ਲੁਧਿਆਣਾ ਵਿਚ 12 ਕਰੋੜ ਰੁਪਏ ਦੀ ਹੋਈ ਲੁੱਟ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਕੱਸੀ ਕਮਰ

02/20/2020 4:25:42 PM

ਜਲੰਧਰ (ਸੁਧੀਰ)— ਲੁਧਿਆਣਾ ਵਿਚ ਹੋਈ 12 ਕਰੋੜ ਦੀ ਡਕੈਤੀ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਵੀ ਸੁਰੱਖਿਆ ਪ੍ਰਬੰਧਾਂ ਲਈ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਤਮਾਮ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰ ਕੇ ਸ਼ਹਿਰ ਦੇ ਸਾਰੇ ਬੈਂਕਾਂ, ਮਨੀ ਚੇਂਜਰਾਂ, ਫਾਇਨਾਂਸ ਕੰਪਨੀਆਂ ਅਤੇ ਜਿਊਲਰੀ ਸ਼ਾਪਸ ਦੇ ਨੇੜੇ-ਤੇੜੇ ਸੁਰੱਖਿਆ ਦੇ ਸਖਤ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਗਏ ਹਨ। ਸੀ. ਪੀ. ਭੁੱਲਰ ਦੇ ਹੁਕਮਾਂ 'ਤੇ ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ ਨੇ ਜ਼ੋਨ-2 ਦੇ ਸਾਰੇ ਥਾਣਾ ਇੰਚਾਰਜਾਂ ਨੂੰ ਨਾਲ ਲੈ ਕੇ ਸ਼ਹਿਰ ਦੇ ਕਈ ਬੈਂਕਾਂ, ਫਾਇਨਾਂਸ ਕੰਪਨੀਆਂ, ਮਨੀ ਚੇਂਜਰਾਂ ਤੇ ਜਿਊਲਰਾਂ ਦੀਆਂ ਦੁਕਾਨਾਂ ਦਾ ਦੌਰਾ ਕੀਤਾ। ਇਸ ਦੇ ਨਾਲ ਉਨ੍ਹਾਂ ਸਾਰੇ ਬੈਂਕ ਮੈਨੇਜਰਾਂ, ਮਨੀ ਚੇਂਜਰਾਂ ਤੇ ਫਾਇਨਾਂਸ ਕੰਪਨੀਆਂ ਦੇ ਅਧਿਕਾਰੀਆਂ ਨੂੰ ਆਪਣੇ ਟੇਬਲਾਂ 'ਤੇ ਹੂਟਰ ਦਾ ਬਟਨ ਲਾਉਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਿਕ ਰੱਬ ਨਾ ਕਰੇ ਜੇਕਰ ਬੈਂਕਾਂ, ਫਾਇਨਾਂਸ ਕੰਪਨੀਆਂ ਅਤੇ ਜਿਊਲਰੀ ਸ਼ਾਪਸ 'ਚ ਕੋਈ ਵੀ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਕਤ ਅਧਿਕਾਰੀ ਸਭ ਤੋਂ ਪਹਿਲਾਂ ਹੂਟਰ ਦਾ ਬਟਨ ਦਬਾ ਦੇਣ। ਜਿਸ ਨਾਲ ਉਕਤ ਸ਼ੱਕੀ ਵਿਅਕਤੀ ਨੂੰ ਤੁਰੰਤ ਲੋਕਾਂ ਤੇ ਪੁਲਸ ਦੀ ਮਦਦ ਨਾਲ ਫੜਿਆ ਜਾ ਸਕੇ। ਇਸ ਦੇ ਨਾਲ ਹੀ ਸਾਰੀਆਂ ਥਾਵਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਤੇ ਡੀ. ਵੀ. ਆਰ. ਰੱਖਣ ਦੇ ਹੁਕਮ ਵੀ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲੁਧਿਆਣਾ ਵਿਚ 12 ਕਰੋੜ ਰੁਪਏ ਦੀ ਹੋਈ ਲੁੱਟ ਦੀ ਵਾਰਦਾਤ ਵਿਚ ਬੇਖੌਫ ਲੁਟੇਰਿਆਂ ਨੇ ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਗੰਨ ਪੁਆਇੰਟ 'ਤੇ ਬੰਧਕ ਬਣਾ ਕੇ ਉਨ੍ਹਾਂ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ ਸੀ। ਜਿਸ ਤੋਂ ਬਾਅਦ ਉਹ ਵਾਰਦਾਤ ਨੂੰ ਅੰਜਾਮ ਦੇ ਤੇ ਫਰਜ਼ੀ ਨੰਬਰ ਲੱਗੀ ਗੱਡੀ ਵਿਚ ਬੈਠ ਕੇ ਫਾਇਨਾਂਸ ਕੰਪਨੀ ਦੇ ਦਰਵਾਜ਼ੇ ਨੂੰ ਲਾਕ ਲਾ ਕੇ ਫਰਾਰ ਹੋ ਗਏ ਸਨ। ਜਿਸ ਤੋਂ ਬਾਅਦ ਕਿਸੇ ਤਰ੍ਹਾਂ ਬੈਂਕ ਕਰਮਚਾਰੀਆਂ ਨੇ ਰੱਸੀਆਂ ਨੂੰ ਖੋਲ੍ਹਿਆ ਤੇ ਮੈਨੇਜਰ ਨੇ ਦੂਜੀ ਚਾਬੀ ਨਾਲ ਗੇਟ ਖੋਲ੍ਹਿਆ ਤੇ ਕੁਝ ਦੂਰੀ 'ਤੇ ਹੀ ਜਾ ਕੇ ਥਾਣੇ ਿਵਚ ਸੂਚਨਾ ਦਿੱਤੀ। ਘਟਨਾ ਤੋਂ ਬਾਅਦ ਪੂਰੇ ਪੰਜਾਬ ਿਵਚ ਹੜਕੰਪ ਮਚ ਗਿਆ। ਜਿਸ ਦੇ ਨਾਲ ਹੀ ਪੂਰੇ ਪੰਜਾਬ 'ਚ ਹਾਈ ਅਲਰਟ ਕਰ ਦਿੱਤਾ ਗਿਆ। ਇਸ ਨੂੰ ਵੇਖਦੇ ਕਮਿਸ਼ਨਰੇਟ ਪੁਲਸ ਨੇ ਵੀ ਸ਼ਹਿਰ ਦੇ ਬੈਂਕਾਂ, ਫਾਇਨਾਂਸ ਕੰਪਨੀਆਂ ਅਤੇ ਜਿਊਲਰੀ ਸ਼ਾਪਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੂਟਰ, ਸਕਿਓਰਿਟੀ ਗਾਰਡਜ਼ ਤੇ ਸੀ. ਸੀ. ਟੀ. ਵੀ. ਕੈਮਰੇ ਠੀਕ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

ਬੈਂਕਾਂ ਤੇ ਮਨੀ ਚੇਂਜਰਾਂ ਦੇ ਦਫਤਰਾਂ ਦੇ ਆਸ-ਪਾਸ ਕਈ ਸ਼ੱਕੀ ਲੋਕਾਂ ਨੂੰ ਕੀਤਾ ਰਾਊਂਡਅਪ
ਏ. ਡੀ. ਸੀ. ਪੀ. ਪਰਮਿੰਦਰ ਭੰਡਾਲ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਸ਼ਹਿਰ ਦੇ ਕਈ ਬੈਂਕਾਂ ਤੇ ਮਨੀ ਚੇਂਜਰਾਂ ਦੇ ਦਫਤਰਾਂ ਕੋਲ ਘੁੰਮ ਰਹੇ ਕਈ ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਥਾਣੇ ਿਲਜਾ ਕੇ ਉਨ੍ਹਾਂ ਦੇ ਆਈ. ਡੀ. ਪਰੂਫ ਤੇ ਉਨ੍ਹਾਂ ਦੇ ਕਰੈਕਟਰ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਛੱਡ ਿਦੱਤਾ ਿਗਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਵਿਅਕਤੀ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ ਵਿਚ ਦੇਣ।

ਬੈਂਕਾਂ ਦੇ ਕੈਂਚੀ ਗੇਟ ਿਵਚ ਲੋਹੇ ਦੀ ਸੰਗਲੀ ਲਾਉਣ ਦੇ ਹੁਕਮ
ਸਾਰੇ ਬੈਂਕ ਮੈਨੇਜਰਾਂ ਨੂੰ ਬੈਂਕਾਂ ਦੀ ਐਂਟਰੀ 'ਤੇ ਲੱਗੇ ਕੈਂਚੀ ਗੇਟ ਨੂੰ ਅੱਧਾ ਬੰਦ ਰੱਖਣ ਦੇ ਨਾਲ-ਨਾਲ ਲੋਹੇ ਦੀ ਸੰਗਲੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਬੈਂਕ ਦੇ ਅੰਦਰ ਦਾਖਲ ਹੋਣ ਵਾਲਾ ਵਿਅਕਤੀ ਇਕ ਦਮ ਬੈਂਕ ਦੇ ਅੰਦਰ ਨਾ ਭੱਜ ਕੇ ਤੇ ਆਰਾਮ ਨਾਲ ਆ ਸਕੇ।

PunjabKesari

ਸਕਿਓਰਿਟੀ ਗਾਰਡ ਸੁਰੱਖਿਆ ਦੇ ਮੱਦੇਨਜ਼ਰ ਹੀ ਰਹਿਣ ਤਾਇਨਾਤ ਨਾ ਕਿ ਬੈਂਕ ਕਰਮਚਾਰੀਆਂ ਨੂੰ ਪਾਣੀ ਪਿਆਉਣ ਲਈ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਾਫ ਹੁਕਮ ਦਿੱਤੇ ਹਨ ਕਿ ਸਾਰੇ ਬੈਂਕ ਮੈਨੇਜਰ, ਮਨੀ ਚੇਂਜਰ ਤੇ ਜਿਊਲਰ ਆਪਣੀਆਂ ਦੁਕਾਨਾਂ ਤੇ ਬੈਂਕਾਂ ਦੇ ਬਾਹਰ ਸਕਿਓਰਿਟੀ ਗਾਰਡਜ਼ ਨੂੰ ਅਸਲ੍ਹੇ ਨਾਲ ਲੈਸ ਕਰ ਕੇ ਤਾਇਨਾਤ ਰੱਖਣ ਨਾ ਕਿ ਸਕਿਓਰਿਟੀ ਗਾਰਡਜ਼ ਕੋਲੋਂ ਪਾਣੀ ਪਿਆਉਣ ਤੇ ਹੋਰ ਿਕਸੇ ਤਰ੍ਹਾਂ ਦਾ ਕੰਮ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਮਨੀ ਚੇਂਜਰ ਮੋਟਰਸਾਈਕਲਾਂ 'ਤੇ ਕੈਸ਼ ਲੈ ਕੇ ਨਾ ਜਾਣ
ਇਸ ਦੇ ਨਾਲ ਹੀ ਏ. ਡੀ ਸੀ. ਪੀ. ਸਿਟੀ -2 ਪਰਮਿਦੰਰ ਸਿੰਘ ਭੰਡਾਲ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਸ਼੍ਰੀ ਭੁੱਲਰ ਦੇ ਹੁਕਮਾਂ ਮੁਤਾਬਿਕ ਸਾਰੇ ਮਨੀ ਚੇਂਜਰਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਕੈਸ਼ ਮੋਟਰਸਾਈਕਲਾਂ ਤੇ ਹੋਰ ਦੋ ਪਹੀਆ ਵਾਹਨਾਂ 'ਤੇ ਨਾ ਲੈ ਕੇ ਜਾਣ। ਕੈਸ਼ ਗੱਡੀਆਂ ਵਿਚ ਹੀ ਸੁਰੱਖਿਆ ਪੱਖੋਂ ਲੈ ਕੇ ਜਾਣ।

ਬੈਂਕਾਂ, ਮਨੀ ਚੇਂਜਰਾਂ, ਫਾਇਨਾਂਸ ਕੰਪਨੀਆਂ ਤੇ ਵੱਡੇ ਜਿਊਲਰਾਂ ਦੀਆਂ ਦੁਕਾਨਾਂ ਦੇ ਆਲੇ-ਦੁਆਲੇ ਹੋਵੇਗੀ ਨਾਕਾਬੰਦੀ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਾਰੇ ਏ. ਡੀ. ਸੀ. ਪੀ. ਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਨਾਲ ਮੀਟਿੰੰਗ ਕਰ ਕੇ ਉਨ੍ਹਾਂ ਨੂੰ ਏਰੀਆ ਵਾਈਜ਼ ਬੈਂਕਾਂ, ਫਾਇਨਾਂਸ ਕੰਪਨੀਆਂ, ਮਨੀ ਚੇਂਜਰਾਂ ਤੇ ਵੱਡੇ ਜਿਊਲਰਾਂ ਦੀਆਂ ਦੁਕਾਨਾਂ ਦੇ ਆਲੇ-ਦੁਆਲੇ ਲੁਕੇਸ਼ਨ ਫਿਕਸ ਕਰ ਕੇ ਉਸ ਸਥਾਨ 'ਤੇ ਨਾਕਾਬੰਦੀ ਤੇ ਪੀ. ਸੀ. ਆਰ. ਕਰਮਚਾਰੀਆਂ ਨੂੰ ਪੈਟਰੋਲਿੰਗ ਕਰਨ ਦੇ ਨਾਲ-ਨਾਲ ਸ਼ੱਕੀ ਲੋਕਾਂ 'ਤੇ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

ਥਾਣਾ ਇੰਚਾਰਜਾਂ ਦੀਆਂ ਗੱਡੀਆਂ ਵੀ ਥਾਣੇ 'ਚ ਨਹੀਂ ਹੋਣਗੀਆਂ ਖੜ੍ਹੀਆਂ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਥਾਣਾ ਇੰਚਾਰਜਾਂ ਦੀਆਂ ਗੱਡੀਆਂ ਵੀ ਹੁਣ ਥਾਣਿਆਂ ਵਿਚ ਨਹੀਂ ਖੜ੍ਹੀਆਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਥਾਣਾ ਇੰਚਾਰਜਾਂ ਨੂੰ ਆਪਣੇ-ਆਪਣੇ ਏਰੀਏ ਵਿਚ ਗੱਡੀਆਂ ਵਿਚ ਪੈਟਰੋਲਿੰਗ ਕਰਨ ਦੇ ਨਾਲ ਨਾਲ ਨਾਕਾਬੰਦੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਲਸ ਨੂੰ ਪਬਲਿਕ ਨਾਲ ਨਿਮਰਤਾ ਨਾਲ ਬੋਲਣ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਗੰਭੀਰਤਾ ਨਾਲ ਸੁਨਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਟ੍ਰੈਫਿਕ ਕਰਮਚਾਰੀਆਂ ਨੂੰ ਨਾਕਿਆਂ 'ਤੇ ਪਰਿਵਾਰ ਨਾਲ ਜਾ ਰਹੇ ਲੋਕਾਂ ਨੂੰ ਬਿਨਾਂ ਕਾਰਣ ਤੰਗ ਪ੍ਰੇਸ਼ਾਨ ਨਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਵਧੀਆ ਕਾਰਗੁਜ਼ਾਰੀ ਕਰਨ ਵਾਲੇ ਮੁਲਾਜ਼ਮਾਂ ਨੂੰ ਮਿਲੇਗਾ ਪ੍ਰਸ਼ੰਸਾ-ਪੱਤਰ, ਲਾਪ੍ਰਵਾਹ ਮੁਲਾਜ਼ਮਾਂ 'ਤੇ ਹੋਵੇਗੀ ਕਾਰਵਾਈ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਾਫ ਕਿਹਾ ਕਿ ਸ਼ਹਿਰ 'ਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਪੁਲਸ ਮੁਲਾਜ਼ਮਾਂ ਨੂੰ ਪ੍ਰਸ਼ੰਸਾ-ਪੱਤਰ ਦਿੱਤੇ ਜਾਣਗੇ, ਜਦੋਂਕਿ ਲਾਪ੍ਰਵਾਹ ਮੁਲਾਜ਼ਮਾਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News