SGPC ਦੀ ਡੋਰ ਹਮੇਸ਼ਾ ਵਾਂਗ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੇ ਹੱਥਾਂ 'ਚ : ਧਰਮਸੌਤ

10/13/2019 5:08:03 PM

ਜਲੰਧਰ (ਚੋਪੜਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਨੂੰ ਰਾਜਸੀ ਲਾਭ ਲੈਣ ਲਈ ਵਰਤਿਆ ਜਾ ਰਿਹਾ ਹੈ ਜਦੋਂਕਿ ਹਮੇਸ਼ਾ ਵਾਂਗ ਐੱਸ. ਜੀ. ਪੀ. ਸੀ. ਦੀ ਡੋਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿਚ ਹੈ, ਇਹ ਸ਼ਬਦ ਪੰਜਾਬ ਦੇ ਵਣ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਹੇ। ਧਰਮਸੌਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਵਿਚ ਅੜਿੱਕਾ ਪਾਉਣ ਵਾਲਿਆਂ ਨੂੰ ਦੁਨੀਆ ਕਦੇ ਮੁਆਫ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਕਾਸ਼ ਉਤਸਵ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ, ਜਿਸ ਦਾ ਪੰਜਾਬ ਸਰਕਾਰ ਸਵਾਗਤ ਕਰਦੀ ਹੈ ਪਰ ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿਚ ਐੱਸ. ਜੀ. ਪੀ. ਸੀ. ਨਾਲ ਸਟੇਜ ਸਾਂਝੀ ਕਰਨ ਜਾਂ ਨਾ ਕਰਨ ਦਾ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ। ਪੰਜਾਬ ਸਰਕਾਰ ਬੜੇ ਉਤਸ਼ਾਹ ਨਾਲ ਪ੍ਰੋਗਰਾਮਾਂ ਦੀਆਂ ਤਿਆਰੀਆਂ ਵਿਚ ਲੱਗੀ ਹੋਈ ਹੈ ਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਵੀ ਬੜੀ ਤੇਜ਼ੀ ਨਾਲ ਪੂਰਾ ਕਰਵਾਇਆ ਜਾ ਰਿਹਾ ਹੈ।

ਧਰਮਸੌਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਗੁਰਦੁਆਰੇ ਅੰਦਰ ਦੇ ਪ੍ਰੋਗਰਾਮਾਂ ਦਾ ਅਧਿਕਾਰ ਐੱਸ. ਜੀ. ਪੀ. ਸੀ. ਕੋਲ ਹੈ, ਜਿਸ ਲਈ ਸਰਕਾਰ ਹਰ ਮਦਦ ਕਰਨ ਲਈ ਤਿਆਰ ਹੈ ਪਰ ਬਾਹਰ ਦੇ ਪ੍ਰੋਗਰਾਮ ਪੰਜਾਬ ਸਰਕਾਰ ਕਰੇਗੀ, ਜਿਸ ਵਿਚ ਸ਼ਰਧਾਲੂਆਂ ਦੇ ਠਹਿਰਣ, ਇਧਰ-ਉਧਰ ਜਾਣ, ਖਾਣ-ਪੀਣ ਅਤੇ ਹੋਰ ਸਾਰੇ ਪ੍ਰਬੰਧਾਂ ਵਿਚ ਐੱਸ. ਜੀ. ਪੀ. ਸੀ. ਨੂੰ ਦਖਲ ਨਹੀਂ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਰਾਜਸੀ ਤੌਰ 'ਤੇ ਨੀਵਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਕਰਨ ਦੇ ਕਿਸੇ ਵੀ ਯਤਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਧਰਮਸੌਤ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਚਿੰਤਾ ਛੱਡ ਕੇ ਉਹ ਪਹਿਲਾਂ ਆਪਣਾ ਘਰ ਸੰਭਾਲਣ। ਪੰਜਾਬ ਦੇ ਕਿਸਾਨਾਂ ਦੀ ਤਰਸਯੋਗ ਹਾਲਤ ਦੇ ਬਾਵਜੂਦ ਕੇਂਦਰ ਨੇ ਕੋਈ ਮਦਦ ਨਹੀਂ ਦਿੱਤੀ ਹੈ। ਫਿਰ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਅਤੇ ਦਲਿਤਾਂ ਦੇ ਕਰਜ਼ੇ ਮੁਆਫ ਕੀਤੇ ਹਨ ਜਦੋਂਕਿ ਹਰਿਆਣਾ ਨੇ ਕਿਸਾਨਾਂ ਦਾ ਇਕ ਪੈਸਾ ਮੁਆਫ ਨਹੀਂ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ੳਉਤਸਵ 'ਤੇ ਹਰ ਇਕ ਪਿੰਡ ਵਿਚ 550 ਬੂਟੇ ਲਾਉਣ ਦੀ ਮੁਹਿੰਮ ਆਖਰੀ ਪੜਾਵਾਂ ਵਿਚ ਹੈ। ਇਸ ਦੌਰਾਨ ਅਨੇਕਾਂ ਪਿੰਡ ਅਜਿਹੇ ਵੀ ਹਨ ਜਿਥੇ 2-2 ਹਜ਼ਾਰ ਤੋਂ ਵੱਧ ਬੂਟੇ ਲਾਏ ਗਏ ਹਨ।

ਧਰਮਸੌਤ ਨੇ ਕਿਹਾ ਕਿ ਪੋਸਟ ਮੈਟ੍ਰਿਕ ਵਜ਼ੀਫਿਆਂ ਬਾਰੇ ਦਲਿਤ ਵਿਦਿਆਰਥੀਆਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। 2016-17 ਤਕ ਦਾ ਕਰੀਬ 40 ਕਰੋੜ ਰੁਪਿਆ ਅਜੇ ਪਿਆ ਹੈ। ਉਸ ਦੇ ਯੂ. ਸੀ. ਸਰਟੀਫਿਕੇਟ ਜਾਰੀ ਕਰਨ ਤੋਂ ਬਾਅਦ ਹੀ 2017 ਤੋਂ ਬਾਅਦ ਦੇ ਫੰਡ ਜਾਰੀ ਹੋਣਗੇ। ਵਜ਼ੀਫਿਆਂ ਵਿਚ ਹੋਏ ਘੋਟਾਲੇ ਦੀ ਪੜਤਾਲ ਛੇਤੀ ਹੀ ਪੂਰੀ ਹੋ ਜਾਵੇਗੀ ਜਿਸ ਮਗਰੋਂ ਕਸੂਰਵਾਰ ਪਾਈਆਂ ਜਾਣ ਵਾਲੀਆਂ ਸਿੱਖਿਆ ਸੰਸਥਾਵਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਵਿਧਾਨ ਸਭਾ ਦੀਆਂ ਚਾਰੇ ਜ਼ਿਮਨੀ ਚੋਣਾਂ ਪੂਰੀ ਸ਼ਾਨ ਨਾਲ ਜਿੱਤੇਗੀ। ਪਿਛਲੇ ਦਿਨੀਂ ਦਾਖਾ ਵਿਚ ਕਾਂਗਰਸੀ ਕਾਰਕੁੰਨਾਂ ਵਿਚਕਾਰ ਹੋਈ ਝੜਪ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਇਕ ਵੱਡਾ ਪਰਿਵਾਰ ਹੈ। ਕਾਰਕੁੰਨਾਂ ਵਿਚ ਕੰਮ ਕਰਨ ਲਈ ਭਾਰੀ ਜੋਸ਼ ਹੈ ਜਿਸ ਕਾਰਨ ਥੋੜ੍ਹਾ-ਬਹੁਤ ਮਨ-ਮੁਟਾਵ ਹੋਣਾ ਸਾਧਾਰਨ ਜਿਹੀ ਗੱਲ ਹੈ। ਇਸ ਮੌਕੇ ਕੈਬਨਿਟ ਮੰਤਰੀ ਦੇ ਸਲਾਹਕਾਰ ਯਸ਼ਪਾਲ ਸਿੰਘ ਧੀਮਾਨ, ਸੂਬਾ ਕਾਂਗਰਸ ਸਕੱਤਰ ਅਤੇ ਗਊ ਸੇਵਾ ਕਮਿਸ਼ਨ ਦੇ ਮੈਂਬਰ ਦਿਨੇਸ਼ ਲਾਂਬਾ ਤੇ ਹੋਰ ਵੀ ਮੌਜੂਦ ਸਨ।


Baljeet Kaur

Content Editor

Related News