ਰੇਲਵੇ ਫਾਟਕਾਂ ਵਿਚਾਲੇ ''ਉਬੜ-ਖਾਬੜ'' ਇੰਟਰਲਾਕਿੰਗ ਟਾਈਲਾਂ ਬਣ ਰਹੀਆਂ ਹਾਦਸਿਆਂ ਦਾ ਕਾਰਨ

Monday, Jan 12, 2026 - 03:15 PM (IST)

ਰੇਲਵੇ ਫਾਟਕਾਂ ਵਿਚਾਲੇ ''ਉਬੜ-ਖਾਬੜ'' ਇੰਟਰਲਾਕਿੰਗ ਟਾਈਲਾਂ ਬਣ ਰਹੀਆਂ ਹਾਦਸਿਆਂ ਦਾ ਕਾਰਨ

ਜਲੰਧਰ (ਪੁਨੀਤ)- ਜਲੰਧਰ ਸ਼ਹਿਰ ਦੇ ਬਿਲਕੁਲ ਵਿਚਕਾਰੋਂ ਲੰਘਦੇ ਰੇਲਵੇ ਫਾਟਕਾਂ ਵਿਚਾਲੇ ਲੱਗੀਆਂ ਇੰਟਰਲਾਕਿੰਗ ਟਾਈਲਾਂ ਬਦਹਾਲ ਸਥਿਤੀ ਵਿਚ ਨਜ਼ਰ ਆ ਰਹੀਆਂ ਹਨ। ਹਰ ਪਾਸਿਓਂ ਉਬੜ-ਖਾਬੜ ਰਸਤਾ ਜਨਤਾ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ ਅਤੇ ਆਏ ਦਿਨ ਹਾਦਸੇ ਹੁੰਦੇ ਵੇਖਣ ਨੂੰ ਮਿਲ ਰਹੇ ਹਨ। ਟਾਂਡਾ ਫਾਟਕ, ਅੱਡਾ ਹੁਸ਼ਿਆਰਪੁਰ ਫਾਟਕ ਸਮੇਤ ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਇਲਾਕਿਆਂ ਦੇ ਕਈ ਫਾਟਕਾਂ ਵਿਚ ਰਸਤਿਆਂ ਦੀ ਹਾਲਤ ਬੇਹੱਦ ਖਰਾਬ ਹੈ। ਇਸ ਤੋਂ ਪਹਿਲਾਂ ਵੀ ਫਾਟਕਾਂ ਦੇ ਰਸਤੇ ਵਾਲੀਆਂ ਪ੍ਰੇਸ਼ਾਨੀਆਂ ਨੂੰ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਕੀਤਾ ਜਾ ਚੁੱਕਾ ਹੈ ਪਰ ਰੇਲਵੇ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੌਂ ਰਹੇ ਹਨ, ਜਿਸ ਕਾਰਨ ਜਨਤਾ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਦਾ ਹੱਲ ਨਹੀਂ ਹੋ ਪਾ ਰਿਹਾ।

ਇਹ ਵੀ ਪੜ੍ਹੋ: LPU 'ਚ ਸਟਾਰਟ-ਅੱਪ ਪੰਜਾਬ ਕਨਕਲੇਵ 'ਚ ਪੁੱਜੇ CM ਮਾਨ, ਆਖੀਆਂ ਇਹ ਗੱਲਾਂ

ਆਲਮ ਇਹ ਹੈ ਕਿ ਸ਼ਹਿਰ ਵਿਚ ਰੇਲਵੇ ਫਾਟਕਾਂ ਦੇ ਵਿਚਕਾਰ ਵਿਛਾਈਆਂ ਇੰਟਰਲਾਕਿੰਗ ਟਾਈਲਾਂ ਦੀ ਖ਼ਰਾਬ ਹਾਲਤ ਹੁਣ ਆਮ ਲੋਕਾਂ ਦੀ ਸੁਰੱਖਿਆ ਲਈ ਚੁਣੌਤੀ ਬਣਦੀ ਜਾ ਰਹੀ ਹੈ। ਕਈ ਥਾਵਾਂ ’ਤੇ ਟਾਈਲਾਂ ਧਸੀਆਂ ਹੋਈਆਂ ਹਨ ਅਤੇ ਕਈ ਥਾਂ ਤਰੇੜਾਂ ਨਜ਼ਰ ਆਉਂਦੀਆਂ ਹਨ। ਇਸ ਕਾਰਨ ਫਾਟਕਾਂ ਤੋਂ ਲੰਘਣਾ ਜੋਖਮ ਭਰਿਆ ਹੋ ਗਿਆ ਹੈ। ਰੋਜ਼ਾਨਾ ਇਨ੍ਹਾਂ ਰਸਤਿਆਂ ਤੋਂ ਲੰਘਣ ਵਾਲੇ ਰਾਹਗੀਰਾਂ ਅਤੇ ਖਾਸ ਕਰ ਕੇ ਦੋਪਹੀਆ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਾਰਾਂ ਅਤੇ ਭਾਰੀ ਵਾਹਨ ਤਾਂ ਕਿਸੇ ਤਰ੍ਹਾਂ ਨਿਕਲ ਜਾਂਦੇ ਹਨ ਪਰ ਦੋਪਹੀਆ ਵਾਹਨਾਂ ਦੇ ਟਾਇਰ ਤਿਲਕਣ ਦਾ ਡਰ ਬਣਿਆ ਰਹਿੰਦਾ ਹੈ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਲਗਾਤਾਰ ਵਧ ਰਿਹਾ ਹੈ। ਕਈ ਵਾਰ ਰਾਹਗੀਰ ਸੰਤੁਲਨ ਗੁਆ ਬੈਠਦੇ ਹਨ ਅਤੇ ਜ਼ਖ਼ਮੀ ਹੋ ਜਾਂਦੇ ਹਨ। ਲੋਕਾਂ ਨੇ ਮੰਗ ਕੀਤੀ ਕਿ ਸਾਰੇ ਪ੍ਰਮੁੱਖ ਫਾਟਕਾਂ ਦਾ ਮੁਆਇਨਾ ਕਰ ਕੇ ਤੁਰੰਤ ਸੁਧਾਰ ਕਾਰਜ ਕਰਵਾਏ ਜਾਣ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ 'ਚ Alert, ਮੀਂਹ ਸਬੰਧੀ ਦਿੱਤੇ ਇਹ ਸੰਕੇਤ

ਇੱਟਾਂ ਨਾਲ ਭਰੀ ਟਰਾਲੀ ਦਾ ਐਕਸਲ ਟੁੱਟਣ ਕਾਰਨ ਰੁਕੀ ਰਹੀ ਰੇਲਵੇ ਲਾਈਨ
ਬੀਤੇ ਦਿਨੀਂ ਇੱਟਾਂ ਨਾਲ ਭਰੀ ਇਕ ਟਰਾਲੀ ਅੱਡਾ ਟਾਂਡਾ ਫਾਟਕ ਦੇ ਵਿਚਕਾਰ ਫਸ ਗਈ ਸੀ, ਜਿਸ ਕਾਰਨ ਸੰਬੰਧਤ ਰੇਲਵੇ ਲਾਈਨ ਘੰਟਿਆਂਬੱਧੀ ਪ੍ਰਭਾਵਿਤ ਰਹੀ ਅਤੇ ਟ੍ਰੇਨਾਂ ਦੀ ਆਵਾਜਾਈ ਵਿਚ ਕਈ ਤਰ੍ਹਾਂ ਦੀਆਂ ਦਿੱਕਤਾਂ ਆਈਆਂ। ਇਸ ਤੋਂ ਬਾਅਦ ਕ੍ਰੇਨ ਮੰਗਵਾ ਕੇ ਟਰਾਲੀ ਨੂੰ ਰੇਲਵੇ ਟਰੈਕ ਤੋਂ ਹਟਾਇਆ ਗਿਆ, ਜਿਸ ਤੋਂ ਬਾਅਦ ਰੇਲਵੇ ਲਾਈਨ ਚਾਲੂ ਹੋ ਸਕੀ। ਟਰਾਲੀ ਦੇ ਡਰਾਈਵਰ ਦਾ ਕਹਿਣਾ ਸੀ ਕਿ ਰੇਲਵੇ ਟਰੈਕ ਪਾਰ ਕਰਦੇ ਸਮੇਂ ਟਰਾਲੀ ਦਾ ਐਕਸਲ ਟੁੱਟ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ: Punjab:ਮਾਂ ਨਾਲ ਪਹਿਲਾਂ ਭਾਖੜਾ ਨਹਿਰ ਕੋਲ ਪੁੱਜਾ ਪੁੱਤ, ਫਿਰ ਮਾਂ ਨੂੰ ਗੱਡੀ 'ਚ ਛੱਡ ਪੁਲ ਤੋਂ ਕੀਤਾ ਉਹ ਜੋ ਸੋਚਿਆ ਨਾ ਸੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News