ਪ੍ਰਿੰਸੀਪਲ ਐਸੋਸੀਏਸ਼ਨ ਨੇ ਕਿਹਾ 5 ਸਾਲ ਤੋਂ ਕਾਲਜਾਂ ਨੂੰ ਨਹੀਂ ਹੋਇਆ ਕੋਈ ਪੈਸਾ ਜਾਰੀ

09/30/2018 3:35:25 PM

ਜਲੰਧਰ : ਪੋਸਟ ਮੈਟ੍ਰਿਕ ਸਕਾਲਰਸ਼ਿੱਪ ਨੂੰ ਲੈ ਕੇ ਪਹਿਲੀ ਵਾਰ ਜਲੰਧਰ ਦੇ ਗੈਰ-ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣੀ ਹੱਡਬੀਤੀ ਸੁਣਾਈ ਹੈ। ਪ੍ਰਿੰਸੀਪਲ ਐਸੋਸੀਏਸ਼ਨ ਆਫ ਨਾਨ ਗਵਰਨਮੈਂਟ ਕਾਲਜਸ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਇਹ ਖੁਲਾਸਾ ਕੀਤਾ ਕਿ ਜੇਕਰ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਕੀਮ ਤਹਿਤ ਜਲੰਧਰ ਦੇ ਕਾਲਜਾਂ ਦੇ ਕਰੀਬ 80 ਕਰੋੜ ਰੁਪਏ ਪੈਂਡਿੰਗ ਰਾਸ਼ੀ ਜਾਰੀ ਨਾ ਕੀਤੀ ਗਈ ਤਾਂ ਵੱਡੀ ਤਾਦਾਦ 'ਚ ਕਾਲਜ ਬੰਦ ਕਰਨ ਦੀ ਨੌਬਤ ਆ ਜਾਵੇਗੀ। ਐਸੋਸੀਏਸ਼ਨ ਨੇ ਕਿਹਾ ਕਿ ਪਿਛਲੇ 6 ਮਹੀਨਿਆਂ 'ਚ ਕਾਲਜ ਆਪਣੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਨੂੰ ਤਨਖਾਹ ਨਹੀਂ ਦੇ ਪਾ ਰਹੇ। ਸਾਰਾ ਢਾਂਚਾ ਹੀ ਵਿਗੜ ਗਿਆ ਹੈ। 

ਐਸੋਸੀਏਸ਼ਨ ਦੇ ਪ੍ਰਧਾਨ ਤੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦੱਸਿਆ ਕਿ 2006-07 'ਚ ਕੇਂਦਰ ਸਰਕਾਰ ਨੇ ਇਹ ਸਕੀਮ ਚਲਾਈ ਸੀ ਪਰ 2013-14 ਦੇ ਬਾਅਦ ਕਾਲਜਾਂ ਨੂੰ ਸਰਕਾਰ ਵਲੋਂ ਸਕੀਮ ਤਹਿਤ ਪੈਸੇ ਜਾਰੀ ਨਹੀਂ ਕੀਤੇ ਗਏ। ਇਸ ਦਾ ਅਸਰ ਸੂਬੇ ਦੇ 137 ਏਡਿਡ ਕਾਲਜਾਂ 'ਤੇ ਬੁਰਾ ਪਿਆ, ਜਿਨ੍ਹਾਂ ਨੇ ਸਰਕਾਰ ਤੋਂ ਇਸ ਸਕੀਮ ਤਹਿਤ 1200 ਤੋਂ 1400 ਕਰੋੜ ਰੁਪਏ ਲਏ ਹਨ। ਜਲੰਧਰ ਦੇ ਕਰੀਬ 35 ਕਾਲਜਾਂ ਦੇ 80 ਕਰੋੜ ਦੇ ਲਗਭਗ ਰੁਪਏ ਇਸ ਸਕੀਮ ਦੇ ਤਹਿਤ ਪੈਂਡਿੰਗ ਪਏ ਹੋਏ ਹਨ। ਪ੍ਰਿੰਸੀਪਲ ਸਮਰਾ ਨੇ ਦੱਸਿਆ ਕਿ ਜਲੰਧਰ ਦੇ ਹਰ ਕਾਲਜ 'ਚ 40 ਫੀਸਦੀ ਤਕ ਸੀਟਾਂ ਇਸ ਸਕੀਮ ਦੇ ਤਹਿਤ ਭਰੀਆਂ ਜਾ ਰਹੀਆਂ ਹਨ। 

ਐੱਚ.ਐੱਮ.ਵੀ. ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਸਰੀਨ ਨੇ ਦੱਸਿਆ ਕਿ ਪਹਿਲਾਂ ਇਸ ਸਕੀਮ ਤਹਿਤ ਮਿਲਣ ਵਾਲੀ ਰਾਸ਼ੀ ਕਾਲਜ ਦੇ ਖਾਤੇ 'ਚ ਆਉਂਦੀ ਸੀ ਤੇ ਕਾਲਜ ਖੁਦ ਯੂਨੀਵਰਸਿਟੀ ਫੀਸ ਭਰਦੇ ਸਨ। ਹੁਣ ਇਹ ਰਾਸ਼ੀ ਵਿਦਿਆਰਥੀਆਂ ਦੇ ਖਾਤੇ 'ਚ ਆਉਂਦੀ ਹੈ। ਇਸ ਲਈ ਯੂਨੀਵਰਸਿਟੀ ਫੀਸ ਵੀ ਵਿਦਿਆਰਥੀਆਂ ਤੋਂ ਮੰਗੀ ਜਾਂਦੀ ਹੈ। ਪਰ ਵਿਦਿਆਰਥੀ ਫੀਸ ਦੀ ਜਗ੍ਹਾ ਨਾਅਰੇਬਾਜ਼ੀ ਸ਼ੁਰੂ ਕਰ ਦਿੰਦੇ ਹਨ। 

ਦੋਆਬਾ ਕਾਲਜ ਦੇ ਪ੍ਰਿੰਸੀਪਲ ਡਾ. ਨਰੇਸ਼ ਧੀਮਾਨ ਨੇ ਕਿਹਾ ਕਿ ਯੂਨੀਵਰਸਿਟੀ ਦੇ ਦਾਖਲੇ ਦੀ ਤਰੀਕ 15 ਜੁਲਾਈ ਤੋਂ 15 ਸਤੰਬਰ ਹੁੰਦੀ ਹੈ। ਪੋਰਟਲ 1 ਅਕਤੂਬਰ ਤੋਂ ਓਪਨ ਤੇ 15 ਅਕਤੂਬਰ ਤੱਕ ਆਨਲਾਈਨ ਅਪਲਾਈ ਕੀਤਾ ਜਾਂਦਾ ਹੈ। 30 ਨਵੰਬਰ ਤੱਕ ਫਾਰਮ 'ਚ ਕਰੈਕਸ਼ਨ ਹੋ ਸਕਦੀ ਹੈ। 10 ਦਸੰਬਰ ਤੋਂ ਸਕਾਲਰਸ਼ਿੱਪ ਅਪਰੂਵ ਤੇ 20 ਦਸੰਬਰ ਨੂੰ ਵਿਦਿਆਰਥੀਆਂ ਦੇ ਖਾਤੇ 'ਚ ਸਕਾਲਰਸ਼ਿੱਪ ਟ੍ਰਾਂਸਫਰ ਕਰਨ ਦੀ ਪ੍ਰਤੀਕਿਰਿਆ ਸ਼ੁਰੂ ਹੋਵੇਗੀ। ਉਦੋਂ ਤੱਕ ਇਕ ਸਮੈਸਟਰ ਖਤਮ ਹੋ ਜਾਂਦਾ ਹੈ। ਵਿਦਿਆਰਥੀਆਂ ਤੋਂ ਫੀਸ ਮੰਗੀ ਜਾਂਦੀ ਹੈ ਤਾਂ ਉਹ ਧਰਨਾ ਲਗਾ ਲੈਂਦੇ ਹਨ। 


Related News