ਜ਼ਿਲਾ ਕੰਜ਼ਿਊਮਰ ਫੋਰਮ ਨੇ 5 ਕੇਸਾਂ ''ਚ ਈ. ਓ. ਜਤਿੰਦਰ ਸਿੰਘ ਦੇ ਕੱਢੇ 5 ਅਰੈਸਟ ਵਾਰੰਟ

Wednesday, Mar 04, 2020 - 10:21 AM (IST)

ਜ਼ਿਲਾ ਕੰਜ਼ਿਊਮਰ ਫੋਰਮ ਨੇ 5 ਕੇਸਾਂ ''ਚ ਈ. ਓ. ਜਤਿੰਦਰ ਸਿੰਘ ਦੇ ਕੱਢੇ 5 ਅਰੈਸਟ ਵਾਰੰਟ

ਜਲੰਧਰ (ਚੋਪੜਾ)— ਬੀਬੀ ਭਾਨੀ ਕੰਪਲੈਕਸ ਨਾਲ ਸਬੰਧਤ ਮਾਮਲਿਆਂ 'ਚ 5 ਅਲਾਟੀਆਂ ਨੂੰ ਹੁਕਮਾਂ ਦੇ ਬਾਵਜੂਦ 32,17,044 ਰੁਪਏ ਦਾ ਭੁਗਤਾਨ ਨਾ ਕਰਨ 'ਤੇ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਨੇ ਈ. ਓ. ਜਤਿੰਦਰ ਸਿੰਘ ਦੇ 5 ਅਰੈਸਟ ਵਾਰੰਟ ਜਾਰੀ ਕੀਤੇ ਹਨ। ਫੋਰਮ ਨੇ ਈ. ਓ. ਜਤਿੰਦਰ ਸਿੰਘ ਨੂੰ 31 ਮਾਰਚ 2020 ਤੱਕ ਗ੍ਰਿਫਤਾਰ ਕਰਨ ਨੂੰ ਕਿਹਾ ਹੈ, ਨਹੀਂ ਤਾਂ ਟਰੱਸਟ ਨੂੰ ਇਸ ਤੋਂ ਪਹਿਲਾਂ ਅਲਾਟੀਆਂ ਨੂੰ ਹੁਕਮਾਂ ਮੁਤਾਬਕ ਬਣਦੀ ਰਾਸ਼ੀ ਦੀ ਅਦਾਇਗੀ ਕਰਨੀ ਹੋਵੇਗੀ।

ਜ਼ਿਕਰਯੋਗ ਹੈ ਕਿ ਬੀਬੀ ਭਾਨੀ ਨਾਲ ਸਬੰਧਤ 5 ਅਲਾਟੀਆਂ ਨਵਤੇਜ ਸਿੰਘ ਚਾਹਲ, ਬਨਵਾਰੀ ਲਾਲ ਖੰਨਾ, ਕਮਲ ਦੇਵ, ਸੁਖਦੇਵ ਸਿੰਘ ਅਤੇ ਰਾਜਕੁਮਾਰ ਨੇ ਇਸ ਸਕੀਮ 'ਚ ਫਲੈਟ ਅਲਾਟ ਹੋਣ ਤੋਂ ਬਾਅਦ ਮੁੱਢਲੀਆਂ ਸਹੂਲਤਾਂ ਅਤੇ ਕਬਜ਼ਾ ਨਾ ਮਿਲਣ 'ਤੇ ਟਰੱਸਟ ਖਿਲਾਫ ਡਿਸਟ੍ਰਿਕਟ ਕੰਜ਼ਿਊਮਰ ਫੋਰਮ 'ਚ ਜੁਲਾਈ 2017 ਨੂੰ ਕੇਸ ਦਰਜ ਕੀਤਾ ਸੀ। ਫੋਰਮ ਨੇ ਇਸ ਕੇਸ 'ਚ ਅਲਾਟੀਆਂ ਦੇ ਪੱਖ 'ਚ ਫੈਸਲਾ ਸੁਣਾਉਂਦੇ ਹੋਏ ਟਰੱਸਟ ਨੂੰ ਅਲਾਟੀਆਂ ਵੱਲੋਂ ਜਮ੍ਹਾ ਕਰਵਾਈ ਪ੍ਰਿੰਸੀਪਲ ਅਮਾਊਂਟ ਦੇ ਨਾਲ ਬਣਦੇ ਵਿਆਜ, ਕਾਨੂੰਨੀ ਖਰਚ, ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਹਨ।

ਟਰੱਸਟ ਨੇ ਸਟੇਟ ਕਮਿਸ਼ਨ 'ਚ ਫੋਰਮ ਦੇ ਫੈਸਲੇ ਖਿਲਾਫ 22 ਅਪ੍ਰੈਲ 2019 ਨੂੰ 5 ਅਪੀਲਾਂ ਦਰਜ ਕੀਤੀਆਂ ਸਨ ਪਰ ਕਮਿਸ਼ਨ ਨੇ ਟਰੱਸਟ ਦੀਆਂ ਅਪੀਲਾਂ ਨੂੰ ਸੁਣਵਾਈ ਲਈ ਮਨਜ਼ੂਰ ਕਰਨ ਤੋਂ ਪਹਿਲਾਂ ਅਲਾਟੀਆਂ ਦੀ ਬਣਦੀ ਪ੍ਰਿੰਸੀਪਲ ਅਮਾਊਂਟ 29,30,415 ਰੁਪਏ ਸਮੇਤ 5 ਕੇਸਾਂ 'ਚ 25-25 ਹਜ਼ਾਰ ਰੁਪਏ ਕਾਨੂੰਨੀ ਖਰਚ ਨੂੰ ਪਹਿਲਾਂ ਜਮ੍ਹਾ ਕਰਵਾਇਆ, ਜਿਸ ਤੋਂ ਬਾਅਦ ਕਮਿਸ਼ਨ ਨੇ 4 ਸਤੰਬਰ 2019 ਨੂੰ ਟਰੱਸਟ ਦੀਆਂ ਸਾਰੀਆਂ ਅਪੀਲਾਂ ਨੂੰ ਡਿਸਮਿਸ ਕਰਦੇ ਹੋਏ ਹੇਠਲੀ ਅਦਾਲਤ ਦੇ ਹੁਕਮਾਂ ਅਨੁਸਾਰ ਅਲਾਟੀਆਂ ਨੂੰ ਬਾਕੀ ਭੁਗਤਾਨ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਤੋਂ ਬਾਅਦ ਅਲਾਟੀਆਂ ਨੇ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਅਤੇ ਟਰੱਸਟ ਖਿਲਾਫ ਐਕਸੀਕਿਊਸ਼ਨ ਦਰਜ ਕੀਤੀ। ਫੋਰਮ ਦੇ ਹੁਕਮਾਂ ਦੇ ਬਾਵਜੂਦ ਕੇਸ ਦੀ ਸੁਣਵਾਈ ਦੌਰਾਨ ਟਰੱਸਟ ਵੱਲੋਂ ਬਕਾਇਆ 32,170,44 ਰੁਪਏ ਜਮ੍ਹਾ ਨਾ ਕਰਵਾਉਣ 'ਤੇ ਈ. ਓ. ਜਤਿੰਦਰ ਸਿੰਘ ਦੇ 5 ਅਰੈਸਟ ਵਾਰੰਟ ਜਾਰੀ ਹੋਏ ਹਨ।

5 ਅਲਾਟੀਆਂ ਦੀ ਕਿੰਨੀ ਰਕਮ ਹੈ ਬਾਕੀ
ਕੇਸ ਨੰ. 1. ਨਵਤੇਜ ਸਿੰਘ ਚਾਹਲ, ਫਲੈਟ ਨੰ. 77- ਏ ਦੀ ਟਰੱਸਟ ਨੇ ਪ੍ਰਿੰਸੀਪਲ ਅਮਾਊਂਟ 509060 ਦਾ ਭੁਗਤਾਨ ਕਰ ਦਿੱਤਾ ਸੀ ਪਰ ਫੋਰਮ ਦੇ ਹੁਕਮਾਂ ਮੁਤਾਬਕ 695197 ਰੁਪਏ ਦਾ ਭੁਗਤਾਨ ਅਜੇ ਬਕਾਇਆ ਹੈ।
ਕੇਸ ਨੰ. 2 . ਬਨਵਾਰੀ ਲਾਲ ਖੰਨਾ, ਫਲੈਟ ਨੰ. 53-ਏ ਦਾ ਟਰੱਸਟ ਨੇ ਪ੍ਰਿੰਸੀਪਲ ਅਮਾਊਂਟ 590300 ਰੁਪਏ ਦੇ ਦਿੱਤੇ ਹਨ, ਪਰ ਖੰਨਾ ਦੇ 593139 ਰੁਪਏ ਦੀ ਅਦਾਇਗੀ ਟਰੱਸਟ ਨੇ ਅਜੇ ਅਦਾ ਕਰਨੀ ਹੈ।
ਕੇਸ ਨੰ. 3. ਕਮਲ ਦੇਵ, ਫਲੈਟ ਨੰ., 43-ਏ , ਜਿਸ ਦਾ ਟਰੱਸਟ ਨੇ 6, 69097 ਰੁਪਏ ਦਾ ਭੁਗਤਾਨ ਕਰ ਦਿੱਤਾ ਹੈ ਪਰ ਫੋਰਮ ਦੇ ਹੁਕਮਾਂ ਦੇ ਮੁਤਾਬਕ ਟਰੱਸਟ ਨੇ 664738 ਰੁਪਏ ਦਾ ਬਕਾਇਆ ਅਜੇ ਅਦਾ ਕਰਨਾ ਹੈ।
ਕੇਸ ਨੰ. 4 . ਸੁਖਦੇਵ ਸਿੰਘ, ਫਲੈਟ ਨੰ. 86-ਏ , ਜਿਸ ਨੂੰ ਸਟੇਟ ਕਮਿਸ਼ਨ ਦੇ ਹੁਕਮਾਂ ਮੁਤਾਬਕ ਟਰੱਸਟ ਨੇ 571660 ਰੁਪਏ ਦੀ ਪ੍ਰਿੰਸੀਪਲ ਅਮਾਊਂਟ ਦੇ ਦਿੱਤੀ ਸੀ ਪਰ ਬਣਦਾ ਵਿਆਜ, ਮੁਆਵਜ਼ਾ ਅਤੇ ਕਾਨੂੰਨੀ ਖਰਚ ਦਾ 670970 ਬਕਾਇਆ ਦੇਣਾ ਹੈ।
ਕੇਸ ਨੰ. 5. ਰਾਜਕੁਮਾਰ, ਫਲੈਟ ਨੰ. 5-ਏ , ਨੂੰ ਟਰੱਸਟ ਨੇ ਉਸ ਦਾ ਬਣਦੀ ਪ੍ਰਿੰਸੀਪਲ ਅਮਾਊਂਟ 5,90, 298 ਨੂੰ ਸਟੇਟ ਕਮਿਸ਼ਨ 'ਚ ਜਮ੍ਹਾ ਕਰਵਾ ਦਿੱਤਾ ਸੀ ਪਰ ਉਸ ਦੀ ਫੋਰਮ ਦੇ ਹੁਕਮਾਂ ਮੁਤਾਬਕ ਅਜੇ 593000 ਰੁਪਏ ਦੀ ਅਦਾਇਗੀ ਕਰਨੀ ਬਾਕੀ ਹੈ।

ਟਰੱਸਟ ਦੀ ਅਨੋਖੀ ਧੋਖਾਦੇਹੀ, ਜਿਸ ਟਾਵਰ 'ਚ ਰਾਜਕੁਮਾਰ ਨੂੰ ਫਲੈਟ ਅਲਾਟ ਕੀਤਾ, ਉਹ ਅੱਜ ਤੱਕ ਬਣਿਆ ਹੀ ਨਹੀਂ
ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਦੇ ਕਾਲੇ ਕਾਰਨਾਮੇ ਇਸ ਕਦਰ ਟਰੱਸਟ ਦੀ ਸਾਖ ਖਰਾਬ ਕਰ ਰਹੇ ਹਨ ਕਿ ਟਰੱਸਟ ਨੇ ਬੀਬੀ ਭਾਨੀ ਸਕੀਮ 'ਚ ਉਸ ਟਾਵਰ ਨੂੰ ਵੀ ਜਨਤਾ ਨੂੰ ਵੇਚ ਦਿੱਤਾ, ਜੋ ਸਿਰਫ ਕਾਗਜ਼ਾਂ 'ਚ ਖੜ੍ਹਾ ਕੀਤਾ ਗਿਆ ਸੀ। ਅਲਾਟੀ ਰਾਜਕੁਮਾਰ ਦੇ ਮਾਮਲੇ 'ਚ ਵੀ ਅਜਿਹਾ ਹੀ ਕੁਝ ਹੋਇਆ। ਉਸ ਨੂੰ ਜੋ ਫਲੈਟ ਅਲਾਟ ਕੀਤਾ ਗਿਆ ਸੀ, ਉਹ ਸਿਰਫ ਕਾਗਜ਼ਾਂ ਅਤੇ ਹਵਾ 'ਚ ਖੜ੍ਹਾ ਸੀ । ਟਰੱਸਟ ਨੇ ਸਾਲਾਂ ਪਹਿਲਾਂ ਇਸ ਹਵਾ ਹਵਾਈ ਫਲੈਟ ਦੀਆਂ ਅਲਾਟਮੈਂਟ ਵੀ ਰਾਜਕੁਮਾਰ ਨੂੰ ਕਰ ਕੇ ਉਸ ਤੋਂ ਪੂਰੀ ਰਕਮ ਵਸੂਲ ਕਰ ਲਈ ਸੀ ਪਰ ਹੁਣ ਫੋਰਮ ਦੇ ਹੁਕਮਾਂ ਦੇ ਬਾਵਜੂਦ ਅਲਾਟੀ ਨੂੰ ਭੁਗਤਾਨ ਨਹੀਂ ਕੀਤਾ ਹੈ।

ਟਰੱਸਟ ਨੇ ਜੇਕਰ 72 ਲੱਖ ਰੁਪਏ ਜਮ੍ਹਾ ਨਾ ਕਰਵਾਏ ਤਾਂ ਅੱਜ 6 ਹੋਰ ਅਪੀਲਾਂ ਹੋ ਸਕਦੀਆਂ ਹਨ ਡਿਸਮਿਸ
ਬੀਬੀ ਭਾਨੀ ਕੰਪਲੈਕਸ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਕਿਹਾ ਕਿ ਸਟੇਟ ਕਮਿਸ਼ਨ 'ਚ ਸਕੀਮ ਨਾਲ ਸਬੰਧਤ 6 ਹੋਰ ਮਾਮਲਿਆਂ ਦੀ ਚਾਰ ਮਾਰਚ ਨੂੰ ਸੁਣਵਾਈ ਹੈ, ਜਿਸ 'ਚ ਟਰੱਸਟ ਨੇ ਕਮਿਸ਼ਨ 'ਚ 72 ਲੱਖ ਰੁਪਇਆ ਜਮ੍ਹਾ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਟਰੱਸਟ ਨੇ ਬਣਦੀ ਰਕਮ ਕਮਿਸ਼ਨ 'ਚ ਜਮ੍ਹਾ ਨਾ ਕਰਵਾਈ ਤਾਂ ਉਕਤ ਸਾਰੀਆਂ ਅਪੀਲਾਂ ਵੀ ਡਿਸਮਿਸ ਹੋ ਸਕਦੀਆਂ ਹਨ।


author

shivani attri

Content Editor

Related News