ਜਲੰਧਰ ਦੇ ਸਿਵਲ ਹਸਪਤਾਲ ਦਾ ਖਸਤਾਹਾਲ ਕਮਰਾ ਬਣਿਆ ਚਰਚਾ ਦਾ ਵਿਸ਼ਾ, ਜਾਣੋ ਕਿਉਂ

02/25/2020 12:36:17 PM

ਜਲੰਧਰ (ਸ਼ੋਰੀ)— ਜਲੰਧਰ ਦੇ ਸਿਵਲ ਹਸਪਤਾਲ 'ਚ ਖਸਤਾਹਾਲ ਕਮਰਿਆਂ 'ਚ ਔਰਤ ਅਤੇ ਇਕ ਕਰਮਚਾਰੀ ਦਾ ਮਿਲਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਸਿਵਲ ਹਸਪਤਾਲ ਦੇ ਡੈੱਥ ਹਾਊਸ ਨੇੜੇ ਹੀ ਬਣੀ ਬਿਲਡਿੰਗ ਨੂੰ 'ਹਾਊਸ ਜੌਬ ਹੋਸਟਲ' ਕਿਹਾ ਜਾਂਦਾ ਹੈ। ਇਸ 'ਚ ਹਸਪਤਾਲ 'ਚ ਪ੍ਰੈਕਟਿਸ ਕਰਨ ਆਉਣ ਵਾਲੇ ਡਾਕਟਰਾਂ ਲਈ ਕਮਰੇ ਬਣਾਏ ਗਏ ਸਨ ਤਾਂ ਕਿ ਜਿੱਥੇ ਉਹ ਰਹਿ ਕੇ ਮੌਕੇ 'ਤੇ ਹੀ ਮਰੀਜ਼ਾਂ ਦਾ ਇਲਾਜ ਕਰ ਸਕਣ। ਹੌਲੀ-ਹੌਲੀ ਇਸ ਬਿਲਡਿੰਗ 'ਚ ਡਾਕਟਰਾਂ ਨੇ ਰਹਿਣਾ ਬੰਦ ਕਰ ਦਿੱਤਾ ਅਤੇ ਹੁਣ ਹਸਪਤਾਲ 'ਚ ਕੰਮ ਕਰਨ ਵਾਲੇ ਇਕ ਕਰਮਚਾਰੀ ਨੂੰ ਪੱਕੇ ਤੌਰ 'ਤੇ ਕਮਰਾ ਦਿੱਤਾ ਹੋਇਆ ਹੈ।

ਐਤਵਾਰ ਦੁਪਹਿਰ ਸਮੇਂ ਇਸ ਕਮਰੇ 'ਚ ਹਸਪਤਾਲ 'ਚ ਕੰਮ ਕਰਨ ਵਾਲੇ ਕਰਮਚਾਰੀ ਅਤੇ ਇਕ ਔਰਤ ਦਾ ਬੰਦ ਕਮਰੇ 'ਚ ਮਿਲਣਾ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। ਪੂਰੇ ਹਸਪਤਾਲ 'ਚ ਇਸ ਗੱਲ ਦੀ ਚਰਚਾ ਜ਼ੋਰ-ਸ਼ੋਰ ਨਾਲ ਹੈ ਕਿ ਕਰਮਚਾਰੀ ਔਰਤ ਨਾਲ ਕਮਰੇ 'ਚ ਕਾਫੀ ਸਮੇਂ ਤੱਕ ਕੀ ਕਰਦਾ ਰਿਹਾ? ਦੱਸਿਆ ਜਾ ਰਿਹਾ ਕਿ ਮਾਮਲੇ ਦੀ ਸੂਚਨਾ ਮਿਲਣ 'ਤੇ ਉੱਥੇ ਪ੍ਰਾਈਵੇਟ ਸੁਰੱਖਿਆ ਕਰਮਚਾਰੀ ਪੁਲਸ ਜਵਾਨ ਵੀ ਪਹੁੰਚੇ। ਪਹਿਲਾਂ ਤਾਂ ਵਿਅਕਤੀ ਔਰਤ ਨੂੰ ਆਪਣਾ ਰਿਸ਼ਤੇਦਾਰ ਦੱਸਣ ਲੱਗਾ ਅਤੇ ਇਸੇ ਦੌਰਾਨ ਔਰਤ ਨੂੰ ਬਾਹਰ ਕੱਢ ਕੇ ਕਮਰੇ ਨੂੰ ਤਾਲਾ ਲਾ ਕੇ ਮੌਕੇ ਤੋਂ ਫਰਾਰ ਹੋ ਗਿਆ। ਹਸਪਤਾਲ ਦੇ ਸੂਤਰਾਂ ਦੀ ਮੰਨੀਏ ਤਾਂ ਉਕਤ ਕਰਮਚਾਰੀ ਔਰਤ ਨਾਲ ਮੌਜ-ਮਸਤੀ ਕਰ ਰਿਹਾ ਸੀ।

ਖਸਤਾਹਾਲ ਬਿਲਡਿੰਗ 'ਚ ਕਿਸ ਤਰ੍ਹਾਂ ਮਿਲ ਗਿਆ ਕਮਰਾ
ਦੇਖਿਆ ਜਾਵੇ ਤਾਂ ਇਸ ਬਿਲਡਿੰਗ ਨੂੰ ਖਸਤਾਹਾਲ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਨਿਯਮ ਮੁਤਾਬਕ ਜਿੱਥੇ ਕਿਸੇ ਨੂੰ ਕਮਰਾ ਨਹੀਂ ਦਿੱਤਾ ਜਾ ਸਕਦਾ ਤਾਂ ਇਸ ਕਰਮਚਾਰੀ 'ਤੇ ਇਹ ਮਿਹਰਬਾਨੀ ਕਿਉਂ ਕੀਤੀ ਗਈ। ਜ਼ਿਕਰਯੋਗ ਹੈ ਕਿ ਪੂਰੀ ਬਿਗਡਿੰਗ ਦੇ ਕਮਰਿਆਂ ਨੂੰ ਤਾਲਾ ਲੱਗਾ ਹੈ ਕਿਉਂਕਿ ਹਸਪਤਾਲ ਪ੍ਰਸ਼ਾਸਨ ਮੁਤਾਬਕ ਬਿਲਡਿੰਗ ਖਸਤਾਹਾਲ ਹੋ ਚੁੱਕੀ ਹੈ ਅਤੇ ਜੇਕਰ ਕੱਲ ਨੂੰ ਕੋਈ ਹਾਦਸਾ ਹੋਵੇ ਤਾਂ ਉਸ ਦਾ ਕੌਣ ਜ਼ਿੰਮੇਵਾਰ ਹੋਵੇਗਾ।

ਪ੍ਰਾਈਵੇਟ ਸੁਰੱਖਿਆ ਕਰਮਚਾਰੀਆਂ ਦੀ ਡਿਊਟੀ ਵੀ ਸਵਾਲਾਂ ਦਾ ਘੇਰੇ 'ਚ
ਉਂਝ ਦੇਖਿਆ ਜਾਵੇ ਤਾਂ ਦਰਜਨਾਂ ਦੇ ਹਿਸਾਬ ਨਾਲ ਹਸਪਤਾਲ 'ਚ ਪ੍ਰਾਈਵੇਟ ਸੁਰੱਖਿਆ ਕਰਮਚਾਰੀਆਂ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਹਸਪਤਾਲ 'ਚ ਉਹ ਗਲਤ ਕੰਮ ਹੋਣ ਤੋਂ ਰੋਕਣ। ਖਸਤਾਹਾਲ ਹੋ ਚੁੱਕੀ ਬਿਲਡਿੰਗ ਦੇ ਦਰਵਾਜ਼ੇ 'ਚ ਸੁਰੱਖਿਆ ਕਰਮਚਾਰੀਆਂ ਨੇ ਤਾਲਾ ਕਿਉਂ ਨਹੀਂ ਲਾਇਆ। ਉਕਤ ਬਿਲਡਿੰਗ ਦੇ ਸਾਹਮਣੇ ਹੀ ਜੱਚਾ-ਬੱਚਾ ਹਸਪਤਾਲ ਹੈ ਅਤੇ ਉਸ ਗੇਟ ਦੇ ਬਾਹਰ ਸੁਰੱਖਿਆ ਕਰਮਚਾਰੀ ਬੈਠੇ ਹੁੰਦੇ ਹਨ ਅਤੇ ਲਗਦਾ ਹੈ ਕਿ ਉਨ੍ਹਾਂ ਦੀਆਂ ਅੱਖਾਂ ਬੰਦ ਰਹਿੰਦੀਆਂ ਹਨ। ਹਸਪਤਾਲ ਦੇ ਕਾਰਜਕਾਰੀ ਮੈਡੀਕਲ ਸੁਪਰਡੈਂਟ ਡਾ. ਚਰਨਜੀਵ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਣਕਾਰੀ ਉਨ੍ਹਾਂ ਨੂੰ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਇਸ ਮਾਮਲੇ 'ਚ ਜਿਸ ਦੀ ਲਾਪ੍ਰਵਾਹੀ ਸਾਹਮਣੇ ਆਈ ਉਸ 'ਤੇ ਐਕਸ਼ਨ ਹੋਵੇਗਾ।


shivani attri

Content Editor

Related News