ਸੂਰਿਆ ਐਨਕਲੇਵ ਵੈੱਲਫੇਅਰ ਸੋਸਾਇਟੀ ਨੇ ਵਿਧਾਇਕ ਬੇਰੀ ਸਮੇਤ ਜਾਖੜ ਨਾਲ ਕੀਤੀ ਮੁਲਾਕਾਤ
Wednesday, Feb 26, 2020 - 05:01 PM (IST)
ਜਲੰਧਰ (ਚੋਪੜਾ)–ਜਲੰਧਰ ਇੰਪਰੂਵਮੈਂਟ ਟਰੱਸਟ ਦੀ ਧੱਕੇਸ਼ਾਹੀ ਖਿਲਾਫ ਅੱਜ ਸੂਰਿਆ ਐਨਕਲੇਵ ਸੋਸਾਇਟੀ ਦੇ ਅਹੁਦੇਦਾਰਾਂ ਨੇ ਵਿਧਾਇਕ ਰਾਜਿੰਦਰ ਬੇਰੀ ਨੂੰ ਨਾਲ ਲਿਜਾ ਕੇ ਚੰਡੀਗੜ੍ਹ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਸੋਸਾਇਟੀ ਦੇ ਪ੍ਰਧਾਨ ਓਮ ਦੱਤ ਸ਼ਰਮਾ, ਸੰਯੋਜਕ ਰੋਸ਼ਨ ਲਾਲ ਸ਼ਰਮਾ, ਜਨਰਲ ਸਕੱਤਰ ਰਾਜੀਵ ਧਮੀਜਾ ਅਤੇ ਸੋਸਾਇਟੀ ਮੈਂਬਰ ਹਰਜੀਤ ਸਿੰਘ ਢਿੱਲੋਂ ਨੇ ਜਾਖੜ ਦੇ ਸਾਹਮਣੇ ਲੈਂਡ ਇਨਹਾਸਮੈਂਟ ਦੀ ਸਮੱਸਿਆ ਹੱਲ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਪਿਛਲੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ’ਚ ਲੋਕਾਂ ਦੇ ਨਾਲ ਇਨਹਾਸਮੈਂਟ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਟਰੱਸਟ ਲੋਕਾਂ ਨਾਲ ਇਨਹਾਸਮੈਂਟ ਦੀ ਵਸੂਲੀ ਨੂੰ ਲੈ ਕੇ ਬਜ਼ਿੱਦ ਹੈ। ਕਾਂਗਰਸ ਭਵਨ ’ਚ ਇਸ ਮੀਟਿੰਗ ਦੌਰਾਨ ਸੋਸਾਇਟੀ ਮੈਂਬਰਾਂ ਨੇ ਜਾਖੜ ਨੂੰ ਮੰਗ-ਪੱਤਰ ਵੀ ਸੌਂਪਿਆ।
ਸੋਸਾਇਟੀ ਨੇ ਉਥੇ ਸੂਰਿਆ ਐਨਕਲੇਵ ਦੇ ਐਂਟਰੀ ਗੇਟ ਦੇ ਸਮਾਰਟ ਪਾਰਕ ਦਾ ਮੁੱਦਾ ਵੀ ਰੱਖਿਆ ਹੈ। ਸੋਸਾਇਟੀ ਦੇ ਜਨਰਲ ਸਕੱਤਰ ਰਾਜੀਵ ਧਮੀਜਾ ਨੇ ਜਾਖੜ ਨੂੰ ਦੱਸਿਆ ਕਿ ਇਨ੍ਹਾਂ ਕਿਸਾਨਾਂ ਨਾਲ ਜ਼ਮੀਨ ਨੂੰ ਲੈ ਕੇ ਸੂਰਿਆ ਐਨਕਲੇਵ ਸਕੀਮ ਕੱਟੀ ਗਈ ਸੀ ਪਰ ਹੁਣ ਵਾਧੂ ਜ਼ਮੀਨ ਅਕਵਾਇਰ ਰਾਸ਼ੀ ਦੇਣ ਦੇ ਨਾਂ ’ਤੇ ਪਲਾਟ ਹੋਲਡਰਾਂ ਤੋਂ ਪੈਸੇ ਮੰਗੇ ਜਾ ਰਹੇ ਹਨ। ਇਸ ਜ਼ਮੀਨ ਦੀ ਕੀਮਤ ਜਿਥੇ ਬਾਸ਼ਿੰਦੇ ਪਹਿਲਾਂ ਹੀ ਟਰੱਸਟ ਨੂੰ ਔਸਤ 75 ਹਜ਼ਾਰ ਖਰੀਦ ਮੁੱਲ ਪ੍ਰਤੀ ਮਰਲਾ ਦੀ ਦਰ ਨਾਲ ਅਦਾ ਕਰ ਚੁੱਕੇ ਹਨ। ਜਦੋਂਕਿ ਇੰਪਰੂਵਮੈਂਟ ਟਰੱਸਟ ਨੇ ਇਹ ਜ਼ਮੀਨ 12,500 ਰੁਪਏ ਪ੍ਰਤੀ ਮਰਲੇ ਦੀ ਦਰ ਨਾਲ ਕਿਸਾਨਾਂ ਤੋਂ ਖਰੀਦੀ ਸੀ, ਜਿਸ ਕਾਰਣ ਕਿਸਾਨਾਂ ਨੇ ਟਰੱਸਟ ਖਿਲਾਫ ਕੋਰਟ ਵਿਚ ਜ਼ਮੀਨ ਦਾ ਮੁੱਲ ਘੱਟ ਮਿਲਣ ਦੇ ਕਾਰਣ ਕੇਸ ਕੀਤਾ ਸੀ, ਜੋ ਕਿ ਸੁਪਰੀਮ ਕੋਰਟ ’ਚ ਵੀ ਹਾਰ ਚੁੱਕੀ ਹੈ। ਧਮੀਜਾ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਨੂੰ ਫਾਲਤੂ ਪੈਸੇ ਦੇਣੇ ਹਨ ਤਾਂ ਟਰੱਸਟ ਆਪਣੀ ਜੇਬ ’ਚੋਂ ਦੇਵੇ ਕਿਉਂਕਿ ਟਰੱਸਟ ਨੇ ਪਹਿਲਾਂ ਹੀ ਅਲਾਟੀਆਂ ਨੂੰ ਇਸ ਜ਼ਮੀਨ ਨੂੰ ਮਹਿੰਗੇ ਭਾਅ ਵੇਚ ਕੇ ਅਰਬਾਂ ਦੀ ਕਮਾਈ ਕੀਤੀ ਹੈ।
ਧਮੀਜਾ ਨੇ ਦੱਸਿਆ ਕਿ ਇਸ ਜ਼ਮੀਨ ’ਤੇ ਪਲਾਟ, ਦੁਕਾਨਾਂ, ਸੰਸਥਾਗਤ ਪਲਾਟ ਆਦਿ ਵੇਚ ਕੇ ਜਲੰਧਰ ਇੰਪਰੂਵਮੈਂਟ ਟਰੱਸਟ ਨੇ ਕਰੋੜਾਂ ਰੁਪਏ ਕਮਾਏ ਸਨ। ਟਰੱਸਟ ਨੇ 16 ਕਰੋੜ ਰੁਪਏ ਸਿਰਫ ਪ੍ਰਾਈਵੇਟ ਬਿਲਡਰ ਨੀਤੀਸ਼੍ਰੀ ਨੂੰ ਪਲਾਟ ਦਾ ਛੋਟਾ ਜਿਹਾ ਹਿੱਸਾ ਵੇਚ ਕੇ ਕਮਾਏ ਸਨ। ਇਸ ’ਤੇ ਸੁਨੀਲ ਜਾਖੜ ਨੇ ਕਿਹਾ ਕਿ ਇਸ ਮੁੱਦੇ ਨੂੰ ਪੰਜਾਬ ਸਰਕਾਰ ਦੇ ਸਾਹਮਣੇ ਰੱਖਾਂਗੇ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਅਤੇ ਇਲਾਕਾ ਵਿਧਾਇਕ ਰਾਜਿੰਦਰ ਬੇਰੀ ਅਤੇ ਸੋਸਾਇਟੀ ਮੈਂਬਰਾਂ ਨਾਲ ਇਕ ਮੀਟਿੰਗ ਫਿਕਸ ਕਰ ਕੇ ਇਸ ਸਮੱਸਿਆ ਦਾ ਹੱਲ ਜ਼ਰੂਰ ਕਰਨਗੇ।