ਬੁਕਿੰਗ ਆਫ਼ਿਸ ’ਚ ਖੁੱਲ੍ਹ ਰਿਹਾ ਇਕ ਹੀ ਟਿਕਟ ਕਾਊਂਟਰ, ਲਾਈਨ ’ਚ ਲੱਗੇ ਕਈ ਲੋਕਾਂ ਦੀ ਟ੍ਰੇਨ ਛੁੱਟ ਗਈ
Monday, Apr 04, 2022 - 03:09 PM (IST)
ਜਲੰਧਰ (ਗੁਲਸ਼ਨ)-ਰੇਲਵੇ ਮਹਿਕਮੇ ਵੱਲੋਂ ਯਾਤਰੀਆਂ ਨੂੰ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਹਾਲਾਤ ਵੇਖ ਕੇ ਸਾਰੇ ਦਾਅਵੇ ਝੂਠੇ ਸਾਬਿਤ ਹੋ ਰਹੇ ਹਨ। ਏ-ਵਨ ਕੈਟਾਗਰੀ ਅਧੀਨ ਆਉਂਦੇ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ਥਰਡ ਕਲਾਸ ਸਹੂਲਤਾਂ ਮਿਲ ਰਹੀਆਂ ਹਨ। ਸਿਟੀ ਰੇਲਵੇ ਸਟੇਸ਼ਨ ’ਤੇ ਰੋਜ਼ਾਨਾ ਕਰੀਬ 40 ਤੋਂ 50 ਹਜ਼ਾਰ ਲੋਕਾਂ ਦਾ ਆਉਣਾ-ਜਾਣਾ ਹੈ ਪਰ ਨਾ ਤਾਂ ਇਥੇ ਲੋੜੀਂਦੇ ਟਿਕਟ ਕਾਊਂਟਰ ਹਨ, ਨਾ ਹੀ ਪੀਣ ਲਈ ਸਵੱਛ ਪਾਣੀ ਦਾ ਪ੍ਰਬੰਧ ਹੈ, ਨਾ ਹੀ ਲਿਫਟ, ਐਸਕੇਲੇਟਰ ਦੀ ਸਹੂਲਤ ਹੈ। ਪਲੇਟਫਾਰਮ ਨੰਬਰ ਇਕ ’ਤੇ ਅੱਧੇ ਹਿੱਸੇ ’ਚ ਸ਼ੈੱਡ ਵੀ ਨਹੀਂ ਹੈ। ਤਾਂ ਕਿਸ ਲਿਹਾਜ਼ ਨਾਲ ਇਸ ਨੂੰ ਮਾਡਰਨ ਕਿਹਾ ਜਾ ਰਿਹਾ ਹੈ, ਇਹ ਸੋਚਣ ਵਾਲੀ ਗੱਲ ਹੈ। ਸਟੇਸ਼ਨ ’ਤੇ ਯਾਤਰੀਆਂ ਨੂੰ ਟਿਕਟ ਲੈਣ ਲਈ ਧੱਕੇ ਖਾਣੇ ਪੈ ਰਹੇ ਹਨ।
ਹੈਰਾਨੀ ਦੀ ਗੱਲ ਹੈ ਕਿ ਜਲੰਧਰ ਸਿਟੀ ਵਰਗੇ ਵੱਡੇ ਰੇਲਵੇ ਸਟੇਸ਼ਨ ਦੇ ਬੁਕਿੰਗ ਆਫ਼ਿਸ ’ਤੇ ਪਿਛਲੇ ਲੰਬੇ ਸਮੇਂ ਤੋਂ ਇਕ ਹੀ ਕਾਊਂਟਰ ਖੁੱਲ੍ਹ ਰਿਹਾ ਹੈ। ਟਿਕਟ ਲੈਣ ਲਈ ਯਾਤਰੀਆਂ ਨੂੰ ਲੰਬੀਆਂ ਲਾਈਨਾਂ ’ਚ ਲੱਗਣਾ ਪੈ ਰਿਹਾ ਹੈ। ਜਦੋਂ ਤੱਕ ਯਾਤਰੀਆਂ ਦੀ ਟਿਕਟ ਲੈਣ ਦੀ ਵਾਰੀ ਆਉਂਦੀ ਹੈ ਉਦੋਂ ਤੱਕ ਉਨ੍ਹਾਂ ਦੀ ਟ੍ਰੇਨ ਛੁੱਟ ਜਾਂਦੀ ਹੈ। ਐਤਵਾਰ ਨੂੰ ਵੀ ਕਈ ਯਾਤਰੀਆਂ ਦੇ ਨਾਲ ਅਜਿਹਾ ਹੀ ਹੋਇਆ। ਰੇਲ ਯਾਤਰੀ ਰਾਜ ਕੁਮਾਰ, ਮਦਨ ਲਾਲ, ਸੂਰਜ ਕੁਮਾਰ, ਰਮੇਸ਼ ਲਾਲ ਆਦਿ ਨੇ ਦੱਸਿਆ ਕਿ ਉਨ੍ਹਾਂ ਨੇ ਡੇਰਾ ਬਿਆਸ ਜਾਣਾ ਸੀ। ਟਿਕਟ ਲੈਣ ਲਈ ਕਾਫ਼ੀ ਦੇਰ ਤੱਕ ਲਾਈਨ ’ਚ ਖੜ੍ਹੇ ਰਹੇ। ਜਦੋਂ ਟਿਕਟ ਲੈ ਕੇ ਬਾਹਰ ਆਏ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਟ੍ਰੇਨ ਜਾ ਚੁੱਕੀ ਹੈ। ਅਜਿਹਾ ਸਿਰਫ਼ ਇਨ੍ਹਾਂ ਦੇ ਨਾਲ ਹੀ ਨਹੀਂ ਸਗੋਂ ਫਿਰੋਜ਼ਪੁਰ ਜਾਣ ਵਾਲੇ ਕਈ ਯਾਤਰੀਆਂ ਦੇ ਨਾਲ ਵੀ ਹੋਇਆ। ਟਿਕਟ ਲੈਣ ਦੇ ਚੱਕਰ ’ਚ ਉਨ੍ਹਾਂ ਦੀ ਵੀ ਟ੍ਰੇਨ ਛੁੱਟ ਗਈ। ਇਸ ਬਾਰੇ ਰੇਲਵੇ ਅਧਿਕਾਰੀ ਸਟਾਫ਼ ਦੀ ਕਮੀ ਹੋਣ ਦੀ ਗੱਲ ਕਹਿ ਕੇ ਪੱਲਾ ਝਾੜਦੇ ਰਹੇ।
ਇਹ ਵੀ ਪੜ੍ਹੋ: ਜਲੰਧਰ: ਅਜਿਹੀ ਹਾਲਤ 'ਚ ਮਿਲੀ ਕੁੜੀ ਕਿ ਵੇਖ ਉੱਡੇ ਹੋਸ਼, ਪਰਿਵਾਰ ਨੇ ਲਾਇਆ ਜਬਰ-ਜ਼ਿਨਾਹ ਦਾ ਇਲਜ਼ਾਮ
ਸੀਨੀਅਰ ਸਿਟੀਜ਼ਨ, ਦਿਵਿਆਂਗ ਅਤੇ ਪਲੇਟਫਾਰਮ ਟਿਕਟ ਲਈ ਵੀ ਵੱਖਰਾ ਕਾਊਂਟਰ ਨਹੀਂ
ਸਿਟੀ ਰੇਲਵੇ ਸਟੇਸ਼ਨ ’ਤੇ ਹਾਲਾਤ ਇਸ ਸਮੇਂ ਇੰਨੇ ਬਦਤਰ ਹਨ ਕਿ ਬੁਕਿੰਗ ਆਫਿਸ ’ਤੇ ਸੀਨੀਅਰ ਸਿਟੀਜ਼ਨ, ਦਿਵਿਆਂਗ ਅਤੇ ਪਲੇਟਫਾਰਮ ਟਿਕਟ ਲਈ ਵੀ ਵੱਖਰਾ ਕਾਊਂਟਰ ਨਹੀਂ ਹੈ। ਕਿਸੇ ਯਾਤਰੀ ਨੂੰ ਛੱਡਣ ਜਾਂ ਲੈਣ ਆਉਣ ਵਾਲੇ ਲੋਕਾਂ ਨੂੰ ਪਲੇਟਫਾਰਮ ਟਿਕਟ ਲੈਣ ਲਈ ਵੀ ਲੰਬੀਆਂ ਲਾਈਨਾਂ ’ਚ ਲੱਗਣਾ ਪੈ ਰਿਹਾ ਹੈ। ਜੇਕਰ ਉਹ ਬਿਨਾਂ ਪਲੇਟਫਾਰਮ ਟਿਕਟ ਦੇ ਸਟੇਸ਼ਨ ਦੇ ਅੰਦਰ ਦਾਖਲ ਹੁੰਦੇ ਹਨ ਤਾਂ ਟਿਕਟ ਚੈੱਕਰ ਜੁਰਮਾਨੇ ਦੀ ਰਸੀਦ ਕੱਟ ਦਿੰਦੇ ਹਨ। ਕੁਲ ਮਿਲਾ ਕੇ ਕਿਹਾ ਜਾਵੇ ਤਾਂ ਰੇਲਵੇ ਦੇ ਉੱਚ ਅਧਿਕਾਰੀਆਂ ਦੀ ਲਾਪ੍ਰਵਾਹੀ ਦਾ ਖਮਿਆਜ਼ਾ ਲੋਕ ਭੁਗਤ ਰਹੇ ਹਨ।
ਸਟਾਫ਼ ਦੀ ਕਮੀ ਨੂੰ ਪੂਰਾ ਨਹੀਂ ਕਰ ਪਾ ਰਹੇ ਮੰਡਲ ਅਧਿਕਾਰੀ
ਇਸ ਸਬੰਧ ’ਚ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਬੁਕਿੰਗ ਆਫ਼ਿਸ ’ਤੇ ਇਨ੍ਹੀਂ ਦਿਨੀਂ ਸਟਾਫ਼ ਦੀ ਭਾਰੀ ਕਮੀ ਹੈ। ਕੋਰੋਨਾ ਕਾਲ ਤੋਂ ਪਹਿਲਾਂ ਇਥੇ 20 ਤੋਂ 30 ਰੇਲ ਕਰਮਚਾਰੀ ਤਾਇਨਾਤ ਸਨ। ਹੌਲੀ-ਹੌਲੀ ਸਟਾਫ਼ ਦੀ ਗਿਣਤੀ ਘੱਟ ਹੁੰਦੀ ਗਈ। ਹੁਣ ਸਿਰਫ 5 ਤੋਂ 7 ਲੋਕ ਹੀ ਰਹਿ ਗਏ ਹਨ। ਇਨ੍ਹਾਂ ਵਿਚੋਂ ਕੋਈ ਰਿਕਾਰਡ ਮੇਂਟੇਨ ਕਰ ਰਿਹਾ ਹੈ, ਕੋਈ ਕੈਸ਼ ਸੰਭਾਲ ਰਿਹਾ ਹੈ। 1 ਜਾਂ 2 ਸਟਾਫ਼ ਮੈਂਬਰ ਰੈਸਟ ਜਾਂ ਲੀਵ ’ਤੇ ਵੀ ਚਲੇ ਜਾਂਦੇ ਹਨ। ਸਟਾਫ਼ ਦੀ ਕਮੀ ਕਾਰਨ ਇਕ ਤੋਂ ਦੂਸਰਾ ਕਾਊਂਟਰ ਨਹੀਂ ਖੋਲ੍ਹਿਆ ਜਾ ਰਿਹਾ ਜਦਕਿ ਪਹਿਲਾਂ 3 ਤੋਂ 4 ਕਾਊਂਟਰ ਵੀ ਖੁੱਲ੍ਹਦੇ ਰਹੇ ਹਨ। ਲੋਕਾਂ ਨੇ ਫਿਰੋਜ਼ਪੁਰ ਮੰਡਲ ਦੇ ਅਧਿਕਾਰੀਆਂ ਨਾਲ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਸਟਾਫ਼ ਦੀ ਕਮੀ ਨੂੰ ਪੂਰਾ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਗੋਰੀ ਮੇਮ ਨੇ ਪੱਟਿਆ ਪੰਜਾਬੀ ਮੁੰਡਾ, ਫੇਸਬੁੱਕ 'ਤੇ ਹੋਈ ਦੋਸਤੀ ਇੰਝ ਵਿਆਹ ਤੱਕ ਪੁੱਜੀ, ਅਮਰੀਕਾ ਤੋਂ ਆ ਕੇ ਲਈਆਂ ਲਾਵਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ