ਲੰਬੇ ਸੰਘਰਸ਼ ਤੋਂ ਬਾਅਦ ਮਿਲੀ ਆਜ਼ਾਦੀ ਦੀ ਰੱਖਿਆ ਕਰਨਾ ਹਰੇਕ ਨਾਗਰਿਕ ਦਾ ਫਰਜ਼: ਸਾਇਸ਼ਾ ਚੋਪੜਾ
Thursday, Aug 17, 2023 - 01:43 PM (IST)

ਜਲੰਧਰ (ਵਿਨੀਤ)- ਲਾਲਾ ਜਗਤ ਨਾਰਾਇਣ ਡੀ. ਏ. ਵੀ. ਮਾਡਲ ਸਕੂਲ, ਕਬੀਰ ਨਗਰ ਦਾ 77ਵਾਂ ਸੁਤੰਤਰਤਾ ਦਿਵਸ ਸਮਾਰੋਹ ਦੇਵੀਏਟ ਸੰਸਥਾਨ ਦੇ ਆਡੀਟੋਰੀਅਮ ’ਚ ਕਰਵਾਇਆ ਗਿਆ, ਜਿਸ ’ਚ ਪੰਜਾਬ ਕੇਸਰੀ ਗਰੁੱਪ ਦੀ ਡਾਇਰੈਕਟਰ ਸ਼੍ਰੀਮਤੀ ਸਾਇਸ਼ਾ ਚੋਪੜਾ ਅਤੇ ਡੀ. ਏ. ਵੀ. ਸੰਸਥਾਵਾਂ ਅਤੇ ਆਰੀਆ ਪ੍ਰਦੇਸ਼ਕ ਪ੍ਰਤੀਨਿਧੀ ਸਭਾ ਨੂੰ ਸਮਰਪਿਤ ਸੁਧੀਰ ਸ਼ਰਮਾ ਮੁੱਖ ਮਹਿਮਾਨ ਵਜੋਂ ਪੁੱਜੇ। ਉਨ੍ਹਾਂ ਸ਼ਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਉਪਰੰਤ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ। ਸਾਇਸ਼ਾ ਚੋਪੜਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸੁਤੰਤਰਤਾ ਦਿਵਸ ਦਾ ਅਰਥ ਸਿਰਫ਼ ਕੈਲੰਡਰ ਦੀ ਤਾਰੀਖ ਨਹੀਂ ਹੈ, ਸਗੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਆਜ਼ਾਦੀ ਲੰਬੇ ਸੰਘਰਸ਼ ਤੋਂ ਬਾਅਦ ਮਿਲੀ ਹੈ ਅਤੇ ਦੇਸ਼ ਦੀ ਰੱਖਿਆ ਕਰਨਾ ਹਰ ਨਾਗਰਿਕ ਦਾ ਫਰਜ਼ ਵੀ ਹੈ।
ਸ਼੍ਰੀਮਤੀ ਸਾਇਸ਼ਾ ਨੇ ਸਕੂਲ ਦੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਦੀ ਕਲਾਤਮਕ ਪ੍ਰਤਿਭਾ ਨੂੰ ਨਿਖਾਰਨ ’ਚ ਉਨ੍ਹਾਂ ਦੇ ਅਧਿਆਪਕਾਂ ਦੀ ਮਿਹਨਤ ਸਾਫ਼ ਝਲਕਦੀ ਹੈ। ਉਨ੍ਹਾਂ ਕਿਹਾ ਕਿ ਇਹ ਸਕੂਲ ਆਪਣੀ ਸੰਸਥਾਪਕ ਪਿ੍ੰਸੀਪਲ ਅਨੀਤਾ ਨੰਦਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਮੇਸ਼ਾ ਸਫ਼ਲਤਾ ਦੇ ਵੱਖ-ਵੱਖ ਮਾਪਦੰਡ ਸਥਾਪਿਤ ਕਰ ਰਿਹਾ ਹੈ । ਸ਼੍ਰੀਮਤੀ ਚੋਪੜਾ ਨੇ ਆਸ ਪ੍ਰਗਟ ਕੀਤੀ ਕਿ ਇਹ ਸਕੂਲ ਭਵਿੱਖ ’ਚ ਵੀ ਇਸੇ ਤਰ੍ਹਾਂ ਤਰੱਕੀ ਕਰਦਾ ਰਹੇਗਾ, ਜਿਸ ਨਾਲ ਲਾਲਾ ਜਗਤ ਨਾਰਾਇਣ ਜੀ ਦਾ ਨਾਮ ਸਦਾ ਅਮਰ ਰਹੇਗਾ।
ਇਹ ਵੀ ਪੜ੍ਹੋ- ਫਾਜ਼ਿਲਕਾ 'ਚ ਵੱਡਾ ਹਾਦਸਾ: AC ਲਾ ਕੇ ਸੁੱਤੇ ਪੂਰੇ ਟੱਬਰ 'ਤੇ ਡਿੱਗੀ ਕਮਰੇ ਦੀ ਛੱਤ, ਦਾਦੀ-ਪੋਤੇ ਦੀ ਦਰਦਨਾਕ ਮੌਤ
ਸ਼੍ਰੀਮਤੀ ਸਾਇਸ਼ਾ ਚੋਪੜਾ ਅਤੇ ਸੁਧੀਰ ਸ਼ਰਮਾ ਨੇ ਇਸ ਦੌਰਾਨ ਸਕੂਲ ਦੀ ਵਿਦਿਆਰਥਣ ਨੂਰਪਾਲ ਕੌਰ ਨੂੰ 12ਵੀਂ ਦੀ ਪ੍ਰੀਖਿਆ ’ਚ ਜ਼ਿਲ੍ਹੇ ’ਚੋਂ ਟਾਪ ਕਰਨ ’ਤੇ 1000 ਰੁਪਏ ਦੀ ਰਾਸ਼ੀ ਦੇ ਕੇ ਸਨਮਾਨਤ ਕਰਦੇ ਹੋਏ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸਕੂਲ ਦੇ ਹੋਰ ਹੋਣਹਾਰ ਵਿਦਿਆਰਥੀਆਂ ਨੂੰ ਵੀ ਸਨਮਾਨਤ ਕਰਦਿਆਂ ਵਧਾਈ ਦਿੱਤੀ। ਮੁੱਖ ਮਹਿਮਾਨ ਸੁਧੀਰ ਸ਼ਰਮਾ ਨੇ ਆਪਣੇ ਸੰਬੋਧਨ ’ਚ ਸਕੂਲ ਦੇ ਬੱਚਿਆਂ ਵੱਲੋਂ ਪੇਸ਼ ਕੀਤੇ ਦੇਸ਼ ਭਗਤੀ ਦੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਇਸ ਦਾ ਸਿਹਰਾ ਪ੍ਰਿੰ. ਅਨੀਤਾ ਨੰਦਾ ਸਮੇਤ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਦਿੱਤਾ। ਉਨ੍ਹਾਂ ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦੇ ਹੋਏ ਦੇਸ਼ ਦੇ ਵਿਕਾਸ ਦੇ ਕੰਮਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।
ਇਸ ਦੌਰਾਨ ਸ਼ਰਮਾ ਨੇ ਸਕੂਲ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 1 ਲੱਖ 1 ਹਜ਼ਾਰ 1 ਸੌ 11 ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕਰਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਪ੍ਰਿੰ. ਅਨੀਤਾ ਨੰਦਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕੂਲ ਦੀਆਂ ਵੱਖ-ਵੱਖ ਪ੍ਰਾਪਤੀਆਂ ਤੇ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਅਤੇ ਸ਼੍ਰੀ ਅਵਿਨਾਸ਼ ਚੋਪੜਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਕੂਲ ਲਗਾਤਾਰ ਤਰੱਕੀ ਦੀਆਂ ਰਾਹਾਂ 'ਤੇ ਅੱਗੇ ਵੱਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਸਕੂਲ ਦੇ ਹੋਣਹਾਰ ਵਿਦਿਆਰਥੀ ਆਪਣੇ ਦੇਸ਼ ’ਚ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਵੀ ਉੱਚ ਅਹੁਦਿਆਂ ’ਤੇ ਬਿਰਾਜਮਾਨ ਹੋ ਕੇ ਸਕੂਲ ਦਾ ਨਾਂ ਰੌਸ਼ਨ ਕਰ ਰਹੇ ਹਨ। ਉਨ੍ਹਾਂ ਪ੍ਰੋਗਰਾਮ ਦੀ ਸਫ਼ਲਤਾ ਲਈ ਅਧਿਆਪਕਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਉਕਤ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ। ਅੰਤ ’ਚ ਰਾਸ਼ਟਰੀ ਗੀਤ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ।
ਇਹ ਵੀ ਪੜ੍ਹੋ- ਰੋਪੜ ਤੋਂ ਵੱਡੀ ਖ਼ਬਰ, ਮਠਿਆਈ ਦੀ ਦੁਕਾਨ ਦਾ ਸ਼ਟਰ ਚੁੱਕਦਿਆਂ ਹੀ ਹੋਇਆ ਵੱਡਾ ਧਮਾਕਾ, ਦੋ ਲੋਕਾਂ ਦੀ ਦਰਦਨਾਕ ਮੌਤ
‘ਮੇਰੀ ਆਨ ਤਿਰੰਗਾ ਹੈ, ਮੇਰਾ ਸ਼ਾਨ ਤਿਰੰਗਾ ਹੈ’
ਪ੍ਰੋਗਰਾਮ ’ਚ ਸਕੂਲੀ ਬੱਚਿਆਂ ਨੇ ‘ਇੰਡੀਆ ਆਫ਼ ਮਾਈ ਡ੍ਰੀਮ’ ਸਿਰਲੇਖ ’ਤੇ ਕਵਿਤਾਵਾਂ ਸੁਣਾਈਆਂ, ਜਦਕਿ 5ਵੀਂ ਦੇ ਵਿਦਿਆਰਥੀ ਕਰਨਵੀਰ ਨੇ ਭੰਗੜੇ ਦੀ ਪੇਸ਼ਕਾਰੀ ਨਾਲ ਸਾਰਿਆਂ ਦਾ ਮਨ ਮੋਹ ਲਿਆ। ਇਸ ਦੇ ਨਾਲ ਹੀ ‘ਮੇਰੀ ਆਨ ਤਿਰੰਗਾ ਹੈ, ਮੇਰੀ ਸ਼ਾਨ ਤਿਰੰਗਾ ਹੈ’ ਗੀਤ ਪੇਸ਼ ਕਰਦੇ ਹੋਏ ਬੱਚਿਆਂ ਨੇ ਫੈਂਸੀ ਡਰੈੱਸ ਸ਼ੋਅ ਪੇਸ਼ ਕੀਤਾ ਤੇ ਕ੍ਰਿਕਟਰ ਸਚਿਨ ਤੇਂਦੁਲਕਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਦਰ ਟੈਰੇਸਾ, ਸ਼ਹੀਦ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਮੇਤ ਦੇਸ਼ ਦੀਆਂ ਵੱਖ-ਵੱਖ ਨਾਮਵਰ ਸ਼ਖਸੀਅਤਾਂ ਦੀ ਪੁਸ਼ਾਕ ’ਚ ਸਜ ਕੇ ਸਾਰਿਆਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਬੱਚਿਆਂ ਨੇ ਆਪਣੇ ਪ੍ਰੋਗਰਾਮ ’ਚ ਜਿੱਥੇ ਪਲਾਸਟਿਕ ਮੁਕਤ ਭਾਰਤ ਦਾ ਸੰਦੇਸ਼ ਦਿੱਤਾ ਉੱਥੇ ਵੱਧ ਤੋਂ ਵੱਧ ਬੂਟੇ ਲਾਉਣ ਦਾ ਸੰਦੇਸ਼ ਵੀ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ