ਇੰਟੀਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ ਹੋਵੇਗਾ 31 ਮਾਰਚ ਤਕ ‘ਲਾਈਵ’, 180 ਥਾਵਾਂ ’ਤੇ ਲੱਗੇ 1000 CCTV ਕੈਮਰੇ

Saturday, Mar 16, 2024 - 10:57 AM (IST)

ਇੰਟੀਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ ਹੋਵੇਗਾ 31 ਮਾਰਚ ਤਕ ‘ਲਾਈਵ’, 180 ਥਾਵਾਂ ’ਤੇ ਲੱਗੇ 1000 CCTV ਕੈਮਰੇ

ਜਲੰਧਰ (ਚੋਪੜਾ)–ਜਲੰਧਰ ਸਮਾਰਟ ਸਿਟੀ ਤਹਿਤ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਅਤੇ ਚੱਲ ਰਹੇ ਕੰਮਾਂ ਦੀ ਤਰੱਕੀ ਦੀ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸ਼ੁੱਕਰਵਾਰ ਸਮੀਖਿਆ ਕਰਦੇ ਹੋਏ ਅਧਿਕਾਰੀਆਂ ਨੂੰ ਨਿਰਧਾਰਿਤ ਸਮਾਂਹੱਦ ਅੰਦਰ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇੇ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਵੀ ਮੌਜੂਦ ਰਹੇ। ਡੀ. ਸੀ. ਜੋ ਸ਼ਹਿਰ ਪੱਧਰੀ ਮੁਲਾਂਕਣ ਅਤੇ ਨਿਗਰਾਨੀ ਸਮਿਤੀ (ਸੀ. ਐੱਲ. ਐੱਸ. ਸੀ.) ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਇੰਟੀਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ (ਆਈ. ਸੀ. ਸੀ. ਸੀ.) ਦਾ ਕੰਮ 95 ਫ਼ੀਸਦੀ ਪੂਰਾ ਹੋ ਗਿਆ ਹੈ ਅਤੇ 31 ਮਾਰਚ 2024 ਤਕ ਲਾਈਵ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਸ਼ਹਿਰ ਵਿਚ 180 ਥਾਵਾਂ ’ਤੇ 1000 ਸੀ. ਸੀ. ਟੀ. ਵੀ. ਲਾਏ ਗਏ ਹਨ, ਜਿਨ੍ਹਾਂ ਨੂੰ ਆਈ. ਸੀ. ਸੀ. ਸੀ. ਵਿਚ ਜੋੜਿਆ ਗਿਆ ਹੈ। ਇਸ ਨਾਲ ਸ਼ਹਿਰ ਦੀ ਨਿਗਰਾਨੀ ਅਤੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਵਿਚ ਮਦਦ ਮਿਲੇਗੀ।

ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ 25 ਜਨਤਕ ਸਥਾਨਾਂ ’ਤੇ 25 ਪਬਲਿਕ ਅਡਰੈੱਸ ਸਿਸਟਮ ਲਾਏ ਗਏ ਹਨ ਅਤੇ 5 ਮੁੱਖ ਥਾਵਾਂ ’ਤੇ 5 ਹੰਗਾਮੀ ਕਾਲ ਬਾਕਸ ਵੀ ਲਾਏ ਗਏ ਹਨ। ਇਸ ਤੋਂ ਇਲਾਵਾ ਨਾਗਰਿਕਾਂ ਨੂੰ ਕੋਈ ਵੀ ਮਹੱਤਵਪੂਰਨ ਜਾਣਕਾਰੀ, ਮਹੱਤਵਪੂਰਨ ਸੰਦੇਸ਼ ਦੇਣ ਲਈ ਸ਼ਹਿਰ ਭਰ ਵਿਚ 25 ਵੈਰੀਏਬਲ ਮੈਸੇਜ ਡਿਸਪਲੇਅ (ਵੀ. ਐੱਮ. ਡੀ.) ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਟੈਕਸ, ਪਾਣੀ ਅਤੇ ਸੀਵਰੇਜ, ਅੱਗ, ਜਨਮ ਅਤੇ ਮੌਤ ਸਰਟੀਫਿਕੇਟ ਅਤੇ ਹੋਰ ਸੇਵਾਵਾਂ ਨੂੰ ਆਈ. ਸੀ. ਸੀ. ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਬਸਤੀ ਪੀਰ ਦਾਦ ਵਿਖੇ ਸਥਾਪਤ ਐੱਸ. ਟੀ. ਪੀ. ਤੋਂ ਸਿੰਚਾਈ ਲਈ ਟ੍ਰੀਟ ਕੀਤੇ ਪਾਣੀ ਦੀ ਵਰਤੋਂ ਨਾਲ ਸਬੰਧਤ 7 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦੀ ਤਰੱਕੀ ਦਾ ਜਾਇਜ਼ਾ ਲੈਂਦਿਆਂ ਇਸ ਪ੍ਰਾਜੈਕਟ ਨੂੰ 30 ਜੂਨ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਐੱਸ. ਟੀ. ਪੀ. ਤੋਂ 25 ਐੱਮ. ਐੱਲ. ਡੀ. ਟ੍ਰੀਟਡ ਪਾਣੀ ਨੂੰ ਜ਼ਮੀਨਦੋਜ਼ ਪਾਈਪਾਂ ਰਾਹੀਂ ਸਿੰਚਾਈ ਲਈ ਵਰਤਿਆ ਜਾ ਸਕੇਗਾ। ਮਿੱਠਾਪੁਰ ਹਾਕੀ ਸਟੇਡੀਅਮ ਦੇ ਆਧੁਨਿਕੀਕਰਨ ਦੇ ਕੰਮ ਦੀ ਤਰੱਕੀ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਇਸ ਮਹੀਨੇ ਦੇ ਅੰਤ ਤਕ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਦਾ ਨਿਰਦੇਸ਼ ਦਿੱਤਾ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਲਈ ਸੁਸ਼ੀਲ ਰਿੰਕੂ ਫਿਰ ਤੋਂ 'ਆਪ' ਦੇ ਉਮੀਦਵਾਰ, ਕਾਂਗਰਸ 'ਚੋਂ ਚੰਨੀ ਆਏ ਤਾਂ ਵਧੇਗੀ ਚੁਣੌਤੀ

ਡੀ. ਸੀ. ਨੇ ਨਗਰ ਨਿਗਮ ਅਤੇ ਕਾਰਜਕਾਰੀ ਏਜੰਸੀਆਂ ਦੇ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਦੀ ਗੁਣਵੱਤਾ ਦੀ ਜਾਂਚ ਯਕੀਨੀ ਬਣਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਕੰਮਾਂ ਦੀ ਗੁਣਵੱਤਾ ਨਾਲ ਕਿਸੇ ਕਿਸਮ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਸਾਰਾ ਹਫਤਾ 24 ਘੰਟੇ ਜਲ ਸਪਲਾਈ, ਬਰਲਟਨ ਪਾਰਕ ਸਪੋਰਟਸ ਹੱਬ, ਏ. ਬੀ. ਡੀ. ਇਲਾਕੇ ਵਿਚ ਸਮਾਰਟ ਸੜਕਾਂ, ਸਰਕਾਰੀ ਇਮਾਰਤਾਂ ਵਿਚ ਛੱਤ ’ਤੇ ਮੀਂਹ ਦੇ ਪਾਣੀ ਦੀ ਸੰਭਾਲ ਪ੍ਰਣਾਲੀ ਦਾ ਨਿਰਮਾਣ, ਵਰਿਆਣਾ ਵਿਚ ਠੋਸ ਰਹਿੰਦ-ਖੂੰਹਦ ਪ੍ਰਬੰਧਨ, ਜੀ. ਆਈ. ਐੱਸ.-ਲਿੰਕਡ ਕਿਊ.ਆਰ. ਕੋਡ ਆਧਾਰਿਤ ਪ੍ਰਾਪਰਟੀ ਯੂ. ਆਈ. ਡੀ. ਨੰਬਰ ਪਲੇਟ ਦੀ ਸਥਿਤੀ, ਕਾਲਾ ਸੰਘਿਆਂ ਡਰੇਨ ਦੇ ਸੁੰਦਰੀਕਰਨ ਆਦਿ ਪ੍ਰਾਜੈਕਟਾਂ ਦੀ ਵੀ ਸਮੀਖਿਆ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਸਮਾਂਹੱਦ ਦੀ ਪਾਲਣਾ ਕਰਦੇ ਹੋਏ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ ਕਿਹਾ। ਇਸ ਮੌਕੇ ਨਗਰ ਨਿਗਮ ਜਲੰਧਰ ਅਤੇ ਵੱਖ-ਵੱਖ ਕਾਰਜਕਾਰੀ ਏਜੰਸੀਆਂ ਦੇ ਅਧਿਕਾਰੀ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਇੰਸਟਾਗ੍ਰਾਮ ਦੀ ਫੇਕ ID ਬਣਾ ਕੁੜੀ ਨੂੰ ਭੇਜੀਆਂ ਅਸ਼ਲੀਲ ਤਸਵੀਰਾਂ ਤੇ ਮੈਸੇਜ, ਫਿਰ ਕੀਤਾ ਸ਼ਰਮਨਾਕ ਕਾਰਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News