ਭਗਤ ਸਿੰਘ ਕਾਲੋਨੀ ਨੇੜੇ ਅਣ-ਅਧਿਕਾਰਤ ਖੋਖੇ ਹਟਾਉਣ ਪਹੁੰਚੀ ਨਿਗਮ ਟੀਮ ਦਾ ਵਿਰੋਧ, ਚੱਲੇ ਇੱਟਾਂ-ਪੱਥਰ

Friday, Nov 06, 2026 - 11:50 AM (IST)

ਭਗਤ ਸਿੰਘ ਕਾਲੋਨੀ ਨੇੜੇ ਅਣ-ਅਧਿਕਾਰਤ ਖੋਖੇ ਹਟਾਉਣ ਪਹੁੰਚੀ ਨਿਗਮ ਟੀਮ ਦਾ ਵਿਰੋਧ, ਚੱਲੇ ਇੱਟਾਂ-ਪੱਥਰ

ਜਲੰਧਰ (ਖੁਰਾਣਾ)-ਭਗਤ ਸਿੰਘ ਕਾਲੋਨੀ ਦੇ ਬਿਲਕੁਲ ਨਜ਼ਦੀਕ ਝੁੱਗੀ ਵਾਲਿਆਂ ਦੇ ਅਣ-ਅਧਿਕਾਰਤ ਕਬਜ਼ੇ ਹਟਾਉਣ ਪਹੁੰਚੀ ਨਗਰ ਨਿਗਮ ਦੀ ਟੀਮ ਨੂੰ ਵੀਰਵਾਰ ਸਥਾਨਕ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜੇ. ਸੀ. ਬੀ. ਨਾਲ ਖੋਖੇ ਹਟਾਉਣ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਮਾਮਲਾ ਵਿਗੜ ਗਿਆ ਅਤੇ ਦੋਵਾਂ ਧਿਰਾਂ ਵਿਚਾਲੇ ਇੱਟਾਂ-ਪੱਥਰ ਚੱਲਣ ਲੱਗੇ। ਵੇਖਦੇ ਹੀ ਵੇਖਦੇ ਮੌਕੇ ’ਤੇ ਹੰਗਾਮਾ ਅਤੇ ਹੱਥੋਪਾਈ ਸ਼ੁਰੂ ਹੋ ਗਈ। ਇਸ ਦੌਰਾਨ ਕੁਝ ਲੋਕਾਂ ਨੇ ਇਕ ਪ੍ਰਵਾਸੀ ਵਿਅਕਤੀ ਨੂੰ ਫੜ ਕੇ ਉਸ ਦੀ ਕੁੱਟਮਾਰ ਕਰ ਦਿੱਤੀ। ਘਟਨਾ ਤੋਂ ਬਾਅਦ ਇਲਾਕੇ ’ਚ ਤਣਾਅ ਦਾ ਮਾਹੌਲ ਬਣ ਗਿਆ।

ਹਾਲਾਤ ਵਿਗੜਦੇ ਵੇਖ ਥਾਣਾ ਨੰਬਰ-1 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਨੂੰ ਸੰਭਾਲਿਆ। ਪੁਲਸ ਨੇ ਇਕ ਔਰਤ ਸਮੇਤ 2 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਇਨ੍ਹਾਂ ਵਿਚ ਖੋਖੇ ਦਾ ਮਾਲਕ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਵਿਰੋਧ ਅਤੇ ਪਥਰਾਅ ਦੇ ਬਾਵਜੂਦ ਨਗਰ ਨਿਗਮ ਦੀ ਟੀਮ ਨੇ ਆਪਣੀ ਕਾਰਵਾਈ ਜਾਰੀ ਰੱਖੀ ਅਤੇ ਜੇ. ਸੀ. ਬੀ. ਦੀ ਮਦਦ ਨਾਲ ਮੌਕੇ ’ਤੇ ਬਣੇ ਦੋਵੇਂ ਅਣ-ਅਧਿਕਾਰਤ ਖੋਖੇ ਹਟਵਾ ਦਿੱਤੇ।

PunjabKesari

ਇਹ ਵੀ ਪੜ੍ਹੋ: Divit Auluck ਨੂੰ ਯਾਦ ਕਰ ਭਾਵੁਕ ਹੋਏ ਗਾਇਕ ਪ੍ਰੀਤ ਹਰਪਾਲ, ਕਿਹਾ-"ਜਵਾਨ ਪੁੱਤ ਨੂੰ ਤੋਰਨ ਤੋਂ ਵੱਡਾ ਕੋਈ ਦੁੱਖ਼ ਨਹੀਂ

ਘਟਨਾ ਦੌਰਾਨ ਹੋਈ ਕੁੱਟਮਾਰ ਅਤੇ ਪੱਥਰਬਾਜ਼ੀ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਵੀਡੀਓ ਵਿਚ ਕੁਝ ਲੋਕ ਇਕ ਵਿਅਕਤੀ ਨੂੰ ਫੜ ਕੇ ਉਸ ਦੀ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ, ਜਦਕਿ ਇਕ ਔਰਤ ਵੀ ਪੱਥਰ ਸੁੱਟਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ, ਕੁਝ ਹੋਰ ਲੋਕ ਵੀ ਜਵਾਬ ਵਿਚ ਪਥਰਾਅ ਕਰਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਵੀਡੀਓਜ਼ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿਚ ਹੋਈ ਝੜਪ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਾਰਵਾਈ ਦਾ ਵਿਰੋਧ ਕਰ ਰਹੇ ਸਥਾਨਕ ਲੋਕਾਂ ਨੇ ਨਗਰ ਨਿਗਮ ਦੀ ਟੀਮ ’ਤੇ ਬਿਨਾਂ ਕੋਈ ਅਗਾਊਂ ਨੋਟਿਸ ਦਿੱਤੇ ਖੋਖੇ ਹਟਾਉਣ ਲਈ ਪਹੁੰਚਣ ਦਾ ਦੋਸ਼ ਲਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਨਿਗਮ ਨੂੰ ਅਜਿਹੀ ਕਾਰਵਾਈ ਕਰਨ ਤੋਂ ਪਹਿਲਾਂ ਸਬੰਧਤ ਲੋਕਾਂ ਨੂੰ ਨੋਟਿਸ ਦੇਣਾ ਚਾਹੀਦਾ ਸੀ। ਉੱਥੇ ਹੀ, ਦੂਜੇ ਪਾਸੇ ਇਲਾਕੇ ਵਿਚ ਅਣ-ਅਧਿਕਾਰਤ ਕਬਜ਼ਿਆਂ ਨੂੰ ਲੈ ਕੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਨਿਗਮ ਟੀਮ ਦੇ ਮੌਕੇ ’ਤੇ ਪਹੁੰਚਣ ਦੀ ਗੱਲ ਕਹੀ ਜਾ ਰਹੀ ਹੈ।

PunjabKesari

ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਮੰਦਭਾਗੀ ਖ਼ਬਰ! ਫਗਵਾੜਾ ਦੀ ਡਾਕਟਰ ਦੀ ਇੰਗਲੈਂਡ 'ਚ ਘਰ ਨੂੰ ਅੱਗ ਲੱਗਣ ਕਾਰਨ ਮੌਤ

ਪੁਲਸ ਦਾ ਕਹਿਣਾ ਹੈ ਕਿ ਮਾਮਲੇ ਵਿਚ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਜਾਂਚ ਤੋਂ ਬਾਅਦ ਤੱਥਾਂ ਦੇ ਆਧਾਰ ’ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਨਿਗਮ ਟੀਮ ਨੇ ਦੱਸਿਆ ਕਿ ਇਨ੍ਹਾਂ ਝੁੱਗੀਆਂ ਤੋਂ ਕਾਲੋਨੀ ਨਿਵਾਸੀ ਪ੍ਰੇਸ਼ਾਨ ਸਨ ਅਤੇ ਉੱਥੇ ਕਈ ਅਨੈਤਿਕ ਕੰਮ ਹੋ ਰਹੇ ਸਨ। ਬਿਜਲੀ ਚੋਰੀ ਦੇ ਮਾਮਲੇ ਵੀ ਉੱਥੇ ਸਾਹਮਣੇ ਆਏ ਸਨ। ਨਿਗਮ ਟੀਮ ਨੇ ਕੁਝ ਦਿਨ ਪਹਿਲਾਂ ਉੱਥੇ ਕਬਜ਼ੇ ਹਟਾਉਣ ਲਈ ਮੁਨਾਦੀ ਵੀ ਕਰਵਾਈ ਸੀ, ਪਰ ਫਿਰ ਵੀ ਕਿਸੇ ਨੇ ਖੋਖੇ ਜਾਂ ਝੁੱਗੀ ਨੂੰ ਨਹੀਂ ਹਟਾਇਆ। ਕਾਰਵਾਈ ਨੂੰ ਲੈ ਕੇ ਕਾਫ਼ੀ ਦੇਰ ਮਾਹੌਲ ਤਣਾਅਪੂਰਨ ਬਣਿਆ ਰਿਹਾ ਅਤੇ ਕਾਲੋਨੀ ਨਿਵਾਸੀਆਂ ਨੇ ਰਸਤਾ ਬੰਦ ਕਰ ਕੇ ਵਿਰੋਧ ਪ੍ਰਦਰਸ਼ਨ ਵੀ ਕੀਤਾ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! ਤੇਜ਼ ਹਵਾਵਾਂ ਨਾਲ ਵਧੇਗੀ ਠੰਡ, ਇਸ ਤਾਰੀਖ਼ ਤੋਂ ਪੈ ਸਕਦੇ ਮੀਂਹ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News