CM ਦਫ਼ਤਰ ਤੋਂ ਆਏ ਫੋਨ ਦਾ ਅਸਰ ਹੋਣਾ ਸ਼ੁਰੂ, ਮਾਡਲ ਟਾਊਨ ਡੰਪ ਤੋਂ ਕਈ ਗੱਡੀਆਂ ਨੇ ਚੁੱਕਿਆ ਕੂੜਾ

08/06/2022 3:22:04 PM

ਜਲੰਧਰ (ਖੁਰਾਣਾ)– ਪਿਛਲੇ ਦਿਨੀਂ ਕੌਂਸਲਰ ਹਰਸ਼ਰਨ ਕੌਰ ਹੈਪੀ ਅਤੇ ਉਨ੍ਹਾਂ ਦੇ ਪਤੀ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਨੇ ਮੁੱਖ ਮੰਤਰੀ ਦਫ਼ਤਰ ਵਿਚ ਐਡੀਸ਼ਨਲ ਚੀਫ਼ ਸੈਕਟਰੀ ਏ. ਵੇਣੂਪ੍ਰਸਾਦ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਸਾਹਮਣੇ ਜਲੰਧਰ ਸ਼ਹਿਰ ਦੀ ਬੁਰੀ ਹਾਲਤ ਅਤੇ ਵਿਸ਼ੇਸ਼ ਤੌਰ ’ਤੇ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਸਾਹਮਣੇ ਪੈਂਦੇ ਡੰਪ ਦਾ ਮੁੱਦਾ ਉਠਾਇਆ ਸੀ, ਜਿੱਥੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਸਨ ਅਤੇ ਸੜਕ ਤੱਕ ਬੰਦ ਹੋ ਗਈ ਸੀ।

ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਐਡੀਸ਼ਨਲ ਚੀਫ਼ ਸੈਕਟਰੀ ਟੂ ਸੀ. ਐੱਮ. ਨੇ ਨਿਗਮ ਕਮਿਸ਼ਨਰ ਨੂੰ ਫੋਨ ਕਰਕੇ ਨਿਰਦੇਸ਼ ਦਿੱਤੇ ਸਨ, ਜਿਨ੍ਹਾਂ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ।
ਸ਼ੁੱਕਰਵਾਰ ਨਿਗਮ ਦੀ ਹੈਲਥ ਆਫਿਸਰ ਡਾ. ਸੁਮਿਤਾ ਅਬਰੋਲ ਨੇ ਇਕੋ ਵੇਲੇ ਕਈ ਗੱਡੀਆਂ ਨਾਲ ਮਾਡਲ ਟਾਊਨ ਡੰਪ ’ਤੇ ਪਿਆ ਕੂੜਾ ਕਾਫੀ ਹੱਦ ਤੱਕ ਚੁਕਵਾ ਲਿਆ। ਪਿਛਲੇ ਦਿਨੀਂ ਹੋਈਆਂ 2 ਹੜਤਾਲਾਂ ਦੇ ਕਾਰਨ ਵੀ ਇਥੇ ਕਾਫ਼ੀ ਹੱਦ ਕੂੜਾ ਇਕੱਠਾ ਹੋ ਗਿਆ ਸੀ, ਜਿਸ ਨੂੰ ਹੁਣ ਨਿਯਮਿਤ ਰੂਪ ਵਿਚ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਡੰਪ ਦੀ ਸਾਫ਼-ਸਫ਼ਾਈ ਤੋਂ ਬਾਅਦ ਉਥੇ ਚੂਨਾ ਤੱਕ ਵਿਛਾ ਦਿੱਤਾ ਗਿਆ।

ਇਹ ਵੀ ਪੜ੍ਹੋ: ਕਪੂਰਥਲਾ: ਇੰਸਟਾਗ੍ਰਾਮ ਦੀ ਦੋਸਤੀ ਕੁੜੀ ਨੂੰ ਪਈ ਮਹਿੰਗੀ, ਗੱਡੀ 'ਚ ਲਿਜਾ ਕੇ ਮੁੰਡੇ ਨੇ ਕੀਤਾ ਜਬਰ-ਜ਼ਿਨਾਹ

PunjabKesari

ਕਮਿਸ਼ਨਰ ਨੇ ਨਿਗਮ ਦੀ ਵਰਕਸ਼ਾਪ ਜਾ ਕੇ ਹੜਤਾਲੀ ਡਰਾਈਵਰਾਂ ਨੂੰ ਮਨਾਇਆ

2 ਦਿਨ ਪਹਿਲਾਂ ਮਾਈ ਹੀਰਾਂ ਗੇਟ ਵਿਚ ਇਕ ਟਿੱਪਰ ਚਾਲਕ ਅਤੇ ਦੋਪਹੀਆ ਵਾਹਨ ਚਾਲਕ ਵਿਚਕਾਰ ਕੁੱਟਮਾਰ ਨੂੰ ਲੈ ਕੇ ਵਿਵਾਦ ਵਧ ਗਿਆ ਸੀ, ਜਿਸ ਕਾਰਨ ਵੀਰਵਾਰ ਨੂੰ ਨਗਰ ਨਿਗਮ ਦੇ ਸਾਰੇ ਡਰਾਈਵਰਾਂ ਨੇ ਹੜਤਾਲ ਕਰ ਦਿੱਤੀ, ਜਿਸ ਕਾਰਨ ਸ਼ਹਿਰ ਦਾ ਕੂੜਾ ਸਾਰਾ ਦਿਨ ਨਹੀਂ ਚੁੱਕਿਆ ਜਾ ਸਕਿਆ ਅਤੇ ਸਾਰੀਆਂ ਮੇਨ ਸੜਕਾਂ ਕੂੜੇ ਨਾਲ ਭਰ ਗਈਆਂ। ਨਿਗਮ ਦੇ ਸਾਰੇ ਡਰਾਈਵਰ ਅਤੇ ਯੂਨੀਅਨ ਆਗੂ ਸ਼ੁੱਕਰਵਾਰ ਨੂੰ ਵੀ ਹੜਤਾਲ ’ਤੇ ਜਾਣਾ ਚਾਹੁੰਦੇ ਸਨ, ਜਿਸ ਕਾਰਨ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਦੋਵਾਂ ਜੁਆਇੰਟ ਕਮਿਸ਼ਨਰਾਂ ਸ਼ਿਖਾ ਭਗਤ ਅਤੇ ਗੁਰਵਿੰਦਰ ਕੌਰ ਰੰਧਾਵਾ ਨੂੰ ਨਾਲ ਲੈ ਕੇ ਨਗਰ ਨਿਗਮ ਦੀ ਵਰਕਸ਼ਾਪ ਵਿਚ ਪਹੁੰਚੇ ਅਤੇ ਡਰਾਈਵਰਾਂ ਦੀ ਯੂਨੀਅਨ ਦੇ ਆਗੂਆਂ ਨਾਲ ਮੁਲਾਕਾਤ ਕੀਤੀ।

PunjabKesari

ਯੂਨੀਅਨ ਆਗੂ ਇਸ ਗੱਲ ’ਤੇ ਅੜੇ ਹੋਏ ਸਨ ਕਿ ਕੁੱਟਮਾਰ ਦੀ ਘਟਨਾ ਦੇ ਮੁਲਜ਼ਮ ’ਤੇ ਕਾਰਵਾਈ ਕੀਤੀ ਜਾਵੇ ਅਤੇ ਇਸਦੇ ਲਈ ਨਿਗਮ ਪ੍ਰਸ਼ਾਸਨ ਪੁਲਸ ਕਮਿਸ਼ਨਰ ਨੂੰ ਚਿੱਠੀ ਲਿਖੇ। ਕਮਿਸ਼ਨਰ ਵੱਲੋਂ ਇਸ ਸਬੰਧ ਵਿਚ ਭਰੋਸਾ ਦਿੱਤੇ ਜਾਣ ਤੋਂ ਬਾਅਦ ਯੂਨੀਅਨ ਆਗੂਆਂ ਨੇ ਹੜਤਾਲ ਖ਼ਤਮ ਕਰਨ ਅਤੇ ਕੂੜਾ ਚੁੱਕਣ ਦੀ ਹਾਮੀ ਭਰੀ, ਜਿਸ ਤੋਂ ਬਾਅਦ ਨਿਗਮ ਅਧਿਕਾਰੀਆਂ ਅਤੇ ਯੂਨੀਅਨ ਆਗੂਆਂ ਨੇ ਡੰਪ ਸਥਾਨਾਂ ’ਤੇ ਜਾ ਕੇ ਕੂੜੇ ਦੀ ਲਿਫਟਿੰਗ ਦਾ ਕੰਮ ਸ਼ੁਰੂ ਕਰਵਾਇਆ।

ਇਹ ਵੀ ਪੜ੍ਹੋ: ਬਿੱਲ ਮੁਆਫ਼ੀ ਨੂੰ ਲੈ ਕੇ ਉਮੀਦਾਂ ’ਤੇ ਫਿਰਿਆ ਪਾਣੀ: ਜ਼ਿਆਦਾਤਰ ਖ਼ਪਤਕਾਰਾਂ ਨੂੰ ਨਹੀਂ ਮਿਲ ਸਕੇਗਾ ਲਾਭ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News