡ ਨਹੀਂ ਹੈ। ਇਹ ਤੁਹਾਡੀ ਦੋਸਤੀ ਨੂੰ ਹੋਰ ਪੱਕੀ ਕਰਦੀ ਹੈ।

ਬਿਨਾਂ ਗੋਲਫ ਦੇ ਰਹਿਣਾ ਹੁੰਦਾ ਹੈ ਬਹੁਤ ਮੁਸ਼ਕਲ : ਮਨੀਸ਼ ਅਰੋੜਾ
ਕਾਰੋਬਾਰੀ ਮਨੀਸ਼ ਅਰੋੜਾ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਗੋਲਫ ਖੇਡ ਰਹੇ ਹਨ। ਕੋਵਿਡ ਕਾਰਣ ਜਦੋਂ ਉਨ੍ਹਾਂ ਨੂੰ ਘਰ ਅੰਦਰ ਰਹਿਣਾ ਪਿਆ ਤਾਂ ਇਕ ਮਹੀਨਾ ਕਾਫੀ ਮੁਸ਼ਕਲ ਨਾਲ ਨਿਕਲਿਆ। ਫਿਰ ਘਰ ਵਿਚ ਬੈਠ ਕੇ ਵੀਡੀਓ ਦੇਖਣੀ ਸ਼ੁਰੂ ਕੀਤੀਆਂ ਤਾਂ ਕਿ ਉਹ ਗੋਲਫ ਬਾਰੇ ਵੱਧ ਜਾਣ ਸਕਣ। ਇਸ ਤੋਂ ਪਹਿਲਾਂ ਉਹ ਸਕਵੈਸ਼ ਖੇਡਦੇ ਸਨ ਪਰ ਦੋਸਤ ਦੇ ਕਹਿਣ ’ਤੇ ਗੋਲਫ ਖੇਡਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਨੂੰ ਹੁਣ ਗੋਲਫ ਖੇਡਣਾ ਬਹੁਤ ਵਧੀਆ ਲੱਗਦਾ ਹੈ।

PunjabKesari

ਖੁਦ ਲਈ ਖੇਡਦੇ ਹਾਂ ਗੋਲਫ : ਮੇਜਰ ਪੁਸ਼ਕਰਨਾ
ਗੋਲਫ ਤੋਂ ਇਲਾਵਾ ਬੈਡਮਿੰਟਨ ਖਿਡਾਰੀ ਅਤੇ ਤੈਰਾਕ ਰਹੇ 71 ਸਾਲਾ ਮੇਜਰ ਪੁਸ਼ਕਰਨਾ ਨੇ ਕਿਹਾ ਕਿ ਗੋਲਫ ਅਜਿਹੀ ਖੇਡ ਹੈ, ਜਿਹੜੀ ਤੁਸੀਂ ਕਿਸੇ ਵੀ ਉਮਰ ਵਿਚ ਖੇਡ ਸਕਦੇ ਹੋ। ਜੇਕਰ ਤੁਸੀਂ ਸਹੀ ਤਰ੍ਹਾਂ ਤੁਰ ਵੀ ਨਹੀਂ ਪਾ ਰਹੇ ਤਾਂ ਵੀ ਤੁਸੀਂ ਗੋਲਫ ਖੇਡ ਸਕਦੇ ਹੋ। ਗੋਲਫ ਆਪਣੇ ਲਈ ਖੇਡੀ ਜਾਂਦੀ ਹੈ। ਜੇਕਰ ਤੁਸੀਂ ਉਮਰ ਵਿਚ ਛੋਟੇ ਖਿਡਾਰੀ ਨਾਲ ਗੋਲਫ ਖੇਡਦੇ ਹੋ ਤਾਂ ਤੁਸੀਂ ਇਸ ਦਾ ਆਨੰਦ ਮਾਣਦੇ ਹੋ ਅਤੇ ਜੇਕਰ ਵੱਡੇ ਹੋ ਤਾਂ ਵੀ।

ਗੋਲਫ ਕੋਰਸ ’ਚ ਕੀਤੀ ਸਖ਼ਤ ਮਿਹਨਤ ਨਾਲ ਮਿਲਦੀ ਹੈ ਸਫਲਤਾ : ਗੁਰਪ੍ਰੀਤ ਸਿੰਘ
ਕੋਵਿਡ-19 ਦੇ ਦੌਰ ਵਿਚ ਗੋਲਫ ਦਾ ਦੁਬਾਰਾ ਸ਼ੁਰੂ ਹੋਣਾ ਸ਼ਹਿਰ ਵਾਸੀਆਂ ਲਈ ਰਾਹਤ ਲੈ ਕੇ ਆਇਆ ਹੈ। ਇਸ ਦੇ ਲਈ ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਅਤੇ ਸੈਕਟਰੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਕਾਫੀ ਮਿਹਨਤ ਕੀਤੀ ਹੈ। ਕੋਰਸ ਵਿਚ ਕੋਵਿਡ-19 ਨੂੰ ਲੈ ਕੇ ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਅਗਲੇ ਦਿਨਾਂ ਵਿਚ ਸਾਲ ਦੇ ਵੱਡੇ ਗੋਲਫ ਟੂਰਨਾਮੈਂਟ ਦੀ ਰੂਪ-ਰੇਖਾ ਬਣਾਈ ਜਾਵੇਗੀ। ਸ਼ਨੀਵਾਰ ਨੂੰ ਖਰਾਬ ਮੌਸਮ ਦੇ ਬਾਵਜੂਦ ਕੋਰਸ ਵਿਚ ਗੋਲਫ ਖੇਡਣ ਲਈ ਵੱਡੀ ਉਮਰ ਦੇ ਖਿਡਾਰੀ ਵੀ ਪਹੁੰਚੇ। ਇਹ ਗੋਲਫ ਲਈ ਸ਼ਹਿਰ ਵਾਸੀਆਂ ਦੀ ਦੀਵਾਨਗੀ ਨੂੰ ਦਰਸਾਉਂਦਾ ਹੈ।

ਗੋਲਫ ਨਾਲ ਬੱਚਿਆਂ ਨੂੰ ਬਿਜ਼ੀ ਰੱਖੋ : ਅਮਿਤ ਕੁਮਾਰ
ਕੁਆਲੀਫਾਈ ਕੋਚ ਅਮਿਤ ਕੁਮਾਰ ਨੇ ਕਿਹਾ ਕਿ ਗੋਲਫ ਇਕ ਅਜਿਹੀ ਖੇਡ ਹੈ, ਜਿਸ ਨੂੰ ਪੂਰਾ ਕਰਨ ਵਿਚ 3 ਤੋਂ 4 ਘੰਟੇ ਆਰਾਮ ਨਾਲ ਲੱਗ ਜਾਂਦੇ ਹਨ। ਇਸ ਲਈ ਬੱਚੇ ਜੇਕਰ ਬਚਪਨ ਤੋਂ ਹੀ ਇਹ ਖੇਡ ਖੇਡਣੀ ਸ਼ੁਰੂ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ ਇਲੈਕਟ੍ਰਾਨਿਕ ਗੈਜੇਟਸ ਦੀ ਆਦਤ ਨਹੀਂ ਪੈਂਦੀ। ਇਸ ਵਿਚ ਬੱਚਿਆਂ ਦੀ ਮਿਹਨਤ ਦੇ ਨਾਲ-ਨਾਲ ਮਾਪਿਆਂ ਦਾ ਵੀ ਕਾਫੀ ਸਹਿਯੋਗ ਹੁੰਦਾ ਹੈ।
ਗੋਲਫ ਅਜਿਹੀ ਖੇਡ ਹੈ, ਜਿਸ ਨੂੰ ਤੁਸੀਂ 90 ਸਾਲ ਦੇ ਹੋ ਕੇ ਵੀ ਖੇਡ ਸਕਦੇ ਹੋ। ਅਜਿਹੀ ਕੋਈ ਹੋਰ ਖੇਡ ਨਹੀਂ ਹੈ। ਬੱਚੇ ਹੋਣ ਜਾਂ ਵੱਡੀ ਉਮਰ ਦੇ ਲੋਕ ਸਾਰਿਆਂ ਲਈ ਇਹ ਖੇਡ ਸਰੀਰ ਦੇ ਨਾਲ-ਨਾਲ ਦਿਮਾਗ ਨੂੰ ਵੀ ਫਿੱਟ ਰੱਖਦੀ ਹੈ।-ਬਲਬੀਰ ਸਿੰਘ ਰਿਟਾਇਰਡ ਆਈ. ਜੀ. ਬੀ. ਐੱਸ. ਐੱਫ.


shivani attri

Content Editor

Related News