ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹੀ ਹਰਿਆਣਾ/ਉੱਤਰਾਖੰਡ ਸਮੇਤ ਦਿੱਲੀ ''ਚ ਬੱਸਾਂ ਦੀ ਸਰਵਿਸ ਘਟੀ

11/25/2020 10:31:15 AM

ਜਲੰਧਰ (ਪੁਨੀਤ)— ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਤੋਂ ਪਹਿਲਾਂ ਹੀ ਇਸ ਦਾ ਅਸਰ ਪੰਜਾਬ 'ਤੇ ਦਿਸਣ ਲੱਗਾ ਹੈ। ਇਸ ਕਾਰਨ ਸਫਰ 'ਤੇ ਜਾਣ ਵਾਲੇ ਯਾਤਰੀ ਸਾਵਧਾਨ ਹੋ ਜਾਣ ਕਿਉਂਕਿ ਆਉਣ ਵਾਲੇ 3-4 ਦਿਨਾਂ 'ਚ ਸਫਰ ਕਰਨਾ ਕਾਫ਼ੀ ਮੁਸ਼ਕਲਾਂ ਭਰਿਆ ਹੋ ਸਕਦਾ ਹੈ ਕਿਉਂਕਿ ਕਿਸਾਨਾਂ ਵੱਲੋਂ 26 ਅਤੇ 27 ਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਐਲਾਨਿਆ ਜਾ ਚੁੱਕਾ ਹੈ।
ਮੰਗਲਵਾਰ ਤੋਂ ਦਿੱਲੀ ਸਮੇਤ ਹਰਿਆਣਾ/ਉੱਤਰਾਖੰਡ ਦੇ ਰੂਟਾਂ 'ਤੇ ਚੱਲ ਰਹੀਆਂ ਬੱਸਾਂ ਦੀ ਸਰਵਿਸ ਘਟਾ ਦਿੱਤੀ ਗਈ ਹੈ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਜਾਣ ਵਾਲੀਆਂ ਬੱਸਾਂ 'ਚ ਯਾਤਰੀਆਂ ਦੀ ਗਿਣਤੀ ਵਧ ਚੁੱਕੀ ਹੈ ਅਤੇ ਭਾਰੀ ਠੰਡ 'ਚ ਲੋਕ ਬੱਸਾਂ ਦੀਆਂ ਛੱਤਾਂ 'ਤੇ ਬੈਠ ਕੇ ਸਫਰ ਕਰਨ ਨੂੰ ਮਜਬੂਰ ਹਨ।

PunjabKesari
ਵੱਖ-ਵੱਖ ਰੂਟਾਂ ਦੀਆਂ ਬੱਸਾਂ ਵਿਚ ਸੀਟਾਂ ਤੋਂ ਵੱਧ ਗਿਣਤੀ ਵਿਚ ਯਾਤਰੀ ਸਫਰ ਕਰ ਰਹੇ ਹਨ ਤਾਂ ਕਿ ਕਿਸਾਨਾਂ ਦੇ ਅੰਦੋਲਨ ਤੋਂ ਪਹਿਲਾਂ ਹੀ ਉਹ ਆਪਣੀ ਮੰਜ਼ਿਲ 'ਤੇ ਪਹੁੰਚ ਸਕਣ। ਇਸ ਲੜੀ ਵਿਚ ਹਿਮਾਚਲ ਅਤੇ ਰਾਜਸਥਾਨ ਸਮੇਤ ਦੂਜੇ ਸੂਬਿਆਂ ਤੋਂ ਪੰਜਾਬ ਆਉਣ ਵਾਲੀਆਂ ਬੱਸਾਂ ਦੇ ਰੂਟ ਵੀ ਘਟਾ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਲਈ ਕੂਚ ਕੀਤਾ ਜਾਵੇਗਾ, ਜਿਸ ਕਾਰਨ ਸੜਕਾਂ 'ਤੇ ਜਾਮ ਲੱਗ ਜਾਵੇਗਾ। ਇਸ ਕਾਰਨ ਦੂਜੇ ਸੂਬੇ ਆਪਣੀਆਂ ਬੱਸਾਂ ਪੰਜਾਬ ਭੇਜਣ ਤੋਂ ਸੰਕੋਚ ਕਰ ਰਹੇ ਹਨ।

ਦਿੱਲੀ ਜਾਣ ਵਾਲੀਆਂ ਬੱਸਾਂ ਦੀ ਗਿਣਤੀ 'ਚ ਕਾਫ਼ੀ ਕਮੀ ਵੇਖਣ ਨੂੰ ਮਿਲੀ। ਪੰਜਾਬ ਰੋਡਵੇਜ਼ ਵੱਲੋਂ ਆਪਣੇ ਨਿਰਧਾਰਿਤ ਟਾਈਮ ਟੇਬਲ ਚਲਾਏ ਗਏ ਪਰ ਹਰਿਆਣਾ ਅਤੇ ਉੱਤਰਾਖੰਡ ਦੀਆਂ ਬੱਸਾਂ ਨੇ ਪੰਜਾਬ-ਦਿੱਲੀ ਦੇ ਰੂਟ 'ਤੇ ਕਟੌਤੀ ਕਰ ਦਿੱਤੀ ਹੈ, ਜਿਸ ਕਾਰਣ ਯੂ. ਪੀ. ਜਾਣ ਵਾਲੇ ਯਾਤਰੀਆਂ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਿਦੁਆਰ ਜਾਣ ਵਾਲੇ ਯਾਤਰੀ ਵੀ ਪ੍ਰਭਾਵਿਤ ਹੋਏ ਹਨ। ਪੰਜਾਬ ਰੋਡਵੇਜ਼ ਵੱਲੋਂ ਅਗਲੇ ਕੁਝ ਦਿਨਾਂ ਲਈ ਜੈਪੁਰ ਰੂਟ 'ਤੇ ਸਰਵਿਸ ਬੰਦ ਕੀਤੀ ਜਾ ਸਕਦੀ ਹੈ।
ਬੱਸਾਂ ਦੇ ਚਾਲਕ ਦਲਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਿਸਾਨਾਂ ਦੇ ਦਿੱਲੀ ਵਿਚ ਸੰਘਰਸ਼ ਦੇ ਪ੍ਰੋਗਰਾਮ ਨੂੰ ਦੇਖਦਿਆਂ ਹਰਿਆਣਾ ਸਰਕਾਰ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ। ਇਹ ਦੇਖਣ ਵਿਚ ਆਇਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਸਰਹੱਦੀ ਇਲਾਕੇ ਸੀਲ ਕੀਤੇ ਜਾਣਗੇ ਤਾਂ ਕਿ ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਿਆ ਜਾ ਸਕੇ। ਦਿੱਲੀ ਜਾਣ ਵਾਲੀਆਂ ਕਈ ਟਰਾਲੀਆਂ ਨੂੰ ਰਸਤੇ ਵਿਚ ਰੋਕ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

ਪੰਜਾਬ ਬਾਰਡਰ ਨੇੜੇ ਬੱਸਾਂ ਦੀ ਚੈਕਿੰਗ ਵਧਾ ਦਿੱਤੀ ਗਈ ਹੈ। ਕਈ ਯਾਤਰੀਆਂ ਕੋਲੋਂ ਉਨ੍ਹਾਂ ਦੇ ਪਛਾਣ ਪੱਤਰ ਦੇਖੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਵੱਲੋਂ ਦਿੱਲੀ ਜਾਣ ਲਈ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸੇ ਕਾਰਣ ਸਰਕਾਰ ਵੱਲੋਂ ਸੰਘਰਸ਼ ਲਈ ਜਾਣ ਵਾਲੀਆਂ ਬੱਸਾਂ ਨੂੰ ਰੋਕਣ ਦੀ ਤਿਆਰੀ ਕੀਤੀ ਜਾ ਚੁੱਕੀ ਹੈ।

ਹਿਮਾਚਲ ਵੱਲੋਂ ਸਖ਼ਤ ਕਦਮ ਚੁੱਕਣ ਕਾਰਨ ਘਟੇ ਯਾਤਰੀ
ਹਿਮਾਚਲ ਸਰਕਾਰ ਵੱਲੋਂ ਕੋਰੋਨਾ ਦੇ ਮੱਦੇਨਜ਼ਰ ਜੋ ਅਹਿਤਿਆਤ ਵਰਤੀ ਜਾ ਰਹੀ ਹੈ, ਉਸ ਦਾ ਅਸਰ ਯਾਤਰੀਆਂ 'ਤੇ ਵੀ ਪੈ ਰਿਹਾ ਹੈ। ਸਰਕਾਰ ਵੱਲੋਂ ਸਖ਼ਤੀ ਕਰਨ ਕਾਰਣ ਯਾਤਰੀਆਂ ਦੀ ਗਿਣਤੀ ਵਿਚ ਗਿਰਾਵਟ ਦਰਜ ਹੋਈ ਹੈ ਅਤੇ ਸੈਲਾਨੀਆਂ ਦੀ ਗਿਣਤੀ ਕਾਫ਼ੀ ਘੱਟ ਦੇਖੀ ਗਈ। ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਦੇ ਕਈ ਜ਼ਿਲ੍ਹਿਆਂ 'ਚ ਰਾਤ ਸਮੇਂ ਦਾ ਕਰਫ਼ਿਊ ਲਾ ਦਿੱਤਾ ਗਿਆ ਹੈ, ਜਿਸ ਕਾਰਨ ਲੋਕ ਹੁਣ ਹਿਮਾਚਲ ਜਾਣ ਤੋਂ ਸੰਕੋਚ ਕਰ ਰਹੇ ਹਨ। ਠੰਡ ਵਿਚ ਕੋਰੋਨਾ ਦੇ ਪੈਰ ਪਸਾਰਨ ਦੇ ਆਸਾਰ ਵਧ ਹਨ, ਜਿਸ ਕਾਰਨ ਹਿਮਾਚਲ ਵੱਲੋਂ ਸਾਵਧਾਨੀ ਵਰਤੀ ਜਾ ਰਹੀ ਹੈ।


shivani attri

Content Editor

Related News