ਜਲੰਧਰ ਸ਼ਹਿਰ ਦੇ ਥਾਣਿਆਂ ਨੂੰ ਜਲਦ ਮਿਲਣਗੇ ਨਵੇਂ ਕਾਂਸਟੇਬਲ, ਸੀ. ਪੀ. ਨੇ ਮੁਲਾਜ਼ਮਾਂ ਨੂੰ ਦਿੱਤੇ ਨਿਯੁਕਤੀ ਪੱਤਰ
Wednesday, Aug 24, 2022 - 02:38 PM (IST)
ਜਲੰਧਰ (ਸੁਧੀਰ)– ਸੂਬੇ ਭਰ ਵਿਚ ਪੁਲਸ ਮੁਲਾਜ਼ਮਾਂ ਦੀ ਘਾਟ ਕਾਰਨ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਨਵੇਂ ਪੁਲਸ ਮੁਲਾਜ਼ਮਾਂ ਦੀ ਭਰਤੀ ਤਹਿਤ ਕਮਿਸ਼ਨਰੇਟ ਪੁਲਸ ਵਿਚ 237 ਨਵੇਂ ਮੁਲਾਜ਼ਮਾਂ (162 ਕਾਂਸਟੇਬਲਾਂ ਤੇ 75 ਮਹਿਲਾ ਕਾਂਸਟੇਬਲਾਂ) ਨੂੰ ਨਿਯੁਕਤ ਕੀਤਾ ਗਿਆ ਹੈ। ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਨਵੇਂ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦੇਣ ਉਪਰੰਤ ਵਧਾਈ ਦਿੰਦਿਆਂ ਕਮਿਸ਼ਨਰੇਟ ਪੁਲਸ ਵਿਚ ਆਉਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ। ਸੀ. ਪੀ. ਗੁਰਸ਼ਰਨ ਸਿੰਘ ਸੰਧੂ ਨੇ ਸਾਰੇ ਨਵੇਂ ਮੁਲਾਜ਼ਮਾਂ ਨੂੰ ਸਖ਼ਤ ਮਿਹਨਤ ਅਤੇ ਈਮਾਨਦਾਰੀ ਨਾਲ ਡਿਊਟੀ ਨਿਭਾਉਣ ਅਤੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਇਨਸਾਫ਼ ਦਿਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਾਫ਼ ਕਿਹਾ ਕਿ ਸਖ਼ਤ ਮਿਹਨਤ ਅਤੇ ਈਮਾਨਦਾਰੀ ਨਾਲ ਡਿਊਟੀ ਨਿਭਾਉਣ ਵਾਲਿਆਂ ਦਾ ਵਾਹਿਗੁਰੂ ਵੀ ਹਮੇਸ਼ਾ ਸਾਥ ਦਿੰਦਾ ਹੈ।
ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦੇ 6 ਮਹੀਨੇ ਪੂਰੇ, ਹੁਣ ਫ਼ੌਜ ’ਚ ਭਰਤੀ ਲਈ ਲਾਊਡ ਸਪੀਕਰ ’ਤੇ ਹੁੰਦੀ ਹੈ ਮੁਨਾਦੀ
‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੁਲਸ ਕਮਿਸ਼ਨਰ ਸੰਧੂ ਨੇ ਦੱਸਿਆ ਕਿ ਪੰਜਾਬ ਪੁਲਸ ਵਿਚ ਨਵੇਂ ਮੁਲਾਜ਼ਮਾਂ ਦੀ ਭਰਤੀ ਤਹਿਤ ਜਲੰਧਰ ਕਮਿਸ਼ਨਰੇਟ ਪੁਲਸ ਵਿਚ 162 ਕਾਂਸਟੇਬਲਾਂ ਅਤੇ 75 ਮਹਿਲਾ ਕਾਂਸਟੇਬਲਾਂ ਦੀ ਨਵੀਂ ਭਰਤੀ ਕੀਤੀ ਗਈ ਹੈ ਅਤੇ ਸਭ ਨੂੰ ਨਿਯੁਕਤੀ ਪੱਤਰ ਦੇਣ ਦੇ ਨਾਲ ਹੀ ਬੁੱਧਵਾਰ ਤੋਂ ਇਨ੍ਹਾਂ ਸਾਰੇ ਨਵੇਂ ਮੁਲਾਜ਼ਮਾਂ ਨੂੰ ਟਰੇਨਿੰਗ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਸ਼ਹਿਰ ਦੇ ਥਾਣਿਆਂ ਵਿਚ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੇ ਥਾਣਿਆਂ ਵਿਚ ਵੀ ਮੁਲਾਜ਼ਮਾਂ ਦੀ ਕਾਫ਼ੀ ਘਾਟ ਚੱਲ ਰਹੀ ਸੀ। ਸੂਬਾ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਸੂਬੇ ਭਰ ਵਿਚ ਨਵੇਂ ਮੁਲਾਜ਼ਮਾਂ ਦੀ ਭਰਤੀ ਸ਼ੁਰੂ ਕੀਤੀ ਤਾਂ ਕਿ ਲਾਅ ਐਂਡ ਆਰਡਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਹੁਣ ਕਮਿਸ਼ਨਰੇਟ ਪੁਲਸ ਨੂੰ ਵੀ ਨਵੇਂ 237 ਮੁਲਾਜ਼ਮ ਮਿਲਣ ਨਾਲ ਥਾਣਿਆਂ ਵਿਚ ਮੁਲਾਜ਼ਮਾਂ ਦੀ ਘਾਟ ਦੂਰ ਹੋਵੇਗੀ। ਨਵੇਂ ਮੁਲਾਜ਼ਮਾਂ ਨਾਲ ਸ਼ਹਿਰ ਦੇ ਨਾਕਿਆਂ ਅਤੇ ਨਾਈਟ ਡੋਮੀਨੇਸ਼ਨ ਵਿਚ ਮੁਲਾਜ਼ਮਾਂ ਨੂੰ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਲਈ ਤਾਇਨਾਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਥਾਣਿਆਂ ਵਿਚ ਵੀ ਲੋਕਾਂ ਦਾ ਕੰਮ ਪਹਿਲ ਦੇ ਆਧਾਰ ’ਤੇ ਹੋਵੇਗਾ ਅਤੇ ਉਨ੍ਹਾਂ ਨੂੰ ਵਾਰ-ਵਾਰ ਥਾਣਿਆਂ ਦੇ ਚੱਕਰ ਨਹੀਂ ਕੱਟਣੇ ਪੈਣਗੇ।
ਸ਼ਹਿਰ ’ਚ ਕੱਢਿਆ ਫਲੈਗ ਮਾਰਚ
ਲਾਅ ਐਂਡ ਆਰਡਰ ਨੂੰ ਮਜ਼ਬੂਤ ਕਰਨ ਲਈ ਸੀ. ਪੀ. ਸੰਧੂ ਦੇ ਹੁਕਮਾਂ ਮੁਤਾਬਕ ਬੁੱਧਵਾਰ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨੇ ਫੋਰਸ ਨਾਲ ਸਥਾਨਕ ਮਾਡਲ ਟਾਊਨ ਅਤੇ ਸ਼ਹਿਰ ਦੇ ਹੋਰ ਕਈ ਇਲਾਕਿਆਂ ਵਿਚ ਫਲੈਗ ਮਾਰਚ ਕੱਢਿਆ। ਇਸਦੇ ਨਾਲ ਹੀ ਪੁਲਸ ਅਧਿਕਾਰੀਆਂ ਨੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਸ਼ੱਕੀ ਵਿਅਕਤੀਆਂ ਅਤੇ ਲਾਵਾਰਿਸ ਚੀਜ਼ਾਂ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ ਵਿਚ ਦੇਣ ਦੀ ਗੱਲ ਕਹੀ।
ਇਹ ਵੀ ਪੜ੍ਹੋ: ਦਸੂਹਾ 'ਚ ਦਿਨ ਚੜ੍ਹਦੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਸਕੇ ਭਰਾਵਾਂ ਸਣੇ 3 ਵਿਦਿਆਰਥੀਆਂ ਦੀ ਮੌਤ
ਵਰਣਨਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਪੰਜਾਬ ਵਿਚ ਅੱਤਵਾਦੀ ਹਮਲੇ ਦੇ ਇਨਪੁੱਟ ਜਾਰੀ ਕੀਤੇ ਸਨ, ਜਿਸ ਤਹਿਤ ਸੂਬੇ ਭਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਬੀਤੀ ਰਾਤ ਵੀ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਪੂਰੇ ਲਾਮ-ਲਸ਼ਕਰ ਨਾਲ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਸਮੇਤ ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਸਰਪ੍ਰਾਈਜ਼ ਚੈਕਿੰਗ ਲਈ ਦੇਰ ਰਾਤ ਫੀਲਡ ਵਿਚ ਡਟੇ ਰਹੇ। ਅੱਜ ਵੀ ਕਮਿਸ਼ਨਰੇਟ ਪੁਲਸ ਨੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ।
ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ 'ਚ ਭਿਆਨਕ ਸੜਕ ਹਾਦਸੇ 'ਚ ਕਾਰ ਦੇ ਉੱਡੇ ਪਰਖੱਚੇ, 2 ਸਕੇ ਭਰਾਵਾਂ ਸਣੇ 3 ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ