ਛਠ ਪੂਜਾ ’ਚ ਇਕ ਦਿਨ ਬਾਕੀ : 150 ਤੋਂ ਵੱਧ ਬੱਸਾਂ ’ਚ 10 ਹਜ਼ਾਰ ਤੋਂ ਵਧੇਰੇ ਯਾਤਰੀ ਰਵਾਨਾ

11/18/2020 10:25:29 AM

ਜਲੰਧਰ (ਪੁਨੀਤ)— ਛਠ ਪੂਜਾ ਸ਼ੁੱਕਰਵਾਰ ਨੂੰ ਮਨਾਈ ਜਾਵੇਗੀ ਅਤੇ ਇਸ ਦੀ ਸ਼ੁਰੂਆਤ ਵੀਰਵਾਰ ਸ਼ਾਮ ਤੋਂ ਹੋ ਜਾਵੇਗੀ, ਜਿਸ ਕਾਰਨ ਛਠ ਪੂਜਾ ਦਾ ਮਹਾਉਤਸਵ ਸ਼ੁਰੂ ਹੋਣ ’ਚ ਸਿਰਫ ਇਕ ਦਿਨ ਬਾਕੀ ਬਚਿਆ ਹੈ, ਜਿਸ ਕਾਰਨ ਆਪਣੇ ਘਰਾਂ ਨੂੰ ਜਾਣ ਵਾਲਿਆਂ ਦੀ ਗਿਣਤੀ ’ਚ ਭਾਰੀ ਵਾਧਾ ਵੇਖਿਆ ਗਿਆ ਹੈ।

ਜਲੰਧਰ ਬੱਸ ਅੱਡੇ ਸਣੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਮਿਲੀ ਜਾਣਕਾਰੀ ਮੁਤਾਬਕ 150 ਤੋਂ ਵੱਧ ਬੱਸਾਂ ’ਚ 10 ਹਜ਼ਾਰ ਤੋਂ ਵੱਧ ਯਾਤਰੀ ਯੂ. ਪੀ.-ਬਿਹਾਰ ਲਈ ਮਹਾਉਤਸਵ ਮਨਾਉਣ ਵਾਸਤੇ ਰਵਾਨਾ ਹੋਏ। ਇਸ ਜਾਣਕਾਰੀ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਪਰ ਵੱਖ-ਵੱਖ ਥਾਵਾਂ ਤੋਂ ਚੱਲੀਆਂ ਬੱਸਾਂ ਨੂੰ ਵੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਨਾਜਾਇਜ਼ ਰੂਪ ’ਚ ਵੱਡੀ ਗਿਣਤੀ ’ਚ ਬੱਸਾਂ ਯੂ. ਪੀ. ਅਤੇ ਬਿਹਾਰ ਲਈ ਰਵਾਨਾ ਹੋਈਆਂ ਹਨ।

ਨਾਜਾਇਜ਼ ਰੂਪ ਨਾਲ ਚੱਲੀਆਂ ਕਈ ਬੱਸਾਂ ਸ਼ਹਿਰ ਦੇ ਮੁਹੱਲਿਆਂ ’ਚੋਂ ਲੇਬਰ ਨੂੰ ਲੈ ਕੇ ਰਵਾਨਾ ਹੋਈਆਂ। ਲੰਮਾ ਪਿੰਡ ਤੋਂ ਪੁਰਾਣੀ ਹੁਸ਼ਿਆਰਪੁਰ ਰੋਡ ’ਤੇ ਵੱਖ-ਵੱਖ ਥਾਵਾਂ ਤੋਂ ਸਕੂਲੀ ਬੱਸਾਂ ਵਿਚ ਯਾਤਰੀ ਰਵਾਨਾ ਹੁੰਦੇ ਦੇਖੇ ਗਏ। ਇਸ ਲੜੀ ’ਚ ਪਠਾਨਕੋਟ ਚੌਕ ਦੇ ਨੇੜਿਓਂ ਵੀ ਕਈ ਬੱਸਾਂ ਰਵਾਨਾ ਹੋਈਆਂ। ਇਸੇ ਤਰ੍ਹਾਂ ਸ਼ਹਿਰ ਦੇ ਕਈ ਸਥਾਨਾਂ ਤੋਂ ਯੂ. ਪੀ. ਅਤੇ ਬਿਹਾਰ ਜਾਣ ਵਾਲੀਆਂ ਬੱਸਾਂ ਦੀ ਗਿਣਤੀ ਬਹੁਤ ਜ਼ਿਆਦਾ ਰਹੀ।

ਛਠ ਪੂਜਾ ਲਈ ਯਾਤਰੀਆਂ ਦੀ ਗਿਣਤੀ ਵੱਧ ਹੋਣ ਕਾਰਨ ਪੰਜਾਬ ਰੋਡਵੇਜ਼ ਵੱਲੋਂ ਦਿੱਲੀ, ਯੂ. ਪੀ. ਅਤੇ ਉਤਰਾਖੰਡ ਦੇ ਰੂਟ ਵੱਡੀ ਗਿਣਤੀ ਵਿਚ ਚਲਾਏ ਜਾ ਰਹੇ ਹਨ। ਜਲੰਧਰ ਦੇ ਨਾਲ-ਨਾਲ ਨੇੜਲੇ ਸ਼ਹਿਰਾਂ ਦੇ ਡਿਪੂਆਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਦਿੱਲੀ ਰੂਟ ’ਤੇ ਜਾਣ ਵਾਲੀਆਂ ਬੱਸਾਂ ਜਲੰਧਰ ਦੇ ਬੱਸ ਅੱਡੇ ਵਿਚੋਂ ਹੋ ਕੇ ਲੰਘਣ ਤਾਂ ਕਿ ਵੱਧ ਤੋਂ ਵੱਧ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਜਾ ਸਕੇ।


shivani attri

Content Editor

Related News