ਮੇਅਰ ਨੇ ਕਬਜ਼ਾਧਾਰੀਆਂ ਦੇ ਕਟਵਾਏ ਪਾਣੀ ਦੇ ਕੁਨੈਕਸ਼ਨ

Saturday, Mar 14, 2020 - 03:09 PM (IST)

ਮੇਅਰ ਨੇ ਕਬਜ਼ਾਧਾਰੀਆਂ ਦੇ ਕਟਵਾਏ ਪਾਣੀ ਦੇ ਕੁਨੈਕਸ਼ਨ

ਜਲੰਧਰ (ਸ਼ੋਰੀ)— ਜਗਦੀਸ਼ ਰਾਜਾ ਵੱਲੋਂ ਵੀਰਵਾਰ ਜਿਸ ਤਰ੍ਹਾਂ ਕੰਪਨੀ ਬਾਗ ਚੌਕ ਤੋਂ ਭਗਵਾਨ ਵਾਲਮੀਕਿ ਚੌਕ ਤੱਕ ਫੁੱਟਪਾਥਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਖੁਦ ਮੌਕੇ 'ਤੇ ਪਹੁੰਚ ਕੇ ਹਟਵਾਇਆ ਗਿਆ ਸੀ, ਉਸ ਤੋਂ ਅਗਲੇ ਦਿਨ ਮੇਅਰ ਨੇ ਦੋਬਾਰਾ ਐਕਸ਼ਨ 'ਚ ਆਉਂਦਿਆਂ ਕਬਜ਼ਾਧਾਰੀਆਂ ਵੱਲੋਂ ਨਾਜਾਇਜ਼ ਤੌਰ 'ਤੇ ਲਗਵਾਏ ਗਏ ਪਾਣੀ ਦੇ ਕੁਨੈਕਸ਼ਨ ਵੀ ਕਟਵਾ ਦਿੱਤੇ। ਮੇਅਰ ਜਗਦੀਸ਼ ਰਾਜਾ ਨੇ ਬੀਤੇ ਦਿਨ ਸਵੇਰੇ ਵਾਟਰ ਸਪਲਾਈ ਵਿਭਾਗ ਦੇ ਕਰਮਚਾਰੀਆਂ ਨੂੰ ਫੁੱਟਪਾਥਾਂ 'ਤੇ ਭੇਜਿਆ ਅਤੇ ਉਨ੍ਹਾਂ ਕੋਲੋਂ ਨਾਜਾਇਜ਼ ਤੌਰ 'ਤੇ ਲੱਗੇ ਪਾਣੀ ਦੇ ਕੁਨੈਕਸ਼ਨਾਂ ਨੂੰ ਤੁਰੰਤ ਕਟਵਾ ਦਿੱਤਾ।

ਜ਼ਿਕਰਯੋਗ ਹੈ ਕਿ ਫੁੱਟਪਾਥਾਂ 'ਤੇ ਨਾਜਾਇਜ਼ ਕਬਜ਼ੇ ਇਸ ਲਈ ਹੋ ਜਾਂਦੇ ਸਨ ਕਿਉਂਕਿ ਕਬਜ਼ਾਧਾਰੀਆਂ ਨੇ ਨਾਜਾਇਜ਼ ਢੰਗ ਨਾਲ ਪਾਣੀ ਦੇ ਕੁਨੈਕਸ਼ਨ ਲਏ ਹੋਏ ਸਨ ਅਤੇ ਉਹ ਆਪਣਾ ਧੰਦਾ ਫਿਰ ਤੋਂ ਚਾਲੂ ਕਰ ਦਿੰਦੇ ਸਨ ਪਰ ਹੁਣ ਜੇਕਰ ਦੋਬਾਰਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੇਅਰ ਵੱਲੋਂ ਹੋਰ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਮੇਅਰ ਨੇ ਸ਼ਾਮ ਨੂੰ ਦੋਬਾਰਾ ਆਪਣੀਆਂ ਟੀਮਾਂ ਨੂੰ ਮੌਕੇ 'ਤੇ ਨਿਰੀਖਣ ਕਰਨ ਲਈ ਭੇਜਿਆ ਅਤੇ ਇਸ ਗੱਲ ਦੀ ਚੈਕਿੰਗ ਕੀਤੀ ਗਈ ਕਿ ਕਿਤੇ ਕਬਜ਼ਾਧਾਰੀ ਦੁਬਾਰਾ ਕਬਜ਼ੇ ਨਾ ਕਰ ਲਏ।

ਉਨ੍ਹਾਂ ਕਿਹਾ ਕਿ ਜੇਕਰ ਹੁਣ ਦੁਬਾਰਾ ਫੁੱਟਪਾਥਾਂ 'ਤੇ ਰੇਹੜੀਆਂ ਲਾਉਣ ਦੀ ਕੋਸ਼ਿਸ਼ ਹੋਈ ਤਾਂ ਨਿਗਮ ਵੱਲੋਂ ਫਿਰ ਤੋਂ ਉਨ੍ਹਾਂ ਦਾ ਸਾਮਾਨ ਜ਼ਬਤ ਕਰ ਲਿਆ ਜਾਵੇਗਾ ਅਤੇ ਹੁਣ ਉਨ੍ਹਾਂ ਨੂੰ ਨਿਗਮ ਵੱਲੋਂ ਸਾਮਾਨ ਵਾਪਸ ਵੀ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹਿੱਤ ਜ਼ਿਆਦਾ ਜ਼ਰੂਰੀ ਹਨ। ਅਜਿਹੀ ਸਥਿਤੀ 'ਚ ਲੋਕਾਂ ਨੂੰ ਫੁੱਟਪਾਥਾਂ 'ਤੇ ਨਾਜਾਇਜ਼ ਕਬਜ਼ਾ ਕਰ ਕੇ ਆਪਣਾ ਕਾਰੋਬਾਰ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਸ਼ਹਿਰ ਦੇ ਸੁੰਦਰੀਕਰਨ ਨੂੰ ਬਣਾਈ ਰੱਖਣ ਅਤੇ ਟ੍ਰੈਫਿਕ ਨੂੰ ਸੁਚਾਰੂ ਤੌਰ 'ਤੇ ਚਲਾਉਣ ਲਈ ਜ਼ਰੂਰੀ ਹੈ ਕਿ ਫੁੱਟਪਾਥਾਂ ਨੂੰ ਸਾਫ-ਸੁਥਰਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਫੁੱਟਪਾਥਾਂ 'ਤੇ ਕਬਜ਼ਾ ਕਰ ਕੇ ਬੈਠੇ ਲੋਕਾਂ ਨੂੰ ਥਾਂ ਖਾਲੀ ਛੱਡਣ ਦੀ ਅਪੀਲ ਕਰਦੇ ਹਨ।

 


author

shivani attri

Content Editor

Related News