ਤੇਜ਼ ਰਫਤਾਰ ਬੱਸ ਨੇ ਮਾਰੀ ਟਰੱਕ ਨੂੰ ਟੱਕਰ, ਕਈ ਜ਼ਖਮੀ

10/17/2018 5:47:47 PM

ਜਲੰਧਰ (ਬੈਂਸ)— ਬੀਤੀ ਸ਼ਾਮ 4 ਕੁ ਵਜੇ ਜਲੰਧਰ-ਪਠਾਨਕੋਟ ਹਾਈਵੇ ’ਤੇ ਪੈਂਦੇ ਬਿਆਸ ਪਿੰਡ ਕੋਲ ਤੇਜ਼ ਰਫਤਾਰ ਨਿੱਜੀ ਕੰਪਨੀ ਦੀ ਬੱਸ ਤੇ ਟਰੱਕ ਦੀ ਟੱਕਰ ’ਚ 7 ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ’ਚੋਂ 3 ਸਵਾਰੀਆਂ ਤੇ ਬੱਸ ਚਾਲਕ ਸਮੇਤ 4 ਜਣੇ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਕਾਲਾ ਬੱਕਰਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਬੀਤੀ ਸ਼ਾਮ ਨਰਵਾਲ ਕੰਪਨੀ ਦੀ ਬੱਸ ਬਲਵਿੰਦਰ ਸਿੰਘ ਵਾਸੀ ਪਿੰਡ ਧਨੋਆ ਮੁਕੇਰੀਆਂ ਚਲਾ ਰਿਹਾ ਸੀ, ਬੱਸ ’ਚ ਸਵਾਰ ਯਾਤਰੀਅਾਂ ਮੁਤਾਬਕ ਉਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਬੱਸ ਨੂੰ ਬਹੁਤ ਹੀ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ। ਜਦ ਬੱਸ ਬਿਆਸ ਪਿੰਡ ਅੱਡੇ ਤੋਂ ਕੁਝ ਪਿੱਛੇ ਸੀ ਤਾਂ ਚਾਲਕ ਆਪਣੀ ਬੱਸ ਤੋਂ ਸੰਤੁਲਨ ਗੁਆ ਬੈਠਾ ਤੇ ਅੱਗੇ ਜਾ ਰਹੇ ਟਰੱਕ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਹਾਦਸੇ ’ਚ ਅੱਗੇ ਜਾ ਰਿਹਾ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਬੱਸ ਦੀ ਅਗਲੀ ਸਾਈਡ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਸ ਚੌਕੀ ਅਲਾਵਲਪੁਰ ਦੇ ਇੰਚਾਰਜ ਏ. ਐੱਸ. ਆਈ. ਹਰਪ੍ਰੀਤ ਸਿੰਘ ਤੇ ਪੁਲਸ ਚੌਕੀ ਕਿਸ਼ਨਗੜ੍ਹ ਦੇ ਇੰਚਾਰਜ ਏ. ਐੱਸ. ਆਈ. ਸੁਖਜੀਤ ਸਿੰਘ ਬੈਂਸ ਪੁਲਸ ਮੁਲਾਜ਼ਮਾਂ ਨਾਲ ਮੌਕੇ ’ਤੇ ਪਹੁੰਚੇ ਤੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ। ਹਾਦਸੇ ਤੋਂ ਬਾਅਦ ਉਸ ਜਗ੍ਹਾ ਇਕ ਵਿਅਕਤੀ ਵਾਰ-ਵਾਰ ਬੱਸ ’ਚ ਚੜ੍ਹ ਰਿਹਾ ਸੀ ਤੇ ਉਹ ਸ਼ਰਾਬੀ ਤੇ ਜ਼ਖਮੀ ਹਾਲਤ ’ਚ ਸੀ। ਉਹ ਆਪਣੇ-ਆਪ ਨੂੰ ਬੱਸ ਦੀ ਸਵਾਰੀ ਦੱਸ ਕੇ ਫਰੋਲਾ-ਫਰਾਲੀ ਕਰ ਰਿਹਾ ਸੀ। ਜਦ ਇਸ ਸਬੰਧੀ ਹਾਈਵੇ ਪੈਟਰੋਲਿੰਗ ਗੱਡੀ ਦੇ ਮੁਲਾਜ਼ਮਾਂ ਹੌਲਦਾਰ ਰਣਵੀਰ ਸਿੰਘ ਤੇ ਹੌਲਦਾਰ ਸਤਨਾਮ ਸਿੰਘ ਨੇ ਉਸ ਕੋਲੋਂ ਪੁੱਛਿਆ ਤਾਂ ਉਸ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਤੇ ਉਸ ਦੀ ਸ਼ਰਾਬ ਪੀਤੀ ਹੋਣ ਕਾਰਨ ਪੁਲਸ ਮੁਲਾਜ਼ਮ ਸ਼ੱਕ ਵਜੋਂ ਉਸ ਦਾ ਮੈਡੀਕਲ ਕਰਵਾਉਣ ਹਸਪਤਾਲ ਲੈ ਗਏ, ਜਿਥੇ ਪਹਿਲਾਂ ਹੀ ਜ਼ਖਮੀ ਹਾਲਤ ’ਚ ਦਾਖਲ ਔਰਤ ਸੁੱਖੀ ਨੇ ਉਸ ਨੂੰ ਪਛਾਣ ਲਿਆ ਤੇ ਪੁਲਸ ਨੂੰ ਦੱਸਿਆ ਕਿ ਇਹੀ ਬੱਸ ਚਾਲਕ ਹੈ, ਜਿਸ ਦੀ ਲਾਪ੍ਰਵਾਹੀ ਨਾਲ ਹਾਦਸਾ ਵਾਪਰਿਆ। ਹਾਦਸੇ ’ਚ ਬਲਵਿੰਦਰ ਸਿੰਘ ਕੋਟਲੀ ਖਾਸ, ਲਖਵਿੰਦਰ ਸਿੰਘ ਬੁੱਢਾ ਪਿੰਡ ਮੁਕੇਰੀਆਂ (ਦੋਵੇਂ ਬਿਜਲੀ ਬੋਰਡ ਦੇ ਮੁਲਾਜ਼ਮ) ਤੇ ਸੁੱਖੀ ਪਤਨੀ ਲੀਲੂ ਵਾਸੀ ਹਰਚੋਵਾਲ ਗੰਭੀਰ ਰੂਪ ’ਚ ਜ਼ਖਮੀ ਹੋਏ। ਪੁਲਸ ਚੌਕੀ ਅਲਾਵਲਪੁਰ ਅਤੇ ਕਿਸ਼ਨਗੜ੍ਹ ਤੇ ਹਾਈਵੇ ਪੈਟਰੋਲਿੰਗ ਪੁਲਸ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਸੜਕ ’ਚ ਫਸੇ ਦੋਵੇਂ ਵਾਹਨਾਂ ਨੂੰ ਸੜਕ ਤੋਂ ਪਿੱਛੇ ਹਟਾ ਕੇ ਆਵਾਜਾਈ ਸੁਚਾਰੂ ਕੀਤੀ ਗਈ। ਖਬਰ ਲਿਖੇ ਜਾਣ ਤੱਕ ਪੁਲਸ ਚੌਕੀ ਅਲਾਵਲਪੁਰ ਦੇ ਇੰਚਾਰਜ ਏ. ਐੱਸ. ਆਈ. ਹਰਪ੍ਰੀਤ ਸਿੰਘ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।


Related News